ਰਾਜਨੀਤੀ -ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਲ 6 ਅਗਸਤ 2021 ਨੂੰ ਜੰਤਰ -ਮੰਤਰ ਸਥਾਨ ਤੇ ਨਵੀਂ ਦਿਲੀ ਕਿਸਾਨ ਸੰਸਦ ਵਿਚ ਸ਼ਾਮਲ ਹੋ ਕੇ ਮੈਨੂੰ ਏਥਨਜ਼ ਦੇ ਪੁਰਾਤਨ ਸਮਿਆਂ ਦੇ ਲੋਕਰਾਜ ਦਾ ਨਕਸ਼ਾ ਚੇਤੇ ਆ ਗਿਆ। ਛੇਵੀ ਸਦੀ BC ਵਿਚ ,ਯੂਨਾਨ ਦੇ Athens ਅਤੇ Attica ਸਿਟੀ ਸਟੇਟ ਵਿਚ ਲੋਕ ਕਾਨੂੰਨ ਬਨਾਓਣ ਦੀ ਪ੍ਰਕਿਰਿਆ ਵਿਚ ਆਪ ਸ਼ਾਮਲ ਹੁੰਦੇ ਸਨ। ਓਸ ਸਮੇਂ Pericles ਨਾਂ ਦਾ ਲੋਕ- ਆਗੂ ਮੋਹਰੀ ਸੀ। ਇਹ ਸਿਸਟਮ Meccidonia ਰਾਜੇ, ਫਿਲਿਪ,ਸਿਕੰਦਰ ਹੁਰਾਂ ਦੇ ਸਾਮਰਾਜ ਬਨਣ ਤਕ ਚਲਦਾ ਰਿਹਾ।
ਕਿਸਾਨ ਅੰਦੋਲਨ ਆਗੂਆਂ ਵਲੋਂ ਪੰਜਾਬ ਦੇ ਸੇਵਾ ਮੁਕਤ ਅਧਿਕਾਰੀਆਂ(ਸਿਵਲ,ਪੁਲਿਸ,ਮਿਲਟਰੀ) ਦੇ ਇਕ ਗਰੁਪ ਨੂੰ ਸੰਸਦ ਵਿਚ ਗੈਸਟ ਸਪੀਕਰ ਦੇ ਰੂਪ ਵਿਚ ਸ਼ਾਮਲ ਹੋਣ ਦਾ ਸਦਾ ਦਿੱਤਾ ਗਿਆ ਸੀ। ਸਿੰਘੂ ਬਾਰਡਰ ਤੋਂ ਬਸਾਂ ਰਾਹੀ ਕਿਸਾਨਾਂ ਦੇ ਨਾਲ ,ਪੂਰੀ ਸੁਰੱਖਿਆ ਅਧੀਨ ਜੰਤਰ ਮੰਤਰ ਤਕ ਲਿਜਾਇਆ ਗਿਆ। ਰਾਜਧਾਨੀ ਦੇ ਸੜਕ ਰੂਟ ਤੇ ਪੂਰੀ ਮੁਸ਼ਤੈਦੀ ਅਤੇ ਸੁਰੱਖਿਆ ਕਰਮਚਾਰੀ ਖੜਾਏ ਗਏ ਸਨ। ਸਾਡੇ ਲੋਕਤੰਤਰ ਦੇ ਇਤਿਹਾਸ ਵਿਚ ਇਸ ਕਿਸਮ ਦਾ ਸੰਸਦ ਇਜਲਾਸ ਪਹਿਲੀ ਵਾਰ ਹੋਇਆ ਹੈ।
ਸਾਡੇ ਲਈ ਸਪੀਕਰ ਦੇ ਖਬੇ ਪਾਸੇ ਵਿਸੇਸ਼ ਕੁਰਸੀਆਂ ਲਾਈਆਂ ਗਈਆਂ ਸਨ। ਸਾਹਮਣੇ ਵਡੀ ਗਿਣਤੀ ਵਿਚ ਕਿਸਾਨ ਸਾਂਸਦ ਬੈਠੇ ਸਨ। ਸਜੇ ਮੀਡੀਆ ਲਈ ਗੈਲਰੀ ਬਣਾਈ ਗਈ ਸੀ। ਇਕ ਵਿਜ਼ਟਰਜ਼ ਗੈਲਰੀ ਖੱਬੇ ਪਿਛੇ ਬਣਾਈ ਗਈ ਸੀ। ਜਿਓਂ ਹੀ ਸਪੀਕਰ( ਤਾਮਿਲਨਾਡੂ ਕਿਸਾਨ ਭਰਾ) ਨੇ ਕਾਰਵਾਈ ਦੀ ਆਗਿਆ ਦਿਤੀ,ਯੋਗੇਂਦਰ ਯਾਦਵ ਨੇ ਸਾਰੇ ਕਿਸਾਨ ਸਾਂਸਦਾਂ ਅਤੇ ਗੈਸਟ ਸਪੀਕਰਾਂ ਨੂੰ ਵੈਲਕਮ ਕਿਹਾ। ਸਾਡੇ ਗਰੁਪ ਕਨਵੀਨਰ ਕੁਲਬੀਰ ਸਿੰਘ ਸਿਧੂ ਨੇ ਸਾਰੇ ਅਧਿਕਾਰੀਆਂ ਦਾ ਤੁਆਰਫ ਕਰਾਇਆ ਅਤੇ ਸੰਸਦ ਵਿਚ ਸ਼ਾਮਲ ਹੋਣ ਦੀ ਭਾਵਨਾਂ ਦਾ ਜਿਕਰ ਕੀਤਾ। ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਵਲੋਂ ਕਿਸਾਨ ਹਿਤਾਂ ਦੇ ਵਿਰੁੱਧ ਹੁਣੇ ਬਣਾਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਅੰਦੋਲਨ ਦੀ ਸਮੀਖਿਆ ਕਰਦਿਆਂ ਸਰਕਾਰ ਵਿਰੁੱਧ ਅਵਿਸਵਾਸ ਦਾ ਮਤਾ ਪੇਸ਼ ਕੀਤਾ। ਡਾ ਦਰਸ਼ਨਪਾਲ ਵਲੋਂ ਮਤੇ ਦੀ ਤਾਈਦ ਕੀਤੀ ਅਤੇ ਯੋਗੇਂਦਰ ਯਾਦਵ ਵਲੋਂ ਸਤ ਨੁਕਤਿਆਂ ਨਾਲ ਸਰਕਾਰ ਨੂੰ ਚਾਰਜਸ਼ੀਟ ਕੀਤਾ ਗਿਆ।
ਖੇਤੀ ਕਨੂੰਨਾਂ ਦੇ ਮਾਰੂ ਅਸਰ,ਛੋਟੀ ਕਿਸਾਨੀ ਦੀ ਆਰਥਿਕ ਬਰਬਾਦੀ ਅਤੇ ਕਾਰਪੋਰੇਟ ਸਰਮਾਏਦਾਰੀ ਦੇ ਖੇਤੀ ਵਿਚ ਦਖਲ ਸਬੰਧੀ ਸ੍ਰੀ ਆਰ. ਆਈ. ਸਿੰਘ, ਗੁਰਬੀਰ ਸਿੰਘ ਸੰਧੂ,ਸੁਖਦੇਵ ਸਿੰਘ ਸਿਧੂ,ਹਰਕੇਸ਼ ਸਿੰਘ ਸਿਧੂ ਅਤੇ ਅਮਰ ਸਿੰਘ ਚਾਹਲ ਹੁਰੀਂ ਨਿਠ ਨਿਠ ਕੇ ਤਰਕ ਅਧਾਰਤ ਬੋਲੇ। ਕਿਸਾਨ ਸੰਸਦਾਂ ਵਲੋਂ ਵਾਰ ਵਾਰ ਤਾੜੀਆਂ ਮਾਰ ਕੇ ਹੌਸਲਾ ਅਫਜ਼ਾਈ ਕੀਤੀ ਗਈ। ਦੁਪਹਿਰ ਦੋ ਵਜੇ ਤਕ ਚਲੇ ਇਸ ਸੈਸਨ ਦੌਰਾਨ ਅਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸਮੇਂ ਦਾ ਪਤਾ ਹੀ ਨੀ ਚਲਿਆ।
ਵਿਜ਼ਟਰਜ਼ ਗੈਲਰੀ ਵਿਚ ਦੇਸ਼ ਦੇ ਐਮ.ਪੀਜ਼ ਆ ਕੇ ਬੈਠਦੇ ਰਹੇ ਅਤੇ ਆਪਣੀ ਸੰਸਦ ਵਿਚ ਚਲ ਰਹੇ ਰੌਲੇ- ਰਪੇ ਦੀ ਥਾਂ ਕਿਸਾਨ ਸੰਸਦ ਦੀ ਸ਼ਾਂਤਮਈ,ਉਸਾਰੂ ਅਤੇ ਫੋਕਸਡ ਬਹਿਸ ਦਾ ਅਨੰਦ ਲੈਂਦੇ ਰਹੇ। ਇਸ ਗੈਲਰੀ ਵਿਚ ਰਾਹੁਲ ਗਾਂਧੀ,ਅਖੀਲੇਸ਼ ਯਾਦਵ ,ਸਸ਼ੀ ਥਰੂਰ,ਪ੍ਰਤਾਪ ਸਿੰਘ ਬਾਜਵਾ ਅਤੇ ਦਰਜਨ ਹੋਰ ਮੈਂਬਰ ਵੇਖੇ ਗਏ। ਕਿਸਾਨ ਸੰਸਦ, ਇੰਨਾਂ ਵਿਜ਼ਟਰਜ਼ ਦਾ ਬਿਨਾਂ ਨੋਟਿਸ ਲਏ,ਆਪਣੀ ਕਾਰਵਾਈ ਵਿਚ ਮਸਤ ਰਹੀ। 9 ਅਗਸਤ ਨੂੰ (Quit India day) ਬਹਿਸ ਅਧੀਨ ਅਵਿਸਵਾਸ ਦੇ ਮਤੇ ਨੂੰ ਪਾਸ ਕੀਤਾ ਜਾਵੇਗਾ।
ਕਿਸਾਨ ਸੰਸਦ ਵਿਚ ਬੈਠਿਆਂ ਮੈਂ ਆਪਣੇ ਆਪ ਨੂੰ ਸਤਾਈ ਸੌ ਵਰੇ ਪਿਛੇ ਲਿਜਾ ਕੇ ਇਓਂ ਸਮਝ ਰਿਹਾ ਸੀ ਜਿਵੇਂ ਏਥਨਜ਼/ਐਟਿਕਾ ਵਿਚ ( ਰਾਜੇਵਾਲ) ਪੈਰੀਕਲਜ ਨੂੰ ਸੁਣ ਰਿਹਾ ਹੋਵਾਂ। ਲੋਕ -ਰਾਜ ਦੀ ਜਿੱਤ ਨੂੰ ਕੌਣ ਝੁਠਲਾ ਸਕਦਾ ਹੈ।