Home 9 Latest Articles 9 ਫਿਰ ਕੌਣ ਜਿੰਮੇਵਾਰ ਹੈ ਏਸ ਤਜ਼ਰਬੇ ਲਈ ?

ਪੰਜਾਬੀ ਕਿਤੇ ਵਜੋਂ ਕਿਸਾਨ ਅਤੇ ਸਿਖ ਵਿਰਾਸਤ ਦਾ ਪੈਰੋਕਾਰ ਹੋਣ ਦੇ ਬਾਵਜੂਦ ਪਿਛਲੇ ਸਮੇਂ ਵਿਚ ਕੁਦਰਤ ਨਾਲੋਂ ਟੁੱਟਦਾ ਜਾ ਰਿਹਾ ਜਾਪਦੈ।ਖੇਤੀ ਜੋਤਾਂ ਨੂੰ ਇਕੱਠੇ ਕਰਨ ਲਈ ਮੁਰਬਾਬੰਦੀ ਨੇ ਚੰਗੇ ਰੁੱਖਾਂ ਤੇ ਵਡਾਂਗਾ ਫੇਰ ਦਿਤਾ। ਖੇਤ ਇਕਠੇ ਹੋ ਗਏ ਪਰ ਬਹੁਤ ਵਿਰਾਸਤੀ ਰੁੱਖਾਂ ਦੇ ਖਾਤਮੇ ਨਾਲ ਕੵਈ ਜਾਨਵਰਾਂ ਦੀਆਂ ਨਸਲਾਂ ਵੀ ਅਲੋਪ ਹੋ ਗਈਆਂ। ਰਹਿੰਦੀ ਕਸਰ, ਹਰੀ ਕਰਾਂਤੀ ਦੌਰਾਨ ਝੋਨੇ ਨੇ ਕਢਤੀ।ਸਾਰੇ ਟਿਬੇ ਪਧਰ ਕਰਕੇ ਰੇਤ ਵਿਚ ਰਹਿਣ ਵਾਲੇ ਖੂਬਸੂਰਤ ਜੀਅ -ਜੰਤ ਦਾ ਨਾਸ ਕਰ ਦਿਤਾ ਅਤੇ ਪੰਜਾਬ ਨੂੰ ਥਾਲੀ ਵਾਂਗ ਪੱਧਰਾ ਕਰਤਾ। ਕੋਈ ਵਾਟਰ ਬਾਡੀ ,ਸਰਕੜਾ ਜਾਂ ਝਾੜੀ ਨੀ ਰਹਿਣ ਦਿਤੀ। ਹੁਣ ਖੇਤੀ ਮਾਹਿਰ ਕਹਿੰਦੇ ਨੇ ਕਿ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਫਾਇਦਾ ਨੀ ਹੋਇਆ। ਫਿਰ ਕੌਣ ਜਿੰਮੇਵਾਰ ਹੈ ਏਸ ਤਜ਼ਰਬੇ ਲਈ ?                     

ਪੰਛੀਆਂ, ਜਨੌਰਾਂ ,ਕੁੱਤਿਆਂ ਬਿੱਲੀਆਂ ਅਤੇ ਹੋਰ ਜਾਨਵਰਾਂ ਲਈ ਵੀ ਸਾਡੇ ਅੰਦਰ ਕੋਈ ਬਹੁਤ ਪਿਆਰ ਨੀ ਉਗਮਦਾ। ਛੋਟੇ ਬਚਿਆਂ ਨੂੰ ਚਿੜੀਆਂ ,ਗੁਟਾਰਾਂ,ਕਬੂਤਰ ਜਾਂ ਕਾਟੋਆਂ ਮਾਰਨ ਤੋਂ ਇਹ ਕਹਿ ਕੇ ਨੀ ਵਰਜਦੇ ਕਿ ਇਹ ਸਾਡੀ ਜਿੰਦਗੀ ਦਾ ਜਰੂਰੀ ਹਿਸਾ ਨੇ। ਖਰਗੋਸ਼ , ਨੀਲ ਗਊ ਅਤੇ ਹਿਰਨ ਵਗੈਰਾ ਦਾ ਸ਼ਿਕਾਰ ਮਾਰਨ ਨੂੰ ਟੌਹਰ ਸਮਝਿਆ ਜਾਂਦਾ ਸੀ। ਦਰਖਤਾਂ ਦੇ ਘਟਣ ਅਤੇ ਬੀੜ/ਜੰਗਲਾਂ ਦੇ ਖਤਮ ਹੋਣ ਨਾਲ ਇਨਾਂ ਜਾਨਵਰਾਂ ਦੀ ਗਿਣਤੀ ਨਾ ਬਰਾਬਰ ਹੀ ਰਹਿਗੀ।ਬਹੁਤ ਸਾਰੇ ਮਿਤਰ ਜਾਨਵਰ ,ਕੀਟਨਾਸ਼ਕਾਂ ਨੇ ਖਤਮ ਕਰਤੇ।                

ਅਜੇ ਵੀ ਸਾਡੇ ਘਰਾਂ ਵਿਚ ਪਾਲਤੂ ਕੁੱਤਿਆਂ ਜਾਂ ਬਿੱਲੀਆਂ ਨੂੰ ਦੌੜਾਣ ਲਈ ਡੰਡਾਂ ਜਾਂ ਸੋਟੀ ਟਿਕਾਣੇ ਸਿਰ ਰਖੀ ਹੁੰਦੀ ਐ ਤਾਂ ਜੋ ਇੰਨਾਂ ਨੂੰ ਭਜਾਓਣਾ ਸੌਖਾ ਰਵੇ। ਜੇਕਰ ਪਾਲਤੂ ਕੁੱਤਾ ਰਖਿਆ ਵੀ ਹੈ ਤਾਂ ਘਰ ਦੀ ਰਾਖੀ ਲਈ ਹੁੰਦੈ ਨਾ ਕਿ pet ਵਜੋਂ ਉਸਦੀ ਦੇਖ ਭਾਲ ਕੀਤੀ ਜਾਂਦੀ ਐ।           

ਨਾਰਥ ਅਮਰੀਕਾ ਚ ਸੈਰ ਕਰਦਿਆਂ ਮੈਂ ਗਹੁ ਨਾਲ ਵੇਖਿਆ ਕਿ ਇੰਨਾ ਲੋਕਾਂ ਦਾ ਆਪਣੇ ਕੁੱਤਿਆਂ ਬਿੱਲੀਆਂ ਨਾਲ ਘਰ ਦੇ ਮੈਂਬਰਾਂ ਵਾਗ ਹੀ ਪਿਆਰ ਹੁੰਦੈ। ਸੋਹਣੀਆਂ ਵਧਰੀਆਂ ਅਤੇ ਗਲ ਵਿਚ ਰੰਗ ਬਰੰਗੇ ਪਟੇ ਪਾ ਕੇ ਜਦ ਇੰਨਾਂ ਨੂੰ ਸੈਰ ਕਰਾਓਂਦੇ ਨੇ ਤਾਂ ਉਨਾਂ ਨਾਲ ਪਿਆਰ ਭਰੀਆਂ ਗਲਾਂ ਕਰਦੇ ਨੇ। ਮਾਲਕ ਆਪਸ ਵਿਚ ਜਾਂ ਗੁਆਂਢੀਆਂ ਨਾਲ ਇੰਨਾਂ ਦੇ ਜਨਮ ਦਿਨਾਂ ਦੀਆਂ ਬਾਤਾਂ ਪਾਉਂਦੇ ਨੇ। ਸਰਦੀਆਂ ਵਿਚ ਆਪਣੇ ਪਾਲਤੂਆਂ ਦੇ ਗਰਮ ਅਤੇ ਰੰਗੀਨ ਜੈਕਟਾਂ ਸਜਾਓਂਦੇ ਨੇ। ਇਨਾਂ ਨੂੰ ਵੇਖਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਹ ਆਪਣੇ ਪੈਟਸ ਲਈ ਸਖਤ ਸ਼ਬਦਾਂ ਦੀ ਵਰਤੋਂ ਵੀ ਨਹੀ ਕਰਦੇ, ਸੋਟੀ ਵਗੈਰਾ ਮਾਰਨ ਦੀ ਗਲ ਤਾਂ ਦੂਰ ਦੀ ਆ। ਇੰਨਾਂ ਦਾ ਖਾਣਾ ਅਤੇ ਬਰਤਨ ਵੀ ਸਾਫ ਸੁਥਰੇ ਅਤੇ ਸਪੈਸ਼ਲ ਰਖੇ ਜਾਂਦੇ ਨੇ।             

ਪੱਛਮੀ ਦੇਸ਼ਾਂ ਵਿਚ ਪਾਲਤੂ ਕੁੱਤਿਆਂ ਜਾਂ ਬਿੱਲੀਆਂ ਦੀ ਪੌਟੀ ਸੜਕ ਜਾਂ ਵਾਕ-ਵੇ ਤੋਂ ਖੁਦ ਮਾਲਕ ਆਪ ਚੁਕਦੈ। ਇਸ ਵਾਸਤੇ ਸੈਰ ਕਰਾਉਣ ਵੇਲੇ ਹਰ ਮਾਲਕ ਦੇ ਹਥ ਚ ਇਕ ਖਾਲੀ ਲਿਫਾਫਾ ਰੱਖਿਐ ਹੁੰਦਾ ਅਤੇ ਓਹ ਸੜਕਾਂ ਨੂੰ ਇਸ ਤਰਾਂ ਗੰਦਾ ਕਰਨ ਤੋਂ ਬਿਲਕੁਲ ਸੰਕੋਚ ਕਰਦੈ। ਇੰਨਾਂ ਲੋਕਾਂ ਦਾ ਇਹ ਰੁਝਾਨ ਮੈਨੂੰ ਸਭਿਅਕ ਲਗਿਆ।             

‘ਬਲਿਹਾਰੀ ਕੁਦਰਤ ਵਸਿਆ ‘ਦੇ ਮਹਾਂ ਵਾਕ ਵਿਚ ਵਿਸ਼ਵਾਸ਼ ਰੱਖਣ ਵਾਲਾ ਪੰਜਾਬੀ ਕਿਸ ਰਸਤੇ ਪੈ ਗਿਆ ? ਜਿਹੜੀ ਆਰਥਿਕ ਤਰੱਕੀ ਸਾਨੂੰ ਕੁਦਰਤ ਨਾਲੋਂ ਤੋੜ ਵਿਛੋੜਾ ਕਰਵਾ ਰਹੀ ਹੈ ਉਸਨੂੰ ਅਸੀਂ ਕਿਓਂ ਗਲ ਲਾਈ ਬੈਠੇ ਹਾਂ ? ਖੁਸ਼ ਹਾਲੀ ਦਾ ਰਸਤਾ ਹਰ ਹਾਲਤ ਵਿਚ ਖੁਸ਼ ਰਹਿਣ ਦਾ ਹੈ ਜਿਹੜਾ ਕੁਦਰਤ ਦੇ ਨੇੜਿਓਂ ਹੋ ਕੇ ਲੰਘਦਾ ਹੈ।

 

ਲਿਖਤ :-  ਜੀ ਕੇ ਸਿੰਘ