ਕਿਸਾਨ ਨੂੰ ਰਬ ਨੇ ਆਪਣੇ ਇਮੇਜ ਵਿਚ ਕਲਾਕਾਰ ਤੇ ਸਿਰਜਕ ਦੇ ਰੂਪ ਵਿਚ ਪੈਦਾ ਕੀਤੈ। ਫਸਲ ਬੀਜਣੀ, ਪਾਲਣੀ ਅਤੇ ਫਿਰ ਪਕਣ ਉਪਰੰਤ ਵਢਣੀ ,ਇਹ ਸਾਰੀ ਪ੍ਰਕਿਰਿਆ ਨੂੰ ਕਿਸਾਨ ਇਕ ਸਿਰਜਕ ਦੇ ਰੂਪ ਵਿਚ ਮੁਕੰਮਲ ਕਰਦੈ। ਇਸੇ ਕਰਕੇ ਅਸੀਂ ਕਿਸਾਨਾਂ ਵਿਚ ਸਬਰ ਸੰਤੋਖ ਅਤੇ ਰਬ ਦੀ ਰਜ਼ਾ ਵਿਚ ਰਹਿਣ ਦਾ ਸੁਭਾਵਿਕ ਤੌਰ ਤੇ ਅਸਰ ਵੇਖਦੇ ਹਾਂ।ਸਾਰੇ ਨਿਜ਼ਾਮ ਕਿਸਾਨ ਨੂੰ ਅੰਨਦਾਤਾ, ਵਿਸ਼ਾਲ ਹਿਰਦੇ ਵਾਲਾ ਅਤੇ ਬੇਪ੍ਰਵਾਹ ਕਹਿ ਕੇ ਖੁਸ਼ ਕਰਦੇ ਹਨ ਪਰ ਸਚ ਇਹ ਹੈ ਕਿ ਸਾਰੀਆਂ ਕੌਮਾਂ ਨਾਲੋਂ ਆਰਥਿਕ ਤਰੱਕੀ ਚ ਇਹ ਬਹੁਤ ਪਿਛੇ ਰਹਿ ਗਿਆ। ਦੁਨੀਆਦਾਰੀ ਦੇ ਬਾਕੀ ਸਾਰੇ ਕੰਮਾਂ ਵਿਚ ਚੋਰੀ ਠਗੀ ਐ ਪਰ ਕਿਰਸਾਨੀ ਵਿਚ ਨਹੀਂ।
 
ਭਾਵੇਂ ਸਾਰੇ ਮੁਲਕਾਂ ਵਿਚ ਹੀ ਕਿਸਾਨ ਗਰੀਬ ਨੇ ਪਰ ਸਾਡੇ ਦੇਸ਼ ਵਿਚ ਤਾਂ ਹਾਲਤ ਬਹੁਤ ਮਾੜੀ ਹੈ। ਪਿੰਡਾਂ ਵਿਚ ਰਹਿੰਦਿਆਂ, ਸਿਖਿਆ ਚ ਪਛੜਣ ਕਾਰਨ ਖੇਤੀ ਵਿਚੋਂ ਨਿਕਲ ਹੋਰ ਧੰਦਿਆਂ ਵਿਚ ਜਾਣ ਚ ਕਾਮਯਾਬ ਨਹੀਂ ਹੋ ਸਕੇ।ਸਰਕਾਰਾਂ ਵਲੋਂ ਵੀ ਇੰਨਾਂ ਨੂੰ ਹੁਨਰਮੰਦ ਬਨਾਉਣ ਚ ਪਿਛਲੇ ਦੋ ਤਿੰਨ ਦਹਾਕਿਆਂ ਵਿਚ ਜਿਕਰਯੋਗ ਯਤਨ ਨਹੀਂ ਹੋਏ।ਕਿਸਾਨ ਦਾ ਮੁੰਡਾ ਕਿਸਾਨ ਬਣਦਾ ਰਿਹਾ ਅਤੇ ਛੋਟੀ ਖੇਤੀ ਨੇ ਇਸਨੂੰ ਕਰਜਿਆਂ ਥਲੇ ਦਬਾ ਕੇ ਆਤਮ -ਹਤਿਆ ਦੇ ਰਸਤੇ ਤੋਰਿਆ।
 
