ਪੰਜਾਬ ਇੰਨੇ ਸਹਿਜ ਦੌਰ ਵਿਚੋਂ ਨਹੀਂ ਗੁਜ਼ਰ ਰਿਹਾ, ਜਿੰਨਾ ਅਸੀਂ ਸਮਝੀ ਬੈਠੇ ਹਾਂ। ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਵਾਰਿਸ ਬਣਨਾ ਹੈ, ਉਹ ਨੌਜਵਾਨ ਤਬਕਾ ਵੱਡੇ ਦਵੰਦ ਦਾ ਸ਼ਿਕਾਰ ਹੈ। ਵਾਪਰ ਰਹੀਆਂ ਘਟਨਾਵਾਂ ਵਿਚੋਂ ਸਮੇਂ ਦਾ ਸੱਚ ਮਹਿਸੂਸ ਕਰਨ ਦੀ ਲੋੜ ਹੈ ਕਿ ਇਕੱਲੇ ਗਰਮਜੋਸ਼ੀ ਤੇ ਧਰਮ ਦੀ ਜੈ-ਜੈਕਾਰ ਦੇ ਨਾਅਰੇ ਮਾਰਨ ਨਾਲ ਹੀ ਨਵੀਂ ਪੀੜ੍ਹੀ ਦੀ ਕਾਇਆ-ਕਲਪ ਨਹੀਂ ਹੋਣ ਵਾਲੀ, ਨੌਜਵਾਨੀ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜੇ ਬਗ਼ੈਰ ਭਵਿੱਖ ਨੂੰ ਮਹਿਫ਼ੂਜ਼ ਨਹੀਂ ਕੀਤਾ ਜਾ ਸਕਦਾ।
ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਹੋਲਾ-ਮਹੱਲਾ ਵੇਖਣ ਆਏ ਇਕ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਸਿੱਖ ਨੌਜਵਾਨਾਂ ਦੇ ਹੀ ਇਕ ਹਜ਼ੂਮ ਨੇ ਇਸ ਕਰਕੇ ਕੁੱਟ-ਕੁੱਟ ਕੇ ਮਾਰ ਕਰ ਦਿੱਤਾ ਕਿ ਉਹ ਨਿਹੰਗ ਇਨ੍ਹਾਂ ਨੌਜਵਾਨਾਂ ਨੂੰ ਹੋਲਾ-ਮਹੱਲਾ ਵਿਚ ਹੁੱਲੜਬਾਜ਼ੀ ਕਰਨ ਤੋਂ ਰੋਕ ਰਿਹਾ ਸੀ। ਇਸ ਤੋਂ ਇਕ-ਦੋ ਦਿਨ ਪਹਿਲਾਂ ਹਿਮਾਚਲ ਦੇ ਮਨੀਕਰਨ ਵਿਚ ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਦਾ ਹਿਮਾਚਲੀ ਲੋਕਾਂ ਨਾਲ ਕਿਸੇ ਗੱਲੋਂ ਝਗੜਾ ਏਨਾ ਵਧ ਗਿਆ ਕਿ ਮੁਕਾਮੀ ਲੋਕਾਂ ਨੇ ਪੰਜਾਬੀ ਨੌਜਵਾਨਾਂ ਨੂੰ ਗੁਰਦੁਆਰੇ ਦੀ ਹਦੂਦ ਵਿਚ ਜਾ ਕੇ ਕੁੱਟਿਆ ਤੇ ਉਨ੍ਹਾਂ ਦੀਆਂ ਗੱਡੀਆਂ ਭੰਨ ਦਿੱਤੀਆਂ। ਪੰਜਾਬ ਵਿਚ ਇਸ ਘਟਨਾ ਨੂੰ ਸਿੱਖਾਂ ਨਾਲ ਹਿਮਾਚਲ ਵਿਚ ਧੱਕੇਸ਼ਾਹੀ ਦੇ ਨਜ਼ਰੀਏ ਤੋਂ ਵੇਖਿਆ ਗਿਆ ਜਦੋਂਕਿ ਹਿਮਾਚਲੀ ਲੋਕਾਂ ਦਾ ਦੋਸ਼ ਸੀ ਕਿ ਇਹ ਪੰਜਾਬੀ ਨੌਜਵਾਨ ਹਿਮਾਚਲੀਆਂ ਦੇ ਇਕ ਸਥਾਨਕ ਸਮਾਗਮ ਵਿਚ ਜਾ ਕੇ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਗਲਤ ਭਾਵਨਾ ਰੱਖ ਰਹੇ ਸਨ। ਗ਼ਲਤੀ ਕਿਸੇ ਇਕ ਦੀ ਹੋ ਵੀ ਸਕਦੀ ਹੈ ਪਰ ਉਸ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪਿਆ। ਜਿਹੜੇ ਹੋਰ ਪੰਜਾਬੀ ਨੌਜਵਾਨ ਜਾਂ ਪਰਿਵਾਰ ਮਨੀਕਰਨ ਦੀ ਯਾਤਰਾ ‘ਤੇ ਗਏ ਹੋਏ ਸਨ, ਉਨ੍ਹਾਂ ਸਾਰਿਆਂ ਨਾਲ ਦੁਰਵਿਹਾਰ ਤੇ ਗੱਡੀਆਂ ਦੀ ਭੰਨਤੋੜ ਲਈ ਜ਼ਿੰਮੇਵਾਰ ਕੌਣ ਸੀ, ਗ਼ਲਤੀ ਕਰਨ ਵਾਲਾ ਕੋਈ ਇਕ ਪੰਜਾਬੀ ਨੌਜਵਾਨ ਜਾਂ ਫਿਰ ਸਾਰੇ ਹਿਮਾਚਲੀਏ?
ਮੇਰਾ ਵਿਚਾਰ ਹੈ ਕਿ ਸਾਡੇ ਸਮਿਆਂ ਦੌਰਾਨ ਸਿੱਖ ਨੌਜਵਾਨ ਪੀੜ੍ਹੀ ਦੇ ਮਾਨਸਿਕ ਤੇ ਬੌਧਿਕ ਦੁਖਾਂਤ ਨੂੰ ਅਨੁਭਵ ਕਰਨ ਲਈ ਤੁਹਾਨੂੰ ਹੋਲਾ-ਮਹੱਲਾ ਦੇ ਜੋੜ-ਮੇਲੇ ਤੋਂ ਬਿਹਤਰ ਹੋਰ ਕੋਈ ਮੌਕਾ ਨਹੀਂ ਮਿਲ ਸਕਦਾ। ਇਤਿਹਾਸਕ ਤੌਰ ‘ਤੇ ਤਾਂ ਹੋਲਾ-ਮਹੱਲਾ ਖਾਲਸਈ ਜਾਹੋ-ਜਲਾਲ ਦਾ ਪ੍ਰਤੀਕ ਹੈ ਪਰ ਜਦੋਂ ਇਸ ਜੋੜ-ਮੇਲੇ ਮੌਕੇ ਸਿੱਖ ਨੌਜਵਾਨ ਮੋਟਰਸਾਈਕਲਾਂ ਦੇ ਸਾਇਲੰਸਰ ਲਾਹ ਕੇ ਪਟਾਕੇ ਮਾਰਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਦਾਖਲ ਹੁੰਦਿਆਂ ਉੱਚੀ-ਉੱਚੀ ‘ਬੋਲੇ ਸੋ ਨਿਹਾਲ’ ਤੇ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਸ਼ਾਮ ਨੂੰ ਥੱਕ-ਟੁੱਟ ਕੇ ਮੈਡੀਕਲ ਸਟੋਰਾਂ ਤੋਂ ਨਸ਼ੇ ਦੇ ਕੈਪਸੂਲ ਮੰਗਦੇ ਤੇ ਸੜਕਾਂ ਦੇ ਕੰਢੇ ‘ਦਸਾਂ ਰੁਪਇਆਂ ਵਿਚ ਜਹਾਜ਼ ਦੀ ਸੈਰ ਕਰੋ’ ਦੇ ਬੋਰਡ ਲਗਾ ਕੇ ਭੰਗ ਘੋਟ ਰਹੇ ਭੰਗੀਆਂ ਕੋਲੋਂ ਭੰਗ ਪੀਂਦੇ ਦਿਖਾਈ ਦਿੰਦੇ ਹਨ ਤਾਂ ਸਿੱਖ ਪੰਥ ਦੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਬਾਰੇ ਸੋਚਦਿਆਂ ਕੰਬਣੀ ਜਿਹੀ ਛਿੜਣ ਲਗਦੀ ਹੈ।
ਪੰਜਾਬ ਹਿੰਦੁਸਤਾਨ ਦਾ ਇਕ ਅਜਿਹਾ ਖਿੱਤਾ ਹੈ, ਜਿੱਥੇ ਖੇਤਰੀ ਭਾਵਨਾਵਾਂ ਦੂਜੇ ਖਿੱਤਿਆਂ ਦੇ ਮੁਕਾਬਲੇ ਹਮੇਸ਼ਾ ਬੇਹੱਦ ਪ੍ਰਬਲ ਰਹਿੰਦੀਆਂ ਹਨ। ਸਦੀਆਂ ਤੋਂ ਪੰਜਾਬ ਖ਼ੁਦਮੁਖਤਿਆਰੀ ਅਤੇ ਬਾਗੀ ਤਬੀਅਤ ਦਾ ਸੋਮਾ ਰਿਹਾ ਹੈ। ਇਸੇ ਕਾਰਨ ਦੇਸ਼ ਅੰਦਰ ਜਦੋਂ ਵੀ ਕੋਈ ਰਾਜਨੀਤਕ ਜਾਂ ਸਮਾਜਿਕ ਬਦਲਾਅ ਉਠਦਾ ਹੈ ਤਾਂ ਪੰਜਾਬ ਇਸ ਦਾ ਕੇਂਦਰ ਹੁੰਦਾ ਹੈ। ਪੰਜਾਬ ਨੇ ਕਦੇ ਵੀ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ ਅਤੇ ਇਹ ਆਪਣੀ ਹੋਂਦ-ਹਸਤੀ ਲਈ ਕੋਈ ਵੀ ਕੀਮਤ ਤਾਰਨ ਤੋਂ ਗੁਰੇਜ਼ ਨਹੀਂ ਕਰਦਾ।
1990 ਤੋਂ ਇਕ ਦਹਾਕਾ ਬਾਅਦ ਤੱਕ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਬਹੁਤ ਸਾਰੇ ਪਿੰਡਾਂ ਵਿਚੋਂ ਕੋਈ ਜੰਞ ਨਹੀਂ ਉੱਠ ਸਕੀ, ਕਿਉਂਕਿ ਖਾੜਕੂਵਾਦ ਦੇ ਖ਼ਾਤਮੇੇ ਦੇ ਨਾਂਅ ‘ਤੇ ਹੋਏ ਘਾਣ ਦੌਰਾਨ ਇਨ੍ਹਾਂ ਪਿੰਡਾਂ ਵਿਚ ਪੂਰੀ ਦੀ ਪੂਰੀ ਇਕ ਪੀੜ੍ਹੀ ਖ਼ਤਮ ਹੋ ਗਈ ਸੀ। ਸਮੇਂ ਦੇ ਪਹੀਏ ਨੇ ਆਪਣਾ ਇਕ ਗੇੜ ਪੂਰਾ ਕੀਤਾ ਤੇ ਪੰਜਾਬ ਮੁੜ ਅੰਗੜਾਈ ਲੈਣ ਯੋਗ ਹੋਇਆ ਪਰ ਜਿਸ ਹਿਸਾਬ ਨਾਲ ਅੱਜ ਸਵੈ-ਨਫ਼ਰਤ ਵਿਚੋਂ ਉਪਜੀ ਇਕ ਹੀਣ-ਭਾਵਨਾ ਤੇ ਬੇਵੱਸੀ ਦੇ ਸ਼ਿਕਾਰ ਹੋ ਕੇ ਸਿੱਖ ਜ਼ਮੀਨ-ਜੋਤਾਂ ਵੇਚ-ਵੱਟ ਕੇ ਆਪਣੇ ਨਿਆਣਿਆਂ ਨੂੰ ਕੈਨੇਡਾ, ਅਮਰੀਕਾ ਦੀ ਪੀ.