Home 9 Latest Articles 9 ਬਸੰਤ ਪੰਚਮੀ ‘ਤੇ ਗਣਤੰਤਰ ਦਿਵਸ

ਬਸੰਤ ਰੁਤ ਉਤਰੀ ਭਾਰਤ ਦੇ ਸਭਿਆਚਾਰ ਵਿਚ ਵਡੀ ਤਬਦੀਲੀ ਦੀ ਸੂਚਕ ਹੈ।ਕੋਹਰੇ ਵਾਲੀ ਠੰਡ ਤੋ ਨਿਜਾਤ ਦਿਵਾਉਣ ਤੋਂ ਵਧਕੇ ਗੁਲਾਮੀ ਵਾਲੀ ਸੜਾਂਦ ਭਰੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਵਸਥਾ ਨੂੰ ਨਵੇ ਜ਼ਮਾਨੇ ਵਿਚ ਤਬਦੀਲ ਕਰਨ ਦੀ ਪਰਤੀਕ ਬਣ ਗਈ ਹੈ ਇਹ ਰੁਤ।

ਵੀਰ ਹਕੀਕਤ ਰਾਏ ਨੇ ਕੇਵਲ 17 ਸਾਲ ਦੀ ਉਮਰ ਵਿਚ ਅਜ ਦੇ ਦਿਨ ਸੰਨ 1741’ਚ ਲਹੌਰ ਦੇ ਜ਼ਾਲਮ ਹਾਕਮ ਜ਼ਕਰੀਆ ਖਾਨ ਦੀ ਮਜ਼ਹਬੀ ਕਟੜਤਾ ਦੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਪਣੀ ਸ਼ਹਾਦਤ ਦਿਤੀ। ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਹਰ ਸਾਲ ਲਹੌਰ ਨੇੜੇ ਸ਼ਹੀਦ ਦੀ ਯਾਦਗਰ ਤੇ ਭਾਰੀ ਮੇਲਾ ਲਗਦਾ ਸੀ।ਹੁਣ ਪਟਿਆਲੇ ਬਸੰਤ ਪੰਚਮੀ ਵਾਲੇ ਦਿਨ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਵਿਖੇ ਵਡੀ ਗਿਣਤੀ ਵਿਚ ਸ਼ਰਧਾਲੂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ।

ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬਸੰਤੀ ਰੰਗ ਨੂੰ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਅਜ਼ਾਦੀ ਦੇ ਪਰਤੀਕ ਵਜੋਂ ਵਰਤ ਕੇ ਘਰ ਘਰ ਸੰਦੇਸ਼ ਪਹੁੰਚਾਉਣ ਲਈ ‘ਮੇਰਾ ਰੰਗ ਦੇ ਬਸੰਤੀ ਚੋਲਾ ‘ ਗੀਤ ਗਾਇਆ ਅਤੇ ਉਹ ਦੇਸ਼ ਦੇ ਨੌਜਵਾਨਾ ਦੇ ਦਿਲਾਂ ਦੀ ਧੜਕਣ ਬਣ ਗਏ।