ਉੱਤਰੀ ਭਾਰਤ ਦੇ ਕਿਸਾਨ ਸੰਘਰਸ਼ ਨੂੰ ਪੂਰੇ ਵਿਸ਼ਵ ਦੇ ਕਿਸਾਨ ਅਤੇ ਮੀਡੀਆ ਗਹੁ ਨਾਲ ਵੇਖ ਰਿਹੈ। ਕਿਸਾਨੀ ਗੁਸੇ ਲਈ ਖੇਤੀ ਕਨੂੰਨ ਤਾਂ ਫੌਰੀ ਕਾਰਨ ਬਣਿਆ। ਵਾਸਤਵ ਵਿਚ ਆਰਥਿਕ ਪਛੜੇਵੇਂ/ਵਿਤਕਰੇ(economic inequalities)ਦੀ ਅਗ ਦਹਾਕਿਆਂ ਤੋਂ ਸੁਲਘ ਰਹੀ ਹੈ। ਦੇਸ਼ ਦੀ ਭੁਖ ਖਤਮ ਕਰਨ ਵਾਲੇ ਖਿਤੇ ਦੇ ਕਿਸਾਨ ਜਦ ਲੋਕਤੰਤਰਕ ਢੰਗ ਨਾਲ ਸ਼ਾਂਤੀਪੂਰਵਕ ਆਪਣੀ ਨਰਾਜ਼ਗੀ ਦਰਜ਼ ਕਰਨ ਲਈ ਰਾਜਧਾਨੀ ਦਿੱਲੀ ਜਾਣ ਲਈ ਚਲੇ ਤਾਂ ਰਸਤੇ ਦੇ ਬੈਰੀਕੇਡ ਤੇ ਰੋਕਾਂ ਤਾਨਾਸ਼ਾਹ ਰਾਜ-ਪ੍ਬੰਧ ਦੀ ਕੁਚਜੀ ਤਸਵੀਰ ਬਣ ਗਈਆਂ। ਇਹ ਓਹੀ ਕਿਸਾਨ ਨੇ ਜਿੰਨਾਂ ਕਈ ਸਦੀਆਂ, ਤੁਰਕਾਂ,ਅਫਗਾਨਾਂ ,ਨਾਦਰ ਸ਼ਾਹਾਂ ਅਤੇ  ਅਬਦਾਲੀਆਂ ਨੂੰ ਦਿਲੀ ਜਾਣ ਤੋਂ ਰੋਕਿਆ।
 
ਵਿਸ਼ਵ ਖੁਰਾਕ ਸੰਸਥਾ ਵਲੋਂ ਅਗਲੇ ਵੀਹ ਸਾਲਾਂ ਚ ਅਨਾਜ ਦੀ ਕਮੀ ਦਾ ਅੰਦਾਜਾ ਲਾਇਆ ਗਿਆ ਹੈ। ਜੇਕਰ ਅਸੀਂ ਕਾਰਪੋਰੇਟਸ ਦੇ ਘਨੇੜੇ ਚੜ ਕੇ ਕਿਸਾਨੀ ਹਿੱਤਾਂ ਨੂੰ ਕੁਚਲਣ ਦਾ ਮਨ ਬਣਾ ਰਖਿਆ ਹੇ ਤਾਂ ਸਾਡਾ ਰਬ ਈ ਰਾਖਾ। ਦਿੱਲੀ ਪਹੁੰਚਣਾ ਸੰਕੇਤਕ ਹੈ ਤਾ ਜੋ ਅੰਨਦਾਤਾ ਦੀ ਦੁਖੀ ਪੁਕਾਰ ਸੰਸਦ ਭਵਨ ਤਕ ਪਹੁੰਚ ਸਕੇ। ਉਂਝ ਪੰਜਾਬੀਆਂ ਦੀ ਦਿੱਲੀ ਵਿਚ ਕਦੇ ਵੀ ਦਿਲਚਸਪੀ ਨਹੀਂ ਰਹੀ। ਜਦ 11 ਮਾਰਚ 1783 ਨੂੰ ਬਾਬਾ ਬਘੇਲ ਸਿੰਘ ਨੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਲਹਿਰਾਇਆ ਸੀ ਤਾਂ ਸਮੇਂ ਦਾ ਮੁਗਲ ਹਾਕਮ, ਸ਼ਾਹ ਆਲਮ ਦੋਇਮ ਪਰਿਵਾਰ  ਸਮੇਤ ਬਾਬਾ ਜੀ ਦੇ ਪੈਰਾਂ ਚ ਬੈਠਾ ਸੀ ਪਰ ਬਾਬਾ ਜੀ ਇਤਿਹਾਸਕ ਗੁਰਦੁਆਰਿਆਂ ਦੀ ਤਾਮੀਰ ਕਰਾਕੇ ਵਾਪਸ ਪੰਜਾਬ ਆ ਗਏ।
 
ਅੰਦੋਲਨ ਫੇਲ ਕਰਨ ਲਈ ਹਕੂਮਤਾਂ ਹਰ ਕਿਸਮ ਦੇ ਹਥ -ਕੰਡੇ ਵਰਤਦੀਆਂ ਹਨ।ਹੁਣ ਵੀ ਇਸਨੂੰ ਹਿੰਦ -ਪੰਜਾਬ ਜਾਂ ਸਿਖ ਅੰਦੋਲਨ ਦਾ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦਿੱਲੀ ਘੁਗ ਵਸਦੀ ਰਹੇ, ਵਤਨ ਤਰੱਕੀ ਕਰੇ,ਇਹ ਉਨਾਂ ਸਮੂਹ ਪੰਜਾਬੀ ਕਿਸਾਨਾਂ ਦੀ ਤਾਂਘ ਹੈ ਜਿੰਨਾਂ ਅਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦਿਤੀਆਂ। ਕੀ ਦਿੱਲੀ ਦੀਆਂ ਸੜਕਾਂ ਤੇ ਕੰਡੇਦਾਰ ਤਾਰਾਂ ਵਿਛਾਓਣ ਅਤੇ ਬੈਰੀਕੇਡ ਰੋਕਾਂ ਲਾਉਣ ਵਾਲਿਆਂ ਦਾ ਵੀ ਕੋਈ ਫਰਜ਼ ਹੈ ਕਿ ਨਹੀਂ ?