ਖੇਤੀ ਬਾੜੀ ਦਾ ਕੰਮ ਸ਼ੁਰੂ ਤੋਂ ਹੀ ਪੂਰੇ ਪਰਿਵਾਰ ਦਾ ਕੰਮ ਸਮਝਿਆ ਜਾਂਦਾ ਰਿਹੈ। ਕਿਸਾਨ ਖੁਦ ਜੇ ਖੇਤ ਵਿਚ ਫਸਲ ਬੀਜਣ ਲਈ ਪੈਲੀ ਤਿਆਰ ਕਰਦਾ ਹੈ ਤਾਂ ਸੰਭਾਲੇ ਹੋਏ ਬੀਜ ਨੂੰ ਸੰਵਾਰ ਕੇ ਬੀਜਣਯੋਗ ਬਨਾਓਣ ਦਾ ਕੰਮ ਪਰਿਵਾਰ ਦੀਆਂ ਔਰਤਾਂ ਕਰਦੀਆਂ ਹਨ। ਇਵੇਂ ਦੁਧਾਰੂ ਪਸ਼ੂਆਂ ਨੂੰ ਖਲ -ਵੜੇਵਿਆਂ ਦੀ ਸੰਨੀ ਰਲਾਓਣ ਅਤੇ ਦੁਧ ਚੋਣ ,ਸਾਂਭਣ ਤਕ ਦਾ ਕੰਮ ਸਾਰੇ ਕਿਸਾਨ ਘਰਾਂ ਵਿਚ ਔਰਤਾਂ ਕਰਦੀਆਂ ਰਹੀਆਂ ਹਨ। ਖੇਤੀ ਕੰਮਾਂ ਵਿਚ ਇਕ ਐਕਟਿਵ ਸਹਿਯੋਗੀ ਦੀ ਭੂਮਿਕਾ ਨਿਭਾਓਂਦੀਆਂ, ਬਚਿਆਂ ਨੂੰ ਸੰਭਾਲਣ ,ਸਕੂਲ ਤੋਰਣ ਅਤੇ ਆਏ -ਗਏ ਮਹਿਮਾਨਾਂ ਦੀ ਸੇਵਾ ਸੰਭਾਲ ਦਾ ਜੁੰਮਾ ਵੀ ਇੰਨਾਂ ਦਾ ਰਿਹਾ ਹੈ। ਹਾਲਾਂ ਖੇਤੀ ਖਰਚ /ਆਮਦਨ ਵਿਚ ਇੰਨਾਂ ਦੀਆਂ ਉਜਰਤਾਂ ਨੂੰ ਕਦੇ ਵੀ ਸ਼ਾਮਲ ਨਹੀਂ ਕੀਤਾ ਜਾਂਦਾ । ਉਪਰੋਂ ਵੇਖਣ ਨੂੰ ਖੇਤੀ ਮਰਦ ਕਿਸਾਨਾਂ ਦਾ ਧੰਦਾ ਸਮਝਿਆ ਜਾਂਦਾ ਹੈ ਪਰ ਵਾਸਤਿਵ ਵਿਚ ਖੇਤੀ ਬਾੜੀ  ਵਿਚ ਔਰਤਾਂ ਦਾ ਯੋਗਦਾਨ ਮਰਦਾਂ ਤੋ ਵੀ ਵਧ ਰਿਹਾ।

ਪਿਛਲੇ ਪੰਜ ਦਹਾਕਿਆਂ ਵਿਚ ਹਰੀ ਕਰਾਂਤੀ ਦੀ ਕਾਮਯਾਬੀ ਦੀ ਲਿਸ਼ਕੋਰ ਛੁਪਦੇ ਸੂਰਜ ਵਰਗੀ ਸਾਬਤ ਹੋਈ। ਛੋਟੀਆਂ ਜੋਤਾਂ ਅਤੇ ਵਧਦੀ ਲਾਗਤ ਨੇ ਕਿਸਾਨ ਦੇ ਪਲੇ ਪੈਣ ਜੋਗਾ ਕੁਝ ਛਡਿਆ ਈ ਨੀ। ਦਿਹਾਤ ਵਿਚ ਸਿਖਿਆ ਅਤੇ ਸਿਹਤ ਸਹੂਲਤ  ਤੋਂ ਵਾਝੇ ਕਿਸਾਨਾਂ ਦੇ ਬਚਿਆਂ ਨੂੰ ਮੁਖ ਤੌਰ ਤੇ  ਫੋਜ ਦੇ ਸਿਪਾਹੀ ਜਾਂ ਦੂਜੇ ਤੀਜੇ ਦਰਜੇ ਦੀਆਂ ਨੌਕਰੀਆਂ ਦੇ ਕਾਬਲ ਹੀ ਬਣਾਇਆ। ਪੰਜਾਬੀਆਂ ਨੇ ਦੂਸਰੇ ਸੂਬਿਆਂ ਚ ਜਾ ਕੇ ਟਰਕ ਵਗੈਰਾ ਚਲਾ ਕੇ ਵੀ ਵੇਖ ਲਏ। ਬਸ, ਇਥੇ ਕੁਝ ਸੰਵਰਦਾ ਨਾ ਵੇਖ ਹੁਣ ਕਈ ਦਹਾਕਿਆਂ ਤੋਂ ਵਿਦੇਸ਼ ਵਸਣ ਲਈ ਵਹੀਰਾਂ ਘਤ ਦਿਤੀਆਂ।                     

