Home 9 Latest Articles 9 ਵਿਸ਼ਵ ਦੇ ਕਿਸਾਨਾਂ ਦੀ ਨਜ਼ਰ ਸਿੰਘੂ ਬਾਰਡਰ ਤੇ
ਸਿੰਘੂ ,ਟਿਕਰੀ ,ਗਾਜੀਪੁਰ ਬਾਰਡਰ ਦੇ ਜਾਂਬਾਜ ਅੰਦੋਲਨਕਾਰੀ  ਕਿਸਾਨਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਜਿਵੇਂ ਦੁਨੀਆਂ ਭਰ ਦੇ ਮਜਦੂਰ 1 ਮਈ ਨੂੰ ਸ਼ਿਕਾਗੋ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਓਵੇਂ ਸੰਸਾਰ ਭਰ ਦੇ ਕਿਸਾਨ ਵੀ ਸਿੰਘੂ ਬਾਰਡਰ ਦੇ ਕਿਸਾਨਾਂ ਨੂੰ ਯਾਦ ਕਰਦਿਆਂ ਕਿਸਾਨ ਦਿਵਸ ਮਨਾਇਆ ਕਰਨਗੇ।ਇਹ ਦਿਨ ਓਹ ਹੋਵੇਗਾ ਜਿਸ ਦਿਨ ਕਿਸਾਨਾਂ ਦਾ ਫਤਹਿ ਜਲੂਸ ਸਿੰਘੂ ਤੋਂ ਪੰਜਾਬ ਦੀ ਸਰਹਦ ਤਕ ਦੋ ਸੌ ਕਿਲੋਮੀਟਰ ਲੰਮਾ ਵਿਸ਼ਾਲ ਰੂਪ ਅਖਤਿਆਰ ਕਰੇਗਾ। 
 
ਕਿਸਾਨ ਸਾਰੀ ਦੁਨੀਆ ਵਿਚ ਹੀ ਗਰੀਬ ਨੇ। ਅਮਰੀਕਾ ,ਕੈਨੇਡਾ ਯੂਰਪ ਘੁੰਮਦਿਆਂ ਜੇਕਰ ਕੋਈ ਪੁਰਾਣੀ ਜੌਂਗਾ ਗਡੀ ਦਿਸ ਪਵੇ ਤਾਂ ਸਮਝੋ ਓਹ ਕਿਸਾਨ ਦੀ ਹੈ। ਹਾਲਾਂ ਇੰਨਾਂ ਦੇਸ਼ਾਂ ਵਿਚ ਕਿਸਾਨਾਂ ਦੀ ਕੁਲ ਗਿਣਤੀ ਤਿੰਨ-ਚਾਰ ਫੀ ਸਦੀ ਹੀ ਹੈ ਇਸਦੇ ਬਾਵਜੂਦ ਓਹ ਕਿਸਾਨੀ ਤੋਂ ਪਾਸਾ ਵੱਟ ਰਹੇ ਨੇ। ਖੇਤੀ ਨੂੰ ਬਚਾਉਣ ਲਈ ਅਮਰੀਕਾ ਵਿਚ ਹਰ ਕਿਸਾਨ ਨੂੰ ਸਲਾਨਾ 61286 ਡਾਲਰ,ਕੈਨੇਡਾ ਚ 13000,ਯੂਰਪ ਵਿਚ 8598 ਡਾਲਰ  ਸਬਸਿਡੀ ਦੇ ਰੂਪ ਵਿਚ ਦਿਤੇ ਜਾਂਦੇ ਹਨ ਜਦ ਕਿ ਭਾਰਤ ਵਿਚ ਮਸੀਂ 282 ਡਾਲਰ ਸਾਲਾਨਾ ਹਰ ਕਿਸਾਨ ਨੂੰ ਸਬਸਿਡੀ ਪ੍ਰਾਪਤ ਹੁੰਦੀ ਹੈ।
                   
