Home 9 Latest Articles 9 ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਵਾਦ

ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ (ਕੀਮਤ: 500 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਦੀ ਸੰਪਾਦਨਾ ਡਾ. ਮਹਿਲ ਸਿੰਘ ਅਤੇ ਡਾ. ਆਤਮ ਸਿੰਘ ਰੰਧਾਵਾ ਨੇ ਕੀਤੀ ਹੈ। ਇਹ ਪੁਸਤਕ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਸਨਮੁਖ ਉੱਜਲ ਭਵਿੱਖ ਦੇ ਨਕਸ਼ ਉਲੀਕਦੀ ਅਤੇ ਨਵੇਂ ਸੰਵਾਦ ਦਾ ਆਗਾਜ਼ ਕਰਦੀ ਹੈ। ਇਸ ਪੁਸਤਕ ਵਿਚਲੇ 16 ਲੇਖ ਪੰਜਾਬ ਦੀ ਰਾਜਨੀਤੀ, ਆਰਥਿਕਤਾ, ਸਮਾਜਿਕਤਾ, ਕਿਸਾਨੀ, ਭਾਸ਼ਾ ਅਤੇ ਉਦਯੋਗਿਕ ਖੇਤਰਾਂ ਨਾਲ ਸਬੰਧਿਤ ਹਨ। ਇਹ ਲੇਖ ਵੱਖੋ-ਵੱਖਰੇ ਖੇਤਰਾਂ ਦੇ ਮਾਹਿਰ ਵਿਦਵਾਨਾਂ ਦੇ ਲਿਖੇ ਹਨ।

ਪ੍ਰਸਿੱਧ ਸਮਾਜ ਵਿਗਿਆਨੀ ਜੇ.ਪੀ.ਐੱਸ. ਉਬਰਾਏ ਪੰਜਾਬ ਨੂੰ ਇਉਂ ਪਰਿਭਾਸ਼ਤ ਕਰਦੇ ਹਨ ਕਿ ‘ਪੰਜਾਬ ਇੱਕ ਵਿਚਾਰ ਹੈ।’ ਪੰਜਾਬ ਸਿਰਫ਼ ਇੱਕ ਵਿਚਾਰ ਨਹੀਂ ਹੈ, ਵਿਚਾਰਾਂ ਤੋਂ ਕਿਤੇ ਜ਼ਿਆਦਾ ਹੈ, ਇਸ ਦੀ ਭੌਤਿਕ ਵਿਸਾਤ ਹੈ’। ਇਸ ਦੀ ਪੁਸ਼ਟੀ ਇਸ ਪੁਸਤਕ ਦੀ ਆਦਿਕਾ ਵਿੱਚ ਸੁਰਜੀਤ ਪਾਤਰ ਦੀ ਕਾਵਿਕ-ਸਤਰਾਂ ਵੀ ਕਰਦੀਆਂ ਹਨ:

ਇਹ ਪੰਜਾਬ ਕੋਈ ਨਿਰਾ ਜੁਗਰਾਫ਼ੀਆ ਨਹੀਂ,
ਇਹ ਇੱਕ ਰੀਤ, ਇੱਕ ਗੀਤ ਇਤਿਹਾਸ ਵੀ ਹੈ।
ਗੁਰੂਆਂ ਰਿਸ਼ੀਆਂ ਤੇ ਸੂਫ਼ੀਆਂ ਸਿਰਜਿਆ ਏ,
ਇਹ ਇੱਕ ਫ਼ਲਸਫ਼ਾ ਸੋਚ ਅਹਿਸਾਸ ਵੀ ਹੈ।
ਕਿੰਨੇ ਝੱਖੜਾਂ, ਤੂਫ਼ਾਨਾਂ ’ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁਝ ਕੁਝ ਉਦਾਸ ਵੀ ਹੈ।

ਪੰਜਾਬ ਸਮੁੱਚੀ ਜੀਵਨ ਜਾਚ ਦੀ ਵਿਰਾਸਤ, ਪਰੰਪਰਾ ਤੇ ਸੋਚ ਹੈ ਜਿਸ ਵਿੱਚ ਨਾਬਰੀ ਤੇ ਮੁੜ ਸੁਰਜੀਤ ਹੋਣ ਦਾ ਬਲ ਹੈ।

ਇਸ ਪੁਸਤਕ ਵਿਚਲੇ ਲੇਖਾਂ ਦਾ ਕੇਂਦਰੀ ਨੁਕਤਾ ਪੰਜਾਬ ਪ੍ਰਤੀ ਚਿੰਤਾ ਤੇ ਚਿੰਤਨ ਹੈ ਕਿ ਪੰਜਾਬ ਦੇ ਚੰਗੇ ਅਤੇ ਸੁਨਹਿਰੀ ਭਵਿੱਖ ਦੇ ਰਾਹ ਵਿੱਚ ਕਿਹੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਹਨ। ਇਨ੍ਹਾਂ ਸਮੱਸਿਆਵਾਂ ਤੇ ਚੁਣੌਤੀਆਂ ਨਾਲ ਕਿਵੇਂ ਨਜਿੱਠਣਾ ਹੈ? ਇਸ ਬਾਰੇ ਇਨ੍ਹਾਂ ਲੇਖਾਂ ’ਚੋਂ ਕੰਨਸੋਅ ਮਿਲਦੀ ਹੈ। ਪੰਜਾਬ ਦੀ ਧਰਤੀ, ਪੌਣ-ਪਾਣੀ, ਖੇਤੀ, ਰੁਜ਼ਗਾਰ, ਜਵਾਨੀ ਸਭ ਸਮੱਸਿਆਵਾਂ ਵਿੱਚ ਘਿਰੇ ਨਜ਼ਰ ਆਉਂਦੇ ਹਨ। ਪਰ ਪੰਜਾਬ ਦੀ ਵਿਰਾਸਤ ਵਿਚਲੀਆਂ ਲੋਕ ਸਿਆਣਪਾਂ ਵਿੱਚ ‘ਜੀਵੈ ਆਸਾ ਮਰੈ ਨਿਰਾਸਾ’ ਵਰਗੇ ਸੰਕਲਪ ਹਨ। ਇਸ ਕਰਕੇ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਪੰਜਾਬ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਹਿੰਮਤ ਰੱਖਦਾ ਹੈ।

ਪੁਸਤਕ ਦੇ ਪਹਿਲੇ ਲੇਖ ‘ਪੰਜਾਬ 2.0: ਚੰਗੇ ਭਵਿੱਖ ਦੀ ਤਲਾਸ਼’ ਵਿੱਚ ਅਮਰਜੀਤ ਸਿੰਘ ਗਰੇਵਾਲ ਮੱਤ ਪੇਸ਼ ਕਰਦੇ ਹਨ ਕਿ ਪੰਜਾਬ ਦੀ ਖੇਤੀਬਾੜੀ ਦੀ ਵਿਕਾਸ ਦਰ 1971-72 ਤੋਂ 1985-86 ਤੱਕ 5-7 ਫ਼ੀਸਦੀ ਸੀ ਜੋ 2005-06 ਤੋਂ 2014-15 ਤੱਕ ਘਟ ਕੇ 1.61 ਫ਼ੀਸਦੀ ਰਹਿ ਗਈ। ਅੰਕੜਿਆਂ ਦੇ ਲਿਹਾਜ਼ ਨਾਲ ਪੰਜਾਬ ਦੀ ਖੇਤੀਬਾੜੀ ਦੀ ਸਥਿਤੀ ਨਿਘਾਰ ਵੱਲ ਜਾ ਰਹੀ ਹੈ। ਪਿਛਲੇ ਵੀਹ ਬਾਈ ਸਾਲਾਂ ਤੋਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਬਿਜਲੀ, ਪਾਣੀ, ਆਟਾ ਦਾਲ ਅਤੇ ਬੱਸ ਯਾਤਰਾ ਵਰਗੀਆਂ ਸਕੀਮਾਂ ਕਿਰਤ ਦੀ ਪੂਜਾ ਕਰਨ ਵਾਲੇ ਲੋਕਾਂ ਦੇ ਵਿਕਾਸ ਵਿੱਚ ਅੜਿੱਕਾ ਬਣ ਗਈਆਂ ਹਨ। ਸੁੱਚਾ ਸਿੰਘ ਗਿੱਲ ਆਪਣੇ ਲੇਖ ‘ਨਵੇਂ ਖੇਤੀ ਕਾਨੂੰਨ, ਖੇਤੀ ਦਾ ਸੰਕਟ ਤੇ ਖੇਤੀ ਦੇ ਬਦਲਵੇਂ ਮਾਡਲ’ ਵਿੱਚ ਲਿਖਦੇ ਹਨ ਕਿ ਨਵੇਂ ਖੇਤੀ ਕਾਨੂੰਨ ਵਿੱਚ ਉਦਾਰਵਾਦੀ ਸੋਚ ਕਿਉਂ ਮਹੱਤਵਪੂਰਨ ਹੈ। ਇਸ ਦੇ ਤਿੰਨ ਥੰਮ੍ਹ ਅਮਰੀਕੀ, ਮਲਟੀਨੈਸ਼ਨਲ ਕਾਰਪੋਰੇਸ਼ਨ, ਐਮਐਫਐਮ ਅਤੇ ਵਿਸ਼ਵ ਬੈਂਕ ਹਨ ਜਿਨ੍ਹਾਂ ਦੇ ਆਧਾਰ ’ਤੇ ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਪਾਸ ਹੋ ਰਹੇ ਹਨ। ਦੁਨੀਆ ਭਰ ਵਿੱਚ ਕੰਟਰੈਕਟ ਫਾਰਮਿੰਗ ਐਕਟ ਰੱਦ ਹੋਣੇ ਚਾਹੀਦੇ ਹਨ ਅਤੇ ਕਿਸਾਨੀ ਦੀ ਖੁਸ਼ਹਾਲੀ ਵਾਸਤੇ ਘੱਟ ਤੋਂ ਘੱਟ ਸਮਰਥਨ ਮੁੱਲ ਤੈਅ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਿਓ ਲਿਬਰਲ ਕਾਨੂੰਨ ਲੋਕ ਹਿੱਤਾਂ ਦੇ ਖਿਲਾਫ਼ ਹੁੰਦੇ ਤੇ ਕਿਸਾਨਾਂ ਦਾ ਸ਼ੋਸ਼ਣ ਕਰਦੇ ਹਨ ਜਿਸ ਤਰ੍ਹਾਂ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਹੋ ਰਿਹਾ ਹੈ। ਅਜਿਹੇ ਖੇਤੀ ਕਾਨੂੰਨ ਪਾਸ ਹੋਣ ਨਾਲ ਕੁਦਰਤੀ ਸਰੋਤ ਵੀ ਨਿੱਜੀ ਹੱਥਾਂ ਵਿੱਚ ਚਲੇ ਜਾਣਗੇ ਜਿਸ ਨਾਲ ਸਮਾਜਿਕ ਸੰਤੁਲਨ ਵਿਗੜ ਜਾਵੇਗਾ। ਜਿਉਂ ਜਿਉਂ ਸਰਕਾਰ ਜਨਤਕ ਖੇਤਰਾਂ ਵਿੱਚ ਨਿਵੇਸ਼ ਘਟਾ ਰਹੀ ਹੈ ਤਿਉਂ ਤਿਉਂ ਸਮਾਜਿਕ ਤੇ ਆਰਥਿਕ ਪਾੜੇ ਵਧਦੇ ਜਾ ਰਹੇ ਹਨ। ਡਾ. ਗਿੱਲ ਆਪਣੇ ਲੇਖ ਵਿੱਚ ਕੇਰਲ ਵਿੱਚ ਰਹਿੰਦੀਆਂ ਔਰਤਾਂ ਦੇ ਕੁਟੰਬ ਦੀ ਉਦਾਹਰਣ ਦਿੰਦੇ ਹਨ ਕਿ ਕਿਵੇਂ ਉਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੀਆਂ ਹਨ। ਇਸ ਤਰੀਕੇ ਨਾਲ ਕਾਸ਼ਤ ਸਹਿਕਾਰੀ ਹੋ ਜਾਂਦੀ ਹੈ। ਡਾ. ਗਿੱਲ ਮੁਤਾਬਿਕ ਸਰਕਾਰ, ਲੋਕਾਂ ਅਤੇ ਕਿਸਾਨਾਂ ਦੇ ਆਪਸੀ ਸਹਿਯੋਗ ਨਾਲ ਕਿਸਾਨ ਤੇ ਸਮਾਜ ਬਚ ਸਕਦੇ ਹਨ।

ਦਵਿੰਦਰ ਸ਼ਰਮਾ ਦਾ ਲੇਖ ‘ਪੰਜਾਬ ਦੀ ਗੁੰਮ ਗਈ ਸ਼ਾਨ ਦੀ ਪੁਨਰ ਸੁਰਜੀਤੀ ਦਾ ਰਾਹ’ ਬੜਾ ਮਹੱਤਵਪੂਰਨ ਹੈ। ਇਸ ਵਿੱਚ ਦੱਸਿਆ ਹੈ ਕਿ ਪੰਜਾਬੀ ਵਿਅਕਤੀ ਹਮੇਸ਼ਾ ਮੁਸ਼ਕਿਲਾਂ, ਔਕੜਾਂ ਤੇ ਸਮੱਸਿਆਵਾਂ ਨਾਲ ਜੂਝਦਾ ਰਿਹਾ, ਪਰ ਉਹ ਕਦੇ ਵੀ ਢਹਿੰਦੀਆਂ ਕਲਾ ਵਿੱਚ ਨਹੀਂ ਰਿਹਾ। ਕਿਸਾਨੀ ਦੇ ਗੰਭੀਰ ਸੰਕਟ ਕਾਰਨ ਉਸ ਦਾ ਮਨੋਬਲ ਟੁੱਟਦਾ ਨਜ਼ਰ ਆ ਰਿਹਾ ਹੈ। ਲੇਖ ਵਿਚਲੇ ਅੰਕੜਿਆਂ ਮੁਤਾਬਿਕ ਸਾਲ 2000 ਤੋਂ 2015 ਦਰਿਮਆਨ 15 ਸਾਲਾਂ ਦੌਰਾਨ 16000 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਇਨ੍ਹਾਂ ’ਚੋਂ 83 ਫ਼ੀਸਦੀ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ ਹੈ ਅਤੇ 76 ਫ਼ੀਸਦੀ ਕੋਲ ਦੋ ਏਕੜ ਤੋਂ ਘੱਟ ਜ਼ਮੀਨ ਹੈ। ਇਹ ਅੰਕੜੇ ਪੰਜਾਬੀਆਂ ਦੇ ਸੁਭਾਅ ਦੇ ਬਿਲਕੁਲ ਉਲਟ ਹਨ। ਡਾ. ਸ਼ਰਮਾ ਆਪਣੇ ਲੇਖ ’ਚ ਅੰਕੜੇ ਦਿੰਦਿਆਂ ਕਰਜ਼ੇ ਕਰਕੇ ਪੰਜਾਬ ’ਚ ਪਸਰੀ ਨਿਰਾਸ਼ਾ ਨੂੰ ਉਜਾਗਰ ਕਰਦੇ ਹਨ ਕਿ ਪੰਜਾਬ ਦਾ ਹਰ ਤੀਜਾ ਕਿਸਾਨ ਗ਼ਰੀਬੀ ਰੇਖਾ ਤੋਂ ਹੇਠਾਂ ਹੈ। ਉਹ ਇਸ ਗੱਲ ’ਤੇ ਵਧੇਰੇ ਜ਼ੋਰ ਦਿੰਦੇ ਹਨ ਕਿ ਅਜਿਹੇ ਸੰਕਟ ’ਚੋਂ ਉੱਭਰਨ ਲਈ ਭਾਈਚਾਰਕ ਤੌਰ ’ਤੇ ਇੱਕ ਦੂਜੇ ਦੀ ਬਾਂਹ ਫੜਨ ਦੀ ਲੋੜ ਹੈ।

‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦਾ ਸਮਾਜਿਕ ਆਰਥਿਕ ਅਤੇ ਜਨਸੰਖਿਅਕ ਵਿਸ਼ਲੇਸ਼ਣ’ ਲੇਖ ਵਿੱਚ ਡਾ. ਗਿਆਨ ਸਿੰਘ ਪਰਵਾਸ ਦੀਆਂ ਵਿਧੀਗਤ ਘੁਣਤਰਾਂ ਬਾਰੇ ਲਿਖਦੇ ਹਨ ਕਿ ਪਰਵਾਸ ਕੋਈ ਨਵਾਂ ਵਰਤਾਰਾ ਨਹੀਂ। ਉਹ ਪਰਵਾਸ ਦੇ ਇਤਿਹਾਸਕ, ਸਮਾਜਿਕ ਅਤੇ ਆਰਥਿਕ ਸਰੋਕਾਰਾਂ ਅਤੇ ਇਸ ਦੇ ਨਤੀਜਿਆਂ ਨੂੰ ਆਪਣੀ ਚਰਚਾ ਦਾ ਆਧਾਰ ਬਣਾਉਂਦੇ ਹਨ। ਇਹ ਲੇਖ ਅੰਕੜਿਆਂ ’ਤੇ ਆਧਾਰਿਤ ਸਮਾਜਿਕ ਸੰਗਠਨ ਅਤੇ ਪਰਵਾਸ ਦੇ ਮੂਲ ਸਰੋਕਾਰਾਂ ਨੂੰ ਸਮਝਣ ਵਿੱਚ ਵਧੇਰੇ ਸਹਾਈ ਹੁੰਦਾ ਹੈ ਜਿਨ੍ਹਾਂ ਨਾਲ ਪੰਜਾਬ ਪਿਛਲੇ ਵੀਹ ਸਾਲਾਂ ਤੋਂ ਜੂਝ ਰਿਹਾ ਹੈ। ਉਨ੍ਹਾਂ ਅਨੁਸਾਰ ਪਰਵਾਸੀ ਲੋਕਾਂ ਨੂੰ ਵਿਦੇਸ਼ਾਂ ਵਿੱਚ ਵਧੀਆ ਰਹਿਣ-ਸਹਿਣ, ਪ੍ਰਸ਼ਾਸ਼ਨਿਕ ਸਹੂਲਤਾਂ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਵਧੇਰੇ ਆਕਰਸ਼ਿਤ ਕਰਦੇ ਹਨ।

ਡਾ. ਮਨਮੋਹਨ ਦਾ ਲੇਖ ‘ਪੰਜਾਬ ਦੇ ਸਰੋਕਾਰ ਤੇ ਸਮੱਸਿਆਵਾਂ, ਚੁਣੌਤੀਆਂ ਤੇ ਸਮਾਧਾਨ’ ਪੰਜਾਬ ਦੇ ਸਮਕਾਲੀ ਹਾਲਾਤ ਅਤੇ ਨਿਘਾਰ ਵਾਲੀ ਸਥਿਤੀ ਨੂੰ ਬਣਾਉਣ ਵਾਲੇ ਕਾਰਨਾਂ ਦੀ ਪਛਾਣ ਕਰਦਾ ਹੈ। ਪੰਜਾਬ ਦੀ ਵੰਡ, ਹਰੀ ਕ੍ਰਾਂਤੀ, ਅਤਿਵਾਦ, ਸਰਕਾਰੀ ਉਦਯੋਗਿਕ ਨੀਤੀਆਂ, ਸਮਾਜਿਕ ਨਾਬਰਾਬਰੀ ਅਤੇ ਆਰਥਿਕ ਪਾੜਾ ਇਸ ਦੇ ਮੁੱਖ ਕਾਰਨਾਂ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਹਨ।

ਇਸ ਪੁਸਤਕ ਵਿੱਚ ਪੰਜਾਬੀ ਬੋਲੀ ਬਾਰੇ ਦੋ ਮਹੱਤਵਪੂਰਨ ਲੇਖ ਦਰਜ ਹਨ। ਇਹ ਡਾ. ਸੁਮੇਲ ਸਿੰਘ ਸਿੱਧੂ ਦਾ ਲੇਖ ‘ਪੰਜਾਬੀ ਨਜ਼ਰੀਏ ਦੀ ਬੁਨਿਆਦ ਦੀ ਵੰਗਾਰ’ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਦਾ ਲੇਖ ‘ਪੰਜਾਬ ਦੇ ਉਜਲੇ ਭਵਿੱਖ ਦਾ ਭਾਸ਼ਾਈ ਮਾਡਲ’ ਹਨ। ਡਾ. ਸਿੱਧੂ ਨੇ ਪੰਜਾਬੀ ਬੋਲੀ ਦੇ ਇਤਿਹਾਸਕ ਪਿਛੋਕੜ ਅਤੇ ਸਮਕਾਲੀ ਸਥਿਤੀ ਨੂੰ ਲੇਖਕਾਂ/ਕਵੀਆਂ ਦੀ ਦ੍ਰਿਸ਼ਟੀ ਨਾਲ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਵਿਹਾਰਕ ਅਤੇ ਅਕਾਦਮਿਕ ਬੋਲੀ ਨੂੰ ਅੰਗਰੇਜ਼ੀ ਦੇ ਸਮਵਿੱਥ ਰੱਖ ਕੇ ਵੇਖਦੇ ਹਨ। ਅਕਾਦਮਿਕਤਾ ਵਿਚਲੀ ਪੰਜਾਬੀ ਬੋਲੀ ਦੇ ਨਿਘਾਰ ਦਾ ਕਾਰਨ ਉਹ ਆਲੋਚਕਾਂ ਵੱਲੋਂ ਪਹਿਲਾਂ ਲਿਖੇ ਉੱਤੇ ਛਾਨਣਾ ਨਾ ਲਗਾਉਣ ਨੂੰ ਮੰਨਦੇ ਹਨ ਕਿਉਂਕਿ ਆਲੋਚਕਾਂ ਨੇ ਨਵੀਂ ਪੀੜ੍ਹੀ ਨੂੰ ਨਵੇਂ ਜ਼ਾਵੀਏ ਤੋਂ ਸੋਚਣ ਲਈ ਉਤਸ਼ਾਹਿਤ ਨਹੀਂ ਕੀਤਾ। ਡਾ. ਪਰਮਜੀਤ ਢੀਂਗਰਾ ਦੇ ਲੇਖ ਮੁਤਾਬਿਕ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਭਾਸ਼ਾਈ ਸੰਚਾਰ ਦਾ ਮਾਡਲ ਸਥਾਨਕ ਨਾ ਰਹਿ ਕੇ ਸਗੋਂ ਬਹੁਤਾ ਹਿੱਸਾ ਤਕਨਾਲੋਜੀ ਦੀ ਪਕੜ ’ਚ ਆ ਗਿਆ ਹੈ। ਉਹ ਖੇਤੀ ਤੇ ਸਮਾਜਿਕ ਖੇਤਰਾਂ ਨੂੰ ਬਚਾਉਣ ਲਈ ਸਥਾਨਕ ਭਾਸ਼ਾਵਾਂ ਤੇ ਸਾਧਨਾਂ ਨੂੰ ਤਾਕਤਵਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹਨ। ਨਿੱਜੀਕਰਨ ਨੂੰ ਨਿਰਉਤਸ਼ਾਹਿਤ ਕਰਕੇ ਸਰਕਾਰੀ ਸਿੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ।

ਇਸ ਪੁਸਤਕ ਵਿਚਲੇ ‘ਪੰਜਾਬ ਵਿੱਚ ਆਪ ਦਾ ਉਭਾਰ’ ਡਾ. ਸੁਖਜੀਤ ਸਿੰਘ, ‘ਪੰਜਾਬ ਦੀ ਜਵਾਨੀ ਤੇ ਕਿਸਾਨੀ, ਵਰਤਮਾਨ ਤੇ ਭਵਿੱਖਮੁਖੀ ਚੁਣੌਤੀਆਂ’ ਡਾ. ਬਲਜੀਤ ਸਿੰਘ, ‘ਪੰਜਾਬ ਦਾ ਨਿਰਯਾਤ ਖੇਤਰ’ ਨਵਜੋਤ ਕੌਰ, ‘ਸਮਕਾਲੀ ਪੰਜਾਬ ਸਮਾਜ ਵਿਗਿਆਨਕ ਨਜ਼ਰੀਏ ਤੋਂ’ ਸੁਖਬੀਰ ਸਿੰਘ ਦੇ ਲੇਖ ਮਹੱਤਵਪੂਰਨ ਹਨ। ਇਨ੍ਹਾਂ ਲੇਖਾਂ ਵਿੱਚੋਂ ਇੱਕ ਸਾਂਝਾ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੰਜਾਬ ਦੀ ਪਰੰਪਰਕ ਤੇ ਵਿਰਾਸਤੀ ਪਛਾਣ ਨੂੰ ਕਿਵੇਂ ਬਹਾਲ ਕਰਨਾ ਹੈ। ਇਸ ਬਾਰੇ ਯਤਨਾਂ ਦੀ ਕੋਸ਼ਿਸ਼ ਕੀਤੀ ਗਈ ਹੈ।

ਪੰਜਾਬ ਦੀ ਭੂਗੋਲਿਕ, ਆਰਥਿਕ, ਰਾਜਨੀਤਕ ਤੇ ਸਮਾਜਿਕ ਸੰਰਚਨਾ ਹਿੰਦੋਸਤਾਨ ਦੇ ਬਾਕੀ ਸੂਬਿਆਂ ਨਾਲੋਂ ਵੱਖਰੀ ਹੈ। ਵਸੋਂ ਦੇ ਆਧਾਰ ’ਤੇ ਵੀ ਪੰਜਾਬੀ ਦਾ ਸੰਗਠਨ ਭਿੰਨ ਹੈ। ਡਾ. ਸੁਰਜੀਤ ਹਾਂਸ ਦੇ ਕਥਨ ਮੁਤਾਬਿਕ ਜੇ ਸਮੁੱਚੇ ਹਿੰਦੋਸਤਾਨ ਵਿੱਚ ਬਦਲਾਅ ਦੀ ਆਸ ਨਜ਼ਰ ਆਉਂਦੀ ਹੈ ਤਾਂ ਉਹ ਕਿਰਤੀ, ਦਲਿਤ ਵਰਗ ਕੋਲ ਹੈ। ਪਰ ਉਨ੍ਹਾਂ ਦੀ ਬਦਕਿਸਮਤੀ ਇਸ ਗੱਲ ਵਿੱਚ ਹੈ ਕਿ ਉਨ੍ਹਾਂ ਕੋਲ ਡਾ. ਭੀਮਰਾਓ ਅੰਬੇਦਕਰ ਤੋਂ ਬਾਅਦ ਸੁਯੋਗ ਨੇਤਾ ਦੀ ਅਣਹੋਂਦ ਰਹੀ ਹੈ। ਪੰਜਾਬ ਦੀ ਵਸੋਂ ਵਿੱਚ ਕਿਸਾਨੀ ਤੇ ਦਲਿਤ ਵਰਗ ਹੀ ਸਮੁੱਚੇ ਪੰਜਾਬ ਦੀ ਤਸਵੀਰ ਨੂੰ ਬਦਲਣ ’ਚ ਸਹਾਈ ਹੋ ਸਕਦੇ ਹਨ।

ਇਹ ਪੁਸਤਕ ਇਸ ਗੱਲ ਦੀ ਸ਼ਾਅਦੀ ਭਰਦੀ ਹੈ ਕਿ ਪੰਜਾਬ ਦੇ ਦਾਨਿਸ਼ਵਰ ਹਮੇਸ਼ਾ ਹੀ ਪੰਜਾਬ ਦੇ ਲੋਕ ਹਿੱਤਾਂ ਲਈ ਫ਼ਿਕਰਮੰਦ ਰਹੇ ਹਨ।

By : ਡਾ. ਅਮਨਦੀਪ ਕੌਰ