ਆਰ. ਦਿਵਾਉਣ ਦੀ ਭੱਜ-ਦੌੜ ਵਿਚ ਲੱਗੇ ਹੋਏ ਹਨ, ਭਵਿੱਖ ਵਿਚ ਪੰਜਾਬ ਅੰਦਰ ਸਿੱਖਾਂ ਦਾ ਬਾਕੀ ਆਧਾਰ ਕੀ ਰਹਿ ਜਾਣਾ ਹੈ? ਪੰਦਰਾਂ ਤੋਂ ਪੰਝੀ ਸਾਲ ਦੇ ਕਿਸੇ ਵੀ ਸਿੱਖ ਨੌਜਵਾਨ ਨੂੰ ਪੁੱਛ ਕੇ ਵੇਖੋ ਕਿ, ਆਪਣੇ ਭਵਿੱਖ ਬਾਰੇ ਕੀ ਸੋਚਦੇ ਹੋ? ਤਾਂ ਸਭ ਦਾ ਤਕਰੀਬਨ ਇਕੋ ਜਵਾਬ ਹੋਵੇਗਾ, ਕੈਨੇਡਾ। ਜੇ ਖ਼ੁਦ ਆਈਲੈਟਸ ਨਹੀਂ ਤਾਂ ਪਿਓ ਦੀ ਦੋ ਕਿੱਲੇ ਜ਼ਮੀਨ ਵੇਚ ਕੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਦਾ ਰਾਹ ਤਾਂ ਕਿਤੇ ਗਿਆ ਹੀ ਨਹੀਂ। ਕੈਨੇਡਾ ਜਾ ਕੇ ਟਰੱਕ ਡਰਾਇਵਰੀ ਜਾਂ ਸਕਿਓਰਿਟੀ ਗਾਰਡ ਦੀ ਨੌਕਰੀ ਕਰਨੀ ਹੀ ਬੱਸ ਹੁਣ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੇ ਜੀਵਨ ਦੀ ਅੰਤਿਮ ਮੰਜ਼ਿਲ ਬਣ ਕੇ ਰਹਿ ਗਈ ਹੈ। ਜੇਕਰ ਕਿਸੇ ਨੂੰ ਕਹਿ ਦੇਵੋ ਕਿ ਵਿਦੇਸ਼ਾਂ ਨੂੰ ਕਿਉਂ ਜਾਂਦੇ ਹੋ, ਇੱਥੇ ਹੀ ਰਹਿ ਕੇ ਕੋਈ ਨੌਕਰੀ ਜਾਂ ਕੰਮ-ਕਾਰ ਕਰ ਲਵੋ, ਤਾਂ ਬੜੇ ਦਾਅਵੇ ਨਾਲ ਕਹਿਣਗੇ, ਇੱਥੇ ਨੌਕਰੀਆਂ ਕਿੱਥੇ ਮਿਲਦੀਆਂ ਨੇ ਤੇ ਕੰਮ-ਕਾਰ ਕੋਈ ਚੱਲਦਾ ਨਹੀਂ।
ਨੌਕਰੀ ਮਿਲੇਗੀ ਵੀ ਕਿੰਜ? ਜਦੋਂ ਪੰਜਾਬ ਦੇ 60 ਫ਼ੀਸਦੀ ਪੇਂਡੂ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ‘ਚ ਪੰਜਾਬੀ ਸਿੱਖ ਪਨੀਰੀ ਦਾ ਪੱਧਰ ਬਹੁਤ ਨੀਵਾਂ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਵੀ ਪੰਜਾਬੀਆਂ ਜਾਂ ਸਿੱਖਾਂ ਦੀ ਸਿੱਖਿਆ ਪੱਖੋਂ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ ‘ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਨਾਂ-ਮਾਤਰ ਹੈ। ਨੌਕਰੀਆਂ ਦੇ ਇਮਤਿਹਾਨੀ ਮੁਕਾਬਲਿਆਂ ਵਿਚ ਬੈਠਣ ਦੀ ਯੋਗਤਾ ਹੀ ਨਹੀਂ ਹੈ ਤਾਂ ਫਿਰ ਸਰਕਾਰੀ ਨੌਕਰੀਆਂ ਕਿਵੇਂ ਮਿਲ ਸਕਦੀਆਂ ਹਨ? ਪੰਜਾਬ ਜਾਂ ਭਾਰਤ ਵਿਚ ਪੜ੍ਹ-ਲਿਖ ਕੇ ਨੌਕਰੀਆਂ ਨਾ ਮਿਲਣ ਦੇ ਪ੍ਰਚਾਰ ਦਾ ਹਿੱਸਾ ਬਣ ਰਹੇ ਸਿੱਖ ਕੀ ਇਹ ਦੱਸ ਸਕਦੇ ਹਨ ਕਿ ਦੇਸ਼ ਦੀਆਂ ਸਿਵਲ ਸੇਵਾਵਾਂ ਵਿਚ ਹਿੱਸਾ ਲੈਣ ਲਈ ਹਰ ਸਾਲ ਕਿੰਨੇ ਕੁ ਸਿੱਖ ਪ੍ਰੀਖਿਆ ਦਿੰਦੇ ਹਨ? ਕਿੰਨੇ ਸਿੱਖ ਆਈ.ਏ.ਐਸ. ਤੇ ਆਈ.ਪੀ.ਐਸ. ਬਣਦੇ ਹਨ? ਸਾਲ 1980 ਵਿਚ ਪੰਜਾਬ ਕੇਡਰ ਦੇ ਪਹਿਲੇ 15 ਆਈ.ਪੀ.ਐੱਸ. ਅਧਿਕਾਰੀਆਂ ਵਿਚੋਂ 10 ਸਿੱਖ ਸਨ ਤੇ ਅੱਜ ਪੰਜਾਬ ਕੇਡਰ ਦੇ ਪਹਿਲੇ 15 ਆਈ.ਪੀ.ਐਸ. ਵਿਚੋਂ ਸਿਰਫ ਤਿੰਨ ਸਿੱਖ ਹਨ ਜਦੋਂਕਿ ਇਨ੍ਹਾਂ ਵਿਚੋਂ ਸਾਰੇ ਡਾਇਰੈਕਟਰ ਜਨਰਲ ਰੈਂਕ ਤੱਕ ਪਹੁੰਚਣ ਤੋਂ ਪਹਿਲਾਂ ਹੀ ਸੇਵਾਮੁਕਤ ਹੋ ਜਾਣਗੇ। ਸਾਲ 2021-22 ਵਿਚ ਪੂਰੇ ਦੇਸ਼ ਵਿਚੋਂ ਕੇਵਲ ਤਿੰਨ ਸਿੱਖ ਆਈ.ਪੀ.ਐਸ. ਲਈ ਚੁਣੇ ਗਏ ਅਤੇ ਪੰਜਾਬ ਕੇਡਰ ਦੇ ਵੀ ਸਿਰਫ ਤਿੰਨ ਆਈ.ਪੀ. ਐੱਸ. ਚੁਣੇ ਗਏ, ਜਿਨ੍ਹਾਂ ਵਿਚੋਂ ਇਕ ਵੀ ਸਿੱਖ ਨਹੀਂ ਹੈ। ਇਸ ਹਿਸਾਬ ਨਾਲ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਵੇਗਾ ਕਿ ਭਵਿੱਖ ਵਿਚ ਪੰਜਾਬ ਦੇ ਪ੍ਰਸ਼ਾਸਨ ਵਿਚ ਸਿੱਖਾਂ ਦੀ ਕੀ ਸ਼ਮੂਲੀਅਤ ਹੋਵੇਗੀ ਜਦੋਂਕਿ ਕੁਝ ਸਾਲ ਪਹਿਲਾਂ ਤੱਕ ਇਕ ਰਵਾਇਤ ਰਹੀ ਹੈ ਕਿ ਪੰਜਾਬ ਦੇ ਡੀ.ਜੀ.ਪੀ. ਜਾਂ ਮੁੱਖ ਸਕੱਤਰ, ਦੋਵਾਂ ਵਿਚੋਂ ਇਕ ਜ਼ਰੂਰ ਸਿੱਖ ਹੁੰਦਾ ਸੀ।
ਅੱਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਵਿਚ ਸਿੱਖ ਅਧਿਕਾਰੀਆਂ ਦੀ ਗਿਣਤੀ ਵੀ ਨਾ-ਮਾਤਰ ਹੁੰਦੀ ਜਾ ਰਹੀ ਹੈ। ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਪੰਜਾਬ ਵਿਚ ਥਾਂ-ਥਾਂ, ਕੰਧਾਂ-ਇਮਾਰਤਾਂ ‘ਤੇ ਤੁਹਾਨੂੰ ਬੋਰਡ ਮਿਲਣਗੇ, ‘ਬਿਨਾਂ ਆਈਲੈਟਸ, ਕੈਨੇਡਾ, ਅਮਰੀਕਾ, ਆਸਟਰੇਲੀਆ ਜਾਓ’, ‘ਪੰਜ ਬੈਂਡ ਆਈਲੈਟਸ ਨਾਲ ਵੀ ਕੈਨੇਡਾ ਦੇ ਵੀਜ਼ੇ ਦੀ ਗਾਰੰਟੀ’, ‘ਆਈਲੈਟਸ ਕਰਨ ਲਈ ਮਿਲੋ’। ਦੂਜੇ ਪਾਸੇ ਬਿਹਾਰ ਵਿਚ ਚਲੇ ਜਾਵੋ ਤਾਂ ਤੁਹਾਨੂੰ ਇਹ ਬੋਰਡ ਥਾਂ-ਥਾਂ ਲਿਖੇ ਮਿਲਣਗੇ, ‘ਆਈ.ਏ.ਐਸ., ਆਈ.ਪੀ.ਐਸ. ਦੀ ਕੋਚਿੰਗ ਲਈ ਆਓ’, ‘ਸਾਡੇ ਕੋਲੋਂ ਕੋਚਿੰਗ ਕਰ ਚੁੱਕੇ ਵਿਦਿਆਰਥੀ ਆਈ.ਏ.ਐਸ., ਆਈ.ਪੀ.ਐਸ. ਵਿਚ ਫਲਾਂ, ਫਲਾਂ ਕੇਡਰ ਵਿਚ ਨਿਯੁਕਤ ਹਨ।’ ਪੰਜਾਬ ਵਿਚੋਂ ਵਿਦੇਸ਼ਾਂ ਵੱਲ ਪਰਵਾਸ ਕੋਈ ਆਮ ਹਿਜ਼ਰਤ ਨਹੀਂ ਹੈ, ਇਹ ਸਾਡੀ ਧਰਤੀ ਦਾ ਬੌਧਿਕ ਪਰਵਾਸ ਹੈ। ਇਹ ਸਾਡੀ ਵਿਦਿਅਕ ਕੰਗਾਲੀ ਦੇ ਲੱਛਣ ਹਨ। ਇਹ ਸਾਡੇ ਉਜਾੜੇ ਦਾ ਰਾਹ ਹੈ।
ਕੋਈ ਪੰਥਕ ਮੋਰਚਾ ਹੋਵੇ, ਕੋਈ ਧਰਨਾ-ਰੈਲੀ ਜਾਂ ਵਿਰੋਧ ਪ੍ਰਦਰਸ਼ਨ ਹੋਵੇ, ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਜੋਸ਼ ਦਿਖਾਈ ਦੇਵੇਗਾ। ਮੂੰਹ-ਸਿਰ ‘ਤੇ ਦਾੜ੍ਹੀ-ਕੇਸ ਨਹੀਂ ਵੀ ਹੋਣਗੇ ਤਾਂ ਨਾਅਰਿਆਂ ਵਿਚਲਾ ਜੋਸ਼ ਪੰਥਪ੍ਰਸਤੀ ਨੂੰ ਬੇ-ਦਾਅਵਾ ਨਹੀਂ ਹੋਣ ਦੇਵੇਗਾ, ਪਰ ਹਕੀਕਤ ਕੀ ਹੈ? ਉਹੀ ਨੌਜਵਾਨ ਅਮਰ ਸਿੰਘ ਚਮਕੀਲੇ ਦਾ ਕਤਲ ਕਰਨ ਵਾਲਿਆਂ ਦਾ ਗੁਣਗਾਣ ਕਰਦੇ ਦਿਖਾਈ ਦੇਣਗੇ ਅਤੇ ਉਹੀ ਮੁੰਡੇ ਕਿਸੇ ਵੇਲੇ ਤੁਹਾਨੂੰ ਚਮਕੀਲੇ ਦੇ ਗੀਤ ਆਪਣੇ ਟਰੈਕਟਰਾਂ ‘ਤੇ ਧਮਕ-ਬੇਸ ਵਿਚ ਲਾ ਕੇ ਮੇਲਿਆਂ ਵਿਚ ਜਾਂਦੇ ਦਿਖਾਈ ਦੇਣਗੇ।