ਸਾਲ 1970 ਵਿਚ ਜਦ ਕਣਕ ਦਾ ਭਾਅ 76 ਰੁ: ਕੁਇੰਟਲ ਸੀ ਤਾਂ ਡੀਜਲ 60 ਪੈਸੇ ਲੀਟਰ ਸੀ।ਅਜ ਕਿਸਾਨ ਦੀ ਉਪਜ ਕੇਵਲ ਪੰਝੀ ਗੁਣਾਂ(1900 ਰੁ:) ਵਧੀ ਆ ਜਦ ਕਿ ਤੇਲ ਇਕ ਸੌ ਪੰਝੀ ਗੁਣਾ(75 ਰੁ:) ਵਧ ਗਿਆ। ਇਹੀ ਹਾਲ ਖਾਦ ਅਤੇ ਕੀਟਨਾਸ਼ਕਾਂ ਦਾ ਹੈ। ਆਰਥਿਕ ਪੱਖੋਂ ਟੁਟੇ ਕਿਸਾਨ ਦੀ ਲੰਮੇਂ ਸਮੇਂ ਤੋਂ ਕਿਸੇ ਨੇ ਸਾਰ ਨਹੀਂ ਲਈ। ਵਰਿਆਂ ਤੋਂ ਸੁਲਘਦੀ ਚਿੰਗਾੜੀ ਖੇਤੀ ਕਨੂੰਨਾਂ ਦੇ ਵਿਰੋਧ ਚ ਭਾਂਬੜ ਬਣਕੇ ਉਠੀ ਹੈ।
 
ਅਜਾਦ ਭਾਰਤ ਵਿਚ ਕਿਸਾਨਾਂ ਦਾ ਇਸ ਕਿਸਮ ਦਾ ਸਾਂਤੀ,ਜ਼ਬਤ,ਅਤੇ ਸਬਰ ਵਾਲਾ ਸੰਘਰਸ਼, ਜਿਸ ਵਿਚ ਧਰਮ,ਜਾਤ ਅਤੇ ਸੂਬਿਆਂ ਦੀਆਂ ਦਰਜਾਂ ਮਿਟ ਗਈਆਂ ਹੋਣ,ਪਹਿਲੀ ਵਾਰੀ ਵਾਪਰਿਆ। ਇਸ ਸੰਘਰਸ਼ ਨੂੰ ਪੂਰੇ ਵਿਸ਼ਵ ਦੇ ਕਿਸਾਨ ਟਿਕ ਟਿਕੀ ਲਾ ਕੇ ਵੇਖ ਰਹੇ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਦਿਲੀ ਦੇ ਉਤੋਂ ਦੀ ਸਵਾ ਲਖ ਟਰੈਕਟਰਾਂ ਨਾਲ ਕਿਸਾਨਾਂ ਦੀ 5 ਸੌ ਕਿਲੋਮੀਟਰ ਪਰੇਡ ਵੀ ਇਤਿਹਾਸਕ ਹੋਵੇਗੀ।ਗਲੋਬਲ ਮੀਡੀਆ ਇਸ ਅਨੋਖੀ ਪਰੇਡ   ਦੀ ਕਵਰੇਜ ਲਈ ਦਿਲੀ ਪਹੁੰਚ ਚੁਕਿਆ।
 
ਬਸ,ਕਿਸਾਨ ਨੇਤਾਵਾਂ ਅਤੇ ਜੋਸ਼ੀਲੇ ਨੌਜਵਾਨਾਂ ਨੂੰ ਇਕ ਗਲ ਕਦੇ ਨੀ ਭੁਲਣੀ ਚਾਹੀਦੀ ਕਿ ਇਸ ਅੰਦੋਲਨ ਦੀ ਖੂਬਸੂਰਤੀ ਅਮਨ ਅਤੇ ਅਨੁਸਾਸ਼ਨ ਕਰਕੇ ਹੀ ਹੈ। ਵੇਖਿਓ ਕਿਤੇ ਇਸ ਵਿਚ ਵਿਘਨ ਨਾ ਪੈ ਜਾਵੇ। ਅਸੀਂ ਸਾਰੇ ਦੁਆ ਕਰਦੇ ਹਾਂ ਕਿ ਪੰਜਾਬੀ ਕਿਸਾਨ ਜੋਸ਼ ਅਤੇ ਸੂਰਮਗਤੀ ਦੇ ਨਾਲ ਆਪਣੀ ਕੂਟਨੀਤੀ ਅਤੇ ਬੌਧਿਕ ਕਮਾਲ ਦਾ ਝੰਡਾ ਬੁਲੰਦ ਕਰਕੇ ਜਿਤ ਪ੍ਰਾਪਤ ਕਰਨ।
 
 Dated :  25 ਜਨਵਰੀ 2021