ਕਿਸੇ ਵੇਲੇ ਪੰਜਾਬ ਬਾਰੇ ਪੰਜਾਬੀ ਦੇ ਮਹਾਨ ਸ਼ਾਇਰ ਵਾਰਿਸ ਸ਼ਾਹ ਨੇ ਲਿਖਿਆ ਸੀ:
ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ।
ਸੁਬਹ ਸਾਦਕ ਹੋਈ ਜਦੋਂ ਆਣ ਰੌਸ਼ਨ, ਤਦੋਂ ਚਿੜੀਆਂ ਆਣ ਚਿਚਲਾਣੀਆਂ ਨੀ।
ਇਕਨਾ ਉੱਠ ਕੇ ਰਿੜਕਣਾ ਪਾ ਦਿੱਤਾ, ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੀਆਂ ਭੋਏਂ ਨੂੰ ਜਿਹਨਾਂ ਨੇ ਲਾਣੀਆਂ ਨੀ।
ਅਜਿਹਾ ਉਤਸ਼ਾਹਜਨਕ ਦ੍ਰਿਸ਼ ਨਾ ਹੁਣ ਪੰਜਾਬ ਦੀ ਧਰਤੀ ’ਤੇ ਕਿਧਰੇ ਨਜ਼ਰੀਂ ਪੈਂਦਾ ਹੈ ਤੇ ਨਾ ਹੀ ਪੰਜਾਬੀਆਂ ਦੇ ਚਿਹਨ-ਚਿੱਤਰ ਵਿੱਚ ਅਜਿਹਾ ਕੋਈ ਦ੍ਰਿਸ਼ ਹੈ। ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਕੋਲ ਪੰਜਾਬ ਦੇ ਭਵਿੱਖ ਲਈ ਨਾ ਕੱਲ੍ਹ ਕੋਈ ਪ੍ਰੋਗਰਾਮ ਸੀ ਤੇ ਨਾ ਅੱਜ ਕੋਈ ਅਜਿਹਾ ਪ੍ਰੋਗਰਾਮ ਹੈ ਜਿਸ ਨਾਲ ਇੱਥੇ ਸੁਨਹਿਰੀ ਭਵਿੱਖ ਦੀ ਆਸ ਬੱਝਦੀ ਹੋਵੇ। ਅਸੀਂ ਆਪਣੀ ਧਰਤੀ ਦੀਆਂ ਕੁਦਰਤੀ ਨਿਆਮਤਾਂ ਨੂੰ ਬਰਬਾਦ ਕਰ ਦਿੱਤਾ। ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਭੂ-ਜਲ ਕਮੇਟੀ ਦੀ 2019 ਦੀ ਰਿਪੋਰਟ ਅਨੁਸਾਰ ਸਾਡੇ ਕੋਲ ਭਵਿੱਖ ਵਿੱਚ ਧਰਤੀ ਹੇਠ ਤਿੰਨ ਪੱਤਣਾਂ ਦਾ ਸਿਰਫ਼ 17 ਸਾਲਾਂ ਦਾ ਪਾਣੀ ਬਚਿਆ ਹੈ। ਹਰ ਸਾਲ ਪਾਣੀ ਡੂੰਘੇ ਤੋਂ ਹੋਰ ਡੂੰਘਾ ਹੋ ਰਿਹਾ ਹੈ। ਬੇਸ਼ੱਕ, ਸਾਨੂੰ ਪੰਜਾਬ ਵਿੱਚ ਹਰੀਆਂ ਫ਼ਸਲਾਂ ਲਹਿਰਾਉਂਦੀਆਂ ਨਜ਼ਰ ਆਉਂਦੀਆਂ ਹਨ, ਪਰ ਹਕੀਕਤ ਇਹ ਹੈ ਕਿ ਪੰਜਾਬ ਦੀ ਧਰਤੀ ਮਾਰੂਥਲ ਬਣਨ ਜਾ ਰਹੀ ਹੈ। ਝੋਨੇ ਕਣਕ ਦੇ ਫ਼ਸਲੀ ਚੱਕਰ ਅਤੇ ਸ਼ਹਿਰੀਕਰਨ ਦੀਆਂ ਹਰ ਦਿਨ ਵਧਦੀਆਂ ਪਾਣੀ ਦੀ ਲੋੜਾਂ ਨੇ ਪੰਜਾਬ ਨੂੰ ਪਾਣੀ ਦੇ ਭਿਆਨਕ ਕਾਲ ਦੀਆਂ ਬਰੂਹਾਂ ’ਤੇ ਲਿਆ ਕੇ ਖੜ੍ਹਾ ਦਿੱਤਾ ਹੈ। ਅਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਬਰਬਾਦ ਕਰ ਕੇ ਇਨ੍ਹਾਂ ਦਾ ਕੁਝ ਮੁੱਲ ਤਾਂ ਵੱਟ ਲਿਆ, ਪਰ ਕੁਦਰਤੀ ਸਾਧਨਾਂ ਤੋਂ ਵਾਂਝੇ ਹੋ ਗਏ।
ਪੰਜਾਬ ਅੱਜ ਉਦਾਸ ਹੈ। ਇਹਦੇ ਜਵਾਨ ਪੁੱਤਰਾਂ ਧੀਆਂ ਨੇ ਹੁਣ ਹੋਰਨਾਂ ਧਰਤੀਆਂ ਦਾ ਰੁਖ਼ ਕਰ ਲਿਆ ਹੈ। ਰੁਜ਼ਗਾਰ ਲਈ ਦੂਜੀਆਂ ਧਰਤੀਆਂ ’ਤੇ ਗਏ ਬੱਚਿਆਂ ਦੇ ਮਾਪੇ ਇੱਧਰ ਕਈ ਤਰ੍ਹਾਂ ਦੇ ਸੰਕਟਾਂ ਦੇ ਸ਼ਿਕਾਰ ਹਨ। ਜੜ੍ਹਾਂ ਤੋਂ ਟੁੱਟ ਜਾਣ ਦਾ ਦਰਦ ਸੰਤਾਪ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰ ਰਿਹਾ ਹੈ। ਇੱਕ ਬਜ਼ੁਰਗ ਨੇ ਮਨ ਅੰਦਰਲੀ ਪੀੜ ਜ਼ਾਹਿਰ ਕਰਦਿਆਂ ਦੱਸਿਆ: ‘‘ਹੁਣ ਤਾਂ ਉਹ ਜੰਮਣੇ ਮਰਨੇ ’ਤੇ ਵੀ ਜਾਣ ਆਉਣ ਤੋਂ ਗਏ। ਜਿਹੜੇ ਰਿਸ਼ਤਿਆਂ ਸਾਕਾਂ ਨੇ ਦੁੱਖ ਸੁੱਖ ਵੇਲੇ ਨਹੀਂ ਬਹੁੜਨਾ ਉਨ੍ਹਾਂ ਰਿਸ਼ਤਿਆਂ ਦਾ ਕੀ ਕਰੀਏ?’’
ਪੰਜਾਬ ਦੇ ਲਗਭਗ ਹਰ ਪਿੰਡ ਵਿੱਚ ਇਸ ਸਮੇਂ 15-20 ਉੱਚੀਆਂ ਕੋਠੀਆਂ ਉਸਰ ਗਈਆਂ ਹਨ, ਪਰ ਇਨ੍ਹਾਂ ਵਿੱਚ ਵੱਸਣ ਵਾਲੇ ਉਦਾਸ ਹਨ। ਪਿੰਡ ਡੂੰਘੀ ਨਿਰਾਸ਼ਾ ਦਾ ਸ਼ਿਕਾਰ ਹਨ। ਪਿੰਡਾਂ ਦੀ ਕਿਸੇ ਨਾ ਕਿਸੇ ਗੁੱਠ ’ਤੇ ਚਿੱਟੇ ਦਾ ਗ਼ੈਰ-ਕਾਨੂੰਨੀ ਕਾਰੋਬਾਰ ਹੋ ਰਿਹਾ ਹੈ। ਸਾਡੇ ਨੌਜਵਾਨ ਸੂਬੇ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਡਿੱਗ ਡਿੱਗ ਕੇ ਮਰ ਰਹੇ ਹਨ। ਬੇਸ਼ੱਕ ਪੰਜਾਬ ਦੇ ਜਾਇਆਂ ਨੇ ਧੀਰਜ ਅਤੇ ਸ਼ਾਂਤੀ ਨਾਲ ਕਿਸਾਨ ਅੰਦੋਲਨ ਵਿੱਚ ਜਿੱਤ ਪ੍ਰਾਪਤ ਕਰਕੇ ਦੁਨੀਆਂ ਵਿੱਚ ਇੱਕ ਮਿਸਾਲ ਪੈਦਾ ਕੀਤੀ ਅਤੇ ਇਸ ਜਿੱਤ ਵਿੱਚ ਵੱਡੀ ਹਿੱਸੇਦਾਰੀ ਨੌਜਵਾਨਾਂ ਦੀ ਰਹੀ। ਪਰ ਦੂਜੇ ਪਾਸੇ ਪੰਜਾਬ ਦੀ