 ਖੇਤੀ ਕਨੂੰਨਾਂ ਵਿਰੁੱਧ ਚਲ ਰਹੇ ਅੰਦੋਲਨ  ਵਿਚ ਔਰਤਾਂ ਦੀ ਸ਼ਮੂਲੀਅਤ ਜ਼ਿਕਰਯੋਗ ਹੈ। ਪੰਜਾਬ ਦੀ ਭਵਿਖ ਦੀ ਰਾਜਨੀਤੀ ਵਿਚ ਇੰਨਾਂ ਔਰਤ ਕਿਸਾਨਾਂ ਦੀ ਖਾਸ ਭੂਮਿਕਾ ਰਹੇਗੀ।ਦਿਲੀ ਦੇ ਬਾਰਡਰ ਤੇ ਸਖਤ ਮੌਸਮਾਂ ਵਿਚ  ਕਿਸਾਨ ਔਰਤਾਂ ਨੇ ਮਰਦ ਅੰਦੋਲਨਕਾਰੀਆਂ ਦਾ ਪੂਰਾ ਸਾਥ ਦਿਤਾ। ਕਿਸਾਨ ਜਥੇਬੰਦੀਆਂ ਦੇ ਸਗੰਠਨ ਕਾਰਜਾਂ ਵਿਚ ਵੀ ਇੰਨਾਂ ਵਧ ਚੜ ਕੇ ਹਿਸਾ ਲਿਆ।         

ਕਿਸਾਨ ਔਰਤਾਂ ਅਤੇ ਪੇੰਡੂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਕੁਝ ਦਿਨ ਪਹਿਲਾਂ ਪਿੰਡ ਦੀ ਵਿਕਾਸ ਕੌਂਸਿਲ ਅਤੇ ਸੁਖਬੀਰ ਮੈਮੋਰੀਅਲ ਟਰਸਟ ਵਲੋਂ  ਟ੍ਰਾਈਡੈਂਟ ਫਾਊਂਡੇਸ਼ਨ ਨਾਲ ਮਿਲ ਕੇ ਔਰਤ ਸ਼ਕਤੀਕਰਨ ਲਈ ਬਾਲ ਭਵਨ ਦੇ ਕਾਨਫਰੰਸ ਰੂਮ ਵਿਚ ਖਾਸ ਕੈਂਪ ਲਗਾਇਆ ਗਿਆ।  ਲੜਕੀਆਂ ਦੀ ਮੰਗ ਅਨੁਸਾਰ ਸਿਲਾਈ, ਕਢਾਈ ਅਤੇ ਫੈਸ਼ਨ ਡਿਜ਼ਾਈਨਿੰਗ ਦਾ ਛੇ ਮਹੀਨੇ ਦਾ ਕੋਰਸ 14 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਟਰਸਟ ਵਲੋਂ 25 ਕੁੜੀਆਂ ਦੇ ਪਹਿਲੇ ਬੈਚ ਲਈ ਸਿਲਾਈ ਮਸ਼ੀਨਾਂ ਦਾ ਇੰਤਜਾਂਮ ਕੀਤਾ ਗਿਆ। ਹੋਰ ਖੁਸ਼ੀ ਦੀ ਗਲ ਹੋਈ ਜਦ ਟ੍ਰਾਈਡੈਂਟ ਫਾਊਂਡੇਸ਼ਨ ਵਲੋਂ ਜਲਵਾਣਾ ਪਿੰਡ ਦੇ ਇਸ ਬਾਲ ਭਵਨ ਕਾਨਫਰੰਸ ਰੂਮ ਨੂੰ ਕਲਸਟਰ ਸੈਂਟਰ ਬਣਾ ਕੇ ਇਲਾਕੇ ਦੀਆਂ ਕੁੜੀਆਂ ਲਈ ਟ੍ਰੇਨਿੰਗ ਦਾ ਸਥਾਈ ਪ੍ਰੋਗਰਾਮ ਉਲੀਕ ਦਿਤਾ ਗਿਆ।             

ਕਿਰਤੀ -ਕਿਸਾਨ ਪਰਿਵਾਰਾਂ ਵਿਚ ਜੇਕਰ ਔਰਤਾਂ ਆਤਮ ਨਿਰਭਰ ਹੋ ਕੇ ਉਦਮੀਂ ਵਜੋਂ ਕੰਮ ਕਰਨਗੀਆਂ ਤਾਂ ਨਾ ਕੇਵਲ ਪਰਿਵਾਰਾਂ ਦੀ ਆਮਦਨ ਵਧੇਗੀ ਸਗੋਂ ਭਵਿਖ ਦੀਆਂ ਪੀੜੀਆਂ ਵੀ ਕਿਰਤ ਮੁਖੀ ਹੋ ਕੇ ਚੰਗਾ ਜੀਵਨ ਜਿਓਣ ਦੇ ਸਮਰਥ ਹੋ ਸਕਣਗੀਆਂ।

 

ਜੀ ਕੇ ਸਿੰਘ