ਠੰਡ ਦੀ ਜਕੜੀ ਬਨਸਪਤੀ ਵੀ ਇਸ ਮੌਸਮ ਵਿਚ ਸਾਹ ਲੈਣ ਜੋਗੀ ਹੋ ਜਾਂਦੀ ਹੈ।ਕੋਹਰੇ ਦੇ ਭੰਨੇ ਰੁੰਡ- ਮਰੁੰਡ ਤੂਤ ਟਾਹਲੀਆਂ ਆਪਣੀ ਬੁਕਲ ਵਿਚ ਨਵੀਂਆਂ ਪੱਤੀਆਂ ਲੈ ਕੇ ਸੂਰਜ ਦੀਆਂ ਨਿਘੀਆਂ ਕਿਰਨਾਂ ਦੀ ਉਡੀਕ ਕਰਦੇ ਹਨ। ਪਸ਼ੂਂਆਂ ਤੇ ਪਾਏ ਬੋਝਲ ਝੁਲ ਉਨਾਂ ਦੀਆਂ ਪਿਠਾਂ ਨੂੰ ਭਾਰੇ ਲਗਣ ਲਗ ਜਾੰਦੇ ਹਨ।ਹਰ ਜੀਵ ਜੰਤੂ ਆਪਣੀਆਂ ਖੁਡਾਂ ਤੋਂ ਬਾਹਰ ਨਿਕਲ ਨਿਘ ਮਾਨਣ ਲਈ ਉਤਾਵਲਾ ਹੁੰਦਾ ਹੈ।ਪਾਰਕਾਂ ਵਿਚ ਰੰਗ ਬਰੰਗੇ ਖਿੜੇ ਫੁਲ ਸਭਨਾਂ ਲਈ ਆਕਰਸ਼ਕ ਹੋ ਜਾਂਦੇ ਹਨ।
ਬਸੰਤ ਨੂੰ ਉਡਾਏ ਜਾਣ ਵਾਲੇ ਪਤੰਗ ਨੌਜਵਾਨਾਂ ਅਤੇ ਬਚਿਆਂ ਵਿਚ ਖਾਸ ਜੋਸ਼ ਭਰਦੇ ਹਨ। ਇਹੀ ਬਸੰਤ ਰੁੱਤ ਅਜ ਸੰਦੇਸ਼ ਵੀ ਦਿੰਦੀ ਹੈ ਕਿ ਕੇਵਲ ਸਮਰਥ ਕੌਮਾਂ ਦੇ ਪਤੰਗ ਹੀ ਅਸਮਾਨੀ ਉਚੇ ਉਡ ਸਕਣਗੇ। ਜਿਥੇ ਅਸੀ ਵੀਰ ਹਕੀਕਤ ਰਾਏ ਅਤੇ ਹੋਰ ਸ਼ਹੀਦਾਂ ਨੂੰ ਸਲੂਟ ਕਰਦੇ ਹਾਂ ਨਾਲ ਹੀ ਆਪਣੇ ਆਪ ਨਾਲ ਵਾਅਦਾ ਵੀ ਕਰਦੇ ਹਾਂ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਗੌਰਵ ਹਮੇਸ਼ਾਂ ਲਈ ਬਹਾਲ ਰਖਾਂਗੇ। ਸਰਕਾਰ ਦੇ ਯਤਨਾਂ ਦੇ ਨਾਲ ਨਾਲ ਗੈਰ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਿਖਿਆ ,ਸਿਹਤ ਅਤੇ ਪੇਂਡੂਂ ਵਿਕਾਸ ਵਿਚ ਪਾਏ ਜਾਣ ਵਾਲੇ ਲੋੜੀਂਦੇ ਯੋਗਦਾਨ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਾਂਗੇ।

ਇਸ ਵਰੇ ਗਣਤੰਤਰ ਦਿਵਸ ਦੇ ਨਾਲ ਇਕੋ ਦਿਨ ਆਈ ਬਸੰਤ ਪੰਚਮੀ ਸਾਡੇ ਸਾਰਿਆਂ ਲਈ ਨਵਾਂ ਸੰਦੇਸ਼ ਅਤੇ ਸੰਭਾਵਨਾਵਾਂ ਲੈ ਕੇ ਆਈ ਹੈ। ਲੰਮੀ ਗੁਲਾਮੀ ਤੋਂ ਬਾਅਦ ਬੇਸ਼ੁਮਾਰ ਸ਼ਹਾਦਤਾਂ ਉਪਰੰਤ ਭਾਰਤ ਨੂੰ ਗਣਰਾਜ ਹੋਣ ਦਾ ਨਸੀਬ ਪਰਾਪਤ ਹੋਇਆ। ਗਣਤੰਤਰ ਹੋਣਾ ਹਰ ਦੇਸ਼ ਦੇ ਭਾਗਾਂ ਵਿਚ ਨਹੀਂ ਹੁੰਦਾ। ਬਹੁਤ ਸਾਰੇ ਦੇਸ਼ ਅਜ਼ਾਦ ਹਨ ਪਰ ਗਣਰਾਜ ਨਹੀ ਹਨ। ਕੈਨੇਡਾ, ਅਸਟਰੇਲੀਆ , ਨਿਊਜੀਲੈਂਡ, ਨਾਰਵੇ ,ਸਵੀਡਨ, ਡੈਨਮਾਰਕ ,ਇਥੋਂ ਤਕ ਕਿ ਲੋਕਤੰਤਰ ਦੀ ਮਾਂ ਕਹਾਓਣ ਵਾਲਾ ਇੰਗਲੈਂਡ ਵੀ ਗਣਰਾਜ ਨਹੀ ਹੈ।

ਕੀ ਅਸੀਂ ਦੇਸ਼ ਲਈ ਸਮਸਿਆਵਾਂ ਪੈਦਾ ਹੀ ਕਰਦੇ ਹਾਂ ਜਾਂ ਅਸੀਂ ਇਨਾਂ ਨੂੰ ਸੁਲਝਾਉਣ ਲਈ ਸਮਾਧਾਨ ਦਾ ਹਿਸਾ ਵੀ ਬਣਦੇ ਹਾਂ ? ਜੇ ਨਹੀਂ ਤਾਂ ਅਸੀਂ ਖੁਦ ਵੀ ਆਪਣੇ ਦੇਸ਼ ਲਈ ਇਕ ਸਮਸਿਆ ਹਾਂ। ਬਸੰਤੀ ਰੰਗ ਚ ਰੰਗਿਆ ਗਣਤੰਤਰ ਦਿਵਸ ਮੁਬਾਰਕ।

 

 ਜੀ ਕੇ ਸਿੰਘ