ਉਹੀ ਨੌਜਵਾਨ ਤੁਹਾਨੂੰ ਕੌਮੀਅਤ ਦੇ ਜਾਹੋ-ਜਲਾਲ ਦੀਆਂ ਗਰਮ-ਤਕਰੀਰਾਂ ਦੇ ਰਹੇ ਕਿਸੇ ਬੁਲਾਰੇ ਦੇ ਸਾਹਮਣੇ ਖੜ੍ਹੇ ਨਾਅਰੇ ਮਾਰਦੇ ਮਿਲਣਗੇ ਅਤੇ ਉਹੀ ਗੱਭਰੂ ਬਾਅਦ ਵਿਚ ਹੋਲਾ-ਮਹੱਲਾ ਦੇ ਜੋੜ-ਮੇਲੇ ਵਿਚ ਲੱਚਰ ਗੀਤ ਲਾ ਕੇ ਹੁੱਲੜਬਾਜ਼ੀ ਕਰਨੋਂ ਕਿਸੇ ਸੁਹਿਰਦ ਸਿੰਘ ਦੁਆਰਾ ਰੋਕੇ ਜਾਣ ‘ਤੇ, ਝਗੜਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਪੰਥ ਦੀ ਨੌਜਵਾਨੀ ਦਾ ਗਹਿਰਾ ਦਵੰਦ ਨਹੀਂ ਤਾਂ ਹੋਰ ਕੀ ਹੈ? ਕੌਣ ਇਸ ਦੁਬਿਧਾ ਵਿਚੋਂ ਨੌਜਵਾਨੀ ਨੂੰ ਕੱਢ ਕੇ ਕੌਮ ਦੇ ਭਵਿੱਖ ਦੇ ਵਾਰਿਸ ਬਣਾਉਣ ਦੀ ਸਮਰੱਥਾ ਵਿਚ ਲਿਆਵੇਗਾ? ਕੌਣ ਮੁੰਡਿਆਂ ਨੂੰ ਸਮਝਾਵੇਗਾ ਕਿ ਗਰਮਜੋਸ਼ੀ ਵਾਲੀਆਂ ਤਕਰੀਰਾਂ ‘ਤੇ ਜਜ਼ਬਾਤੀ ਹੋ ਕੇ ਪੰਥ ਲਈ ਮਰ-ਮਿਟਣ ਦੇ ਦਾਅਵੇ ਕਰਨੇ ਹੀ ਅਸਲ ਵਿਚ ਪੰਥਕ ਹੋਣ ਦੀ ਯੋਗਤਾ ਨਹੀਂ ਹੈ, ਬਲਕਿ ਪੰਥਕ ਬਣਨ ਲਈ ਉੱਚਾ ਤੇ ਸੁੱਚਾ ਵਿਵੇਕੀ ਕਿਰਦਾਰ ਅਤੇ ਆਤਮਿਕ ਕਾਇਆ-ਕਲਪ ਹੋਣੀ ਪ੍ਰਥਮ ਸ਼ਰਤ ਹੈ।
ਨੌਜਵਾਨੀ ਇਕੱਲੇ ਨਾਅਰਿਆਂ-ਦਾਅਵਿਆਂ ਦੀ ਬਜਾਇ, ਆਪਣੇ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਧਾਰਨੀ ਬਣੇ। ਨੈਤਿਕ ਸਿੱਖਿਆ ਸਾਡੇ ਵਿਦਿਆ-ਤੰਤਰ ਵਿਚ ਸ਼ਾਮਿਲ ਹੋਣੀ ਚਾਹੀਦੀ ਹੈ ਜੋ ਨੌਜਵਾਨ ਪੀੜ੍ਹੀ ਨੂੰ ਔਰਤਾਂ, ਬਜ਼ੁਰਗਾਂ ਅਤੇ ਵੱਡਿਆਂ ਨਾਲ ਸਲੀਕੇ ਦਾ ਚੱਜ, ਚੰਗੇ ਅਤੇ ਮਾੜੇ ਵਿਚਲੇ ਫਰਕ, ਆਪਣੇ ਅਤੇ ਪਰਾਏ ਦੀ ਪਛਾਣ, ਧਰਮ ਅਤੇ ਅਧਰਮ ਵਿਚਲੇ ਅੰਤਰ ਨੂੰ ਸਮਝਣ ਦੇ ਸਮਰੱਥ ਬਣਾਉਂਦੀ ਹੈ, ਜਿਸ ਤੋਂ ਬਗੈਰ ਕਿਸੇ ਵੀ ਕੌਮ ਦੀ ਜਵਾਨੀ ਭਵਿੱਖ ਦੀ ਵਾਰਿਸ ਨਹੀਂ ਬਣ ਸਕਦੀ।
By: ਤਲਵਿੰਦਰ ਸਿੰਘ ਬੁੱਟਰ
This is an excellent article. I am going to share with my contacts. Thank you.