ਪੰਜਾਬੀ ਸੰਸਾਰ ਨੂੰ ਦਰਪੇਸ਼ ਚੁਣੌਤੀਆਂ
ਪੰਜਾਬੀ ਜ਼ਿੰਦਗੀ ਪੁਰਾਣੇ ਸਮਿਆਂ ਤੋਂ ਹੀ ਰੋਜ਼ ਨਵੀਆਂ ਤਕਲੀਫਾਂ ਨਾਲ ਮੱਥਾ ਲਾਉਂਦੀ ਰਹੀ। ਮੱਧ ਏਸ਼ੀਆ ਵੱਲੋਂ ਦਰਾ ਖੈਬਰ ਰਾਹੀਂ ਧਾੜਵੀਆਂ ਦਾ ਆਉਣਾ ਅਤੇ ਈਰਾਨ ਵੱਲੋਂ ਧਾਰਮਿਕ ਪ੍ਰਚਾਰਕਾਂ ਦਾ ਪਹੁੰਚਣਾ ਚਲਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੰਦੇ ਰਹੇ। ਇਸ ਸਾਰੀ ਉਥਲ-ਪੁਥਲ ਵਿੱਚ ਪੰਜਾਬੀਆਂ ਨੇ ਆਪਣੇ ਪੈਰ ਜਮਾਈ ਰੱਖੋ। ਜਿਸਮਾਨੀ ਤੌਰ ‘ਤੇ ਬਹਾਦਰ ਅਤੇ ਸੁਭਾਅ ਦੇ ਖੁੱਲ੍ਹ ਦਿਲੇ ਬਣਨ ਦਾ ਇਹੀ ਕਾਰਨ ਸੀ।
ਪਰ ਅੱਜ ਪੰਜਾਬੀ ਜਿਨ੍ਹਾਂ ਅਲਾਮਤਾਂ ਨਾਲ ਜੂਝ ਰਿਹਾ ਹੈ ਉਹ ਅਸੀਂ ਆਪ ਸਹੇੜੀਆਂ ਹਨ। ਪੰਜਾਬ ਕਈ ਦਹਾਕਿਆਂ ਤੋਂ ਨਿਘਾਰ ਵੱਲ ਜਾ ਰਿਹਾ ਹੈ। ਕੰਡਿਆਲੀ ਤਾਰ ਤੋਂ ਪਰਲਾ ਪੰਜਾਬ ਸਾਡੇ ਵਾਲੇ ਨਾਲੋਂ ਵੀ ਮਾੜਾ ਹੈ। ਆਪਣੀ ਬੋਲੀ ਛੱਡ ਉਰਦੂ ਵਿੱਚ ਸਾਰੇ ਕੰਮ ਕਾਰ ਕਰਦਿਆਂ ਅਜੇ ਵੀ ਸ਼ਾਂਤੀਵਾਦੀ ਜੀਵਨ ਜਾਚ ਨਾਲ ਜੂਝ ਰਹੇ ਹਨ, ਸਾਡੇ ਲਾਹੌਰ ਵਾਲੇ। ਦੋਵਾਂ ਪੰਜਾਬਾਂ ਦੀ ਸਾਂਝੀ ਤਕਲੀਫ ਹੈ, ਬੇਹਿਸਾਬਾ ਪ੍ਰਵਾਸ ਆਪਣੀ ਜਰਖੇਜ਼ ਭੂਮੀ ਅਤੇ ਮਿੱਠੇ ਪਾਣੀ ਵਾਲੀ ਧਰਤੀ ਛੱਡ ਵਿਦੇਸ਼ੀਂ ਵਸਣ ਦੀ ਹੋੜ ਪੰਜਾਬ ਲਈ ਵੱਡੀ ਸਿਰਦਰਦੀ ਹੈ। ਸਾਡੇ ਪੰਜਾਬ ‘ਚੋਂ ਹਰ ਸਾਲ ਡੇਢ ਦੋ ਲੱਖ ਨੌਜਵਾਨ ਵਿਦੇਸ਼ੀ ਵੱਸ ਰਹੇ ਹਨ। ਇਹ ਵਰਤਾਰਾ ਆਉਂਦੇ ਸਾਲਾਂ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ। ਪ੍ਰਵਾਸ ਦੀ ਇਸ ਹੋੜ ਨਾਲ ਆਉਂਦੇ ਪੰਦਰਾਂ ਸਾਲਾਂ ਵਿੱਚ ਪੰਜਾਬ ਸਿੱਖਾਂ ਦੀ ਘੱਟ ਗਿਣਤੀ ਵਾਲਾ ਸੂਬਾ ਬਣ ਜਾਵੇਗਾ। ਕੌਮੀ ਰਾਜਨੀਤੀ ਅਤੇ ਘੱਟ ਗਿਣਤੀ ਪਹਿਚਾਣ ਲਈ ਇਸ ਦੇ ਮਾੜੇ ਪ੍ਰਭਾਵ ਹੋਣਗੇ।
ਪੰਜਾਬ ਦੇ ਅਸਲ ਨੈਣ-ਨਕਸ਼ ਗੁਰੂ ਸਾਹਿਬਾਨ ਦੇ ਆਗਮਨ ਅਤੇ ਗੁਰਬਾਣੀ ਦੇ ਸੰਸਾਰ ਨਾਲ ਬਣੇ। ਪੋਰਸ ਤੋਂ ਬਾਬਾ ਨਾਨਕ ਵਿਚਕਾਰਲੇ ਦੋ ਹਜ਼ਾਰ ਸਾਲ ਦੇ ਇਤਿਹਾਸ ਵਿੱਚ ਕੋਈ ਪੰਜਾਬੀ ਨਾਇਕ ਲੱਭਣਾ ਮੁਸ਼ਕਲ ਹੈ। ਗੁਰੂ ਸਾਹਿਬਾਨ ਨੇ ਆਪਣੀ ਨਿਰਮਲ ਤੇ ਮਾਖਿਓਂ ਮਿੱਠੀ ਬਾਣੀ ਨਾਲ ਜਿਹੜਾ ਸਰਬੱਤ ਦੇ ਭਲੇ ਦਾ ਪੈਗਾਮ ਦਿੱਤਾ, ਉਸ ਨੇ ਪੰਜਾਬ ਨੂੰ ਆਦਿ-ਵਾਸੀ ਕਬੀਲਾ ਸੱਭਿਆਚਾਰ ਉੱਚਾ ਉਠਾ ਕੇ ਹਿੰਮਤੀ ਸੋਚ ਦੇ ਚਬੂਤਰੇ ‘ਤੇ ਜਾ ਬਿਠਾਇਆ। ਨਿਮਰਤਾ, ਕਿਰਤ, ਸਵੈਮਾਣ ਅਤੇ ਤਿਆਗ ਵਰਗੇ ਸ੍ਰੇਸ਼ਟ ਗੁਣਾਂ ਦੇ ਆਸਰੇ ਪੰਜਾਬੀਆਂ ਨੇ ਧਾੜਵੀਆਂ ਨੂੰ ਬਾਹਰ ਕੱਢਣ ਵਿੱਚ ਮੋਹਰੀ ਭੂਮਿਕਾ ਨਿਭਾਈ। ਅੱਜ ਉਹੀ ਪੰਜਾਬ ਕਿਰਤ ਸੱਭਿਆਚਾਰ ਤੋਂ ਵਿਹੂਣਾ ਹੋ ਰਿਹਾ ਹੈ। ਅਸੀਂ ਭੁੱਲ ਗਏ ਹਾਂ ਕਿ ਬਾਬਾ ਨਾਨਕ ਨੇ ਕਿਰਤ ਨੂੰ ਮਨੁੱਖੀ ਜ਼ਿੰਦਗੀ ਅਤਿ ਮੁੱਲਵਾਨ ਪਹਿਲੂ ਵਜੋਂ ਪ੍ਰਚਾਰਿਆ ਅਠਾਰਾਂ ਵਰ੍ਹੇ ਹੱਥੀਂ ਖੇਤੀ ਕੀਤੀ।
ਹੁਣ ਵਿਹਲੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਇਸੇ ਕਰਕੇ ਧੱਸ ਰਹੇ ਹਨ ਕਿ ਅਸੀਂ ਹੁਨਰਮੰਦ ਕਿਰਤੀ ਬਣਨ ਦੀ ਬਜਾਏ ਚਿਟਕਪੜੀਏ ਬਣਨਾ ਪਸੰਦ ਕਰਦੇ ਹਾਂ। ਵੱਧ ਉਤਪਾਦਨ ਦੇ ਚੱਕਰ ਵਿੱਚ ਅਸੀਂ ਆਪਣੀ ਧਰਤੀ ਅਤੇ ਮਿੱਠਾ ਪਾਣੀ ਖਰਾਬ ਕਰ ਬੈਠੇ ਹਾਂ। ਖੇਤੀ ਮਾਹਿਰਾਂ ਦੀ ਨੀਤੀ ਨੇ ਪੰਜਾਬ ਦੀ ਧਰਤੀ ਨੂੰ ਸਭ ਪਾਸਿਓਂ ਪ੍ਰਦੂਸ਼ਿਤ ਕਰ ਦਿੱਤਾ। ਅਸੀਂ ਵਿਰਾਸਤੀ ਰੁਖ, ਜੀਵ-ਜੰਤੂ ਅਤੇ ਜਾਨਵਰ ਖੋ ਬੈਠੇ ਹਾਂ। ਕੀਟਨਾਸ਼ਕਾਂ ਨਾਲ ਵਾਤਾਵਰਨ ਗੰਧਲਾ ਅਤੇ ਜ਼ਹਿਰੀਲਾ ਕਰ ਬੈਠੇ ਹਾਂ। ਝੋਨਾ ਉਗਾਉਂਦੇ ਬੇਸ਼ ਕੀਮਤੀ ਸਾਧਨਾਂ ਦਾ ਉਜਾੜਾ ਕਰਕੇ ਵੱਡੀ ਮੁਸੀਬਤ ‘ਚ ਘਿਰ ਗਏ ਹਾਂ।
ਆਰਥਿਕ ਸੰਕਟ ਨਾਲ ਅਸੀਂ ਨੈਤਿਕ ਸੰਕਟ ਵਿੱਚ ਜ਼ਿਆਦਾ ਘਿਰੇ ਨਜ਼ਰ ਆਉਂਦੇ ਹਾਂ। ਕੋਈ ਕੌਮ ਆਰਥਿਕ ਸੰਕਟ ਵਿੱਚ ਤਾਂ ਸਾਲਾਂ ਵਿੱਚ ਹੀ ਉਤਰ ਸਕਦੀ ਹੈ ਪਰ ਸਦਾਚਾਰਕ ਸੰਕਟ ਵਿੱਚੋਂ ਨਿਕਲਣ ਲਈ ਦਹਾਕੇ ਲਗ ਜਾਂਦੇ ਹਨ।ਪਿੰਡਾਂ ਦੀਆਂ ਪੰਚਾਇਤਾਂ ਝਗੜੇ ਨਿਬੇੜਣ ਦਾ ਕੰਮ ਕਰਦੀਆਂ। ਹੁਣ ਰਾਜਨੀਤਕ ਗੁੱਟਾਂ ਵਿੱਚ ਵੰਡੀਆਂ ਨਵੇਂ ਝਗੜੇ ਖੜ੍ਹੇ ਕਰ ਰਹੀਆਂ ਹਨ। ਸੇਵਾ ਅਤੇ ਸਮਰਪਣ ਦੀ ਭਾਵਨਾ ਵਾਲੇ ਬਾਬੇ ਸਮਰਪਣ ਦੀ ਭਾਵਨਾ ਵਾਲੇ ਬਾਬੇ ਨਾਲਨਕ ਵਰਗੇ ਚਿਹਰੇ ਹੁਣ ਕਿੱਥੇ ਲੱਭਦੇ ਹਨ।
ਪ੍ਰਵਾਸ ਅਤੇ ਸ਼ਹਿਰੀਕਰਨ ਦੋਵੇਂ ਪੰਜਾਬ ਲਈ ਭੂਤ-ਪਰੇਤ ਵਾਂਗ ਚਿੰਬੜੇ ਨਜ਼ਰ ਆਉਂਦੇ ਹਨ।ਪੰਜਾਬ ਉਨ੍ਹਾਂ ਪਹਿਲੇ ਸੂਬਿਆਂ ‘ਚੋਂ ਹੈ ਜਿੱਥੇ ਬਹੁਤ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਵੱਸ ਰਹੇ ਹਨ। ਸ਼ਹਿਰਾਂ ਦਾ ਅਕਾਰ ਵਧਣ ਕਾਰਨ ਸਲਮ ਦਾ ਰੂਪ ਧਾਰ ਰਹੇ ਹਨ। ਸ਼ਹਿਰੀਕਰਨ ਆਪਣੇ ਆਪ ‘ਚ ਇੱਕ ਸਮੱਸਿਆ ਹੈ। ਪਿੰਡਾਂ ਵਿੱਚ ਮੁਢਲੀਆਂ ਸਹੂਲਤਾਂ ਦੀ ਘਾਟ, ਖੇਤੀ ਦਾ ਸੁੰਗੜਦਾ ਰੁਜ਼ਗਾਰ ਘੇਰਾ ਅਤੇ ਘਟਦੀ ਆਮਦਨ ਕਾਰਨ ਸਾਲ 2030 ਤੱਕ ਅੱਧਾ ਪੰਜਾਬ ਸ਼ਹਿਰਾਂ ‘ਚ ਹੋਵੇਗਾ।
ਪਗੜੀ ਪੰਜਾਬੀ ਸਮਾਜ ਦੀ ਆਨ ਅਤੇ ਸ਼ਾਨ ਹੈ। ਨੌਜਵਾਨਾਂ ਵਿੱਚੋਂ ਇਹ ਤੇਜ਼ੀ ਨਾਲ ਅਲੋਪ ਹੋ ਰਹੀ ਹੈ। ਜੇਕਰ ਅਸੀਂ ਆਪਣਾ ਖਾਣ ਪੀਣ ਅਤੇ ਪਹਿਰਾਵਾ ਹੀ ਖੋ ਬੈਠੇ ਤਾਂ ਕਿਹੜਾ ਪੰਜਾਬੀਆਂ ਦੀ ਸਰਦਾਰੀ ਦੀ ਗੱਲ ਕਰੇਗਾ। ਜੇਕਰ ਪੰਜਾਬ ਗੁਰੂਆਂ ਦੇ ਨਾਂਅ ‘ਤੇ ਜਿਉਂਦਾ ਹੈ ਤਾਂ ਪੰਜਾਬੀ ਭਾਸ਼ਾ ਅਤੇ ਪਗੜੀ ਦੀ ਸੰਭਾਲ ਅਤਿ ਜ਼ਰੂਰੀ ਹੈ। ਮਾਂ ਭਾਸ਼ਾ ਮੂੰਹੋਂ ਅਤੇ ਪਗੜੀ ਸਿਰੋਂ ਲੱਥਣੀ ਨਹੀਂ ਚਾਹੀਦੀ।
ਪੰਜਾਬ ਅਤੇ ਪੰਜਾਬੀ ਜ਼ਿੰਦਗੀ ਵੱਡੇ ਸੰਕਟ ਵੱਲ ਵੱਧ ਰਹੀ ਹੈ। ਹਰ ਪਾਸੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਸਿਕੰਦਰ ਅਤੇ ਨਾਦਰਸ਼ਾਹਾਂ ਦਾ ਮੁਕਾਬਲਾ ਕਰਨ ਵਾਲਾ ਪੰਜਾਬੀ ਖੁਦ ਮੁਸ਼ਕਲਾਂ ਵਿੱਚ ਘਿਰਿਆ ਨਜ਼ਰ ਆ ਕਾਰਨ ਕੋਰਟ-ਕਚਹਿਰੀ ਵਿੱਚ ਆ ਰਿਹਾ ਹੈ। ਸਰਕਾਰੀ ਯਤਨਾਂ ਤੋਂ ਪਰੇ ਕੀਮਤੀ ਪੁੰਜੀ ਨਸ਼ਟ ਹੋ ਰਹੀ ਹੈ। ਹੱਟ ਕੇ ਧਾਰਮਿਕ ਅਤੇ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪੰਜਾਬੀਆਂ ਦੀ ਸਮਾਜਿਕ ਅਤੇ ਸੱਭਿਆਚਾਰਕ ਪੁਨਰ ਜਾਗ੍ਰਿਤੀ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਸਾਡੇ ਧਾਰਮਿਕ ਸਥਾਨ ਸਾਡੇ ਸਮਾਜਿਕ ਸਰੋਕਾਰਾਂ ਲਈ ਰੌਸ਼ਨ ਮੀਨਾਰ ਬਣ ਕੇ ਅਗਵਾਈ ਕਰਨ ਦੇ ਸਮਰੱਥ ਹਨ। ਜੇਕਰ ਹਰ ਦੇਸੀ ਮਹੀਨੇ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਪਵਿੱਤਰ ਬਾਣੀ ਸਵਰਣ ਕਰਨ ਉਪਰੰਤ ਜੁੜੀ ਸੰਗਤ ਵਿੱਚ ਨਰੋਈ ਜੀਵਨ ਜਾਂਚ ਬਾਰੇ ਗੁਰਬਾਣੀ ਦੀ ਰੌਸ਼ਨੀ ਵਿੱਚ ਗਲ ਕਰ ਲਈ ਜਾਵੇ ਤਾਂ ਬਹੁਤ ਸਮੱਸਿਆਵਾਂ ਦਾ ਸਮਾਧਾਨ ਨਿਕਲਣ ਵਿੱਚ ਮਦਦ ਮਿਲੇਗੀ।
ਪੰਜਾਬੀਆਂ ਵਿੱਚ ਪਿਛਲੇ ਕੁਝ ਸਮੇਂ ਤੋਂ ‘ਠੱਗੇ ਗਏ’ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ।ਰਾਜਨੀਤਕ ਧਿਰਾਂ ਵੱਲੋਂ ਇਸ ਗੱਲ ਨੂੰ ਪ੍ਰਚਾਰ ਕੇ ਲਾਹਾ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਪਰ ਸੱਤਾਪ੍ਰਸਤ ਰਾਜਨਤੀ ਸਮੱਸਿਆ ਹੱਲ ਕਰਨ ਦੀ ਬਜਾਏ ਹੋਰ ਗਹਿਰੀ ਕਰ ਦਿੰਦੀ ਹੈ।
ਜਦ ਤੱਕ ਸੱਤਾ ਦੀ ਲਾਲਸਾ ਸਾਡੇ ਨੇਤਾਵਾਂ ਦਾ ਮੁਖ ਉੱਦੇਸ਼ ਰਹੇਗਾ ਤਦ ਤੱਕ ਇਹ ਸੰਕਟ ਘਟਣ ਦੀ ਥਾਂ ਹੋਰ ਵਧੇਗਾ। ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਚਿੰਤਨ ਕਰਨ ਦੀ ਜ਼ਰੂਰਤ ਹੈ। ਤਾਂ ਕਿ ਅਸੀਂ ਖਤਰਨਾਕ ਚੌਰਸਤੇ ਤੋਂ ਪਾਰ ਵੇਖ ਸਕੀਏ। ਪੰਜਾਬੀਆਂ ਲਈ ਨਵੀਂ ਸਮਾਜ ਸੁਧਾਰ ਲਹਿਰ ਦੀ ਜ਼ਰੂਰਤ ਜਿਹੜੀ ਸਾਨੂੰ ਮੁੜ ਮੁਲਵਾਨ ਕਦਰਾਂ ਕੀਮਤਾਂ ਨਾਲ ਜੋੜ ਕੇ ਪੰਜਾਬੀਆਂ ਨੂੰ ਵਿਸ਼ਵ ਪੱਧਰ ‘ਤੇ ਸਿਰਮੌਰ ਕੌਮ ਵਜੋਂ ਉਭਾਰਨ ਵਿੱਚ ਮਦਦ ਕਰੇਗੀ।
By : ਜੀ.ਕੇ. ਸਿੰਘ ਆਈ.ਏ.ਐਸ. (ਸੇਵਾਮੁਕਤ)
Reasoning and facts have given without recommendations of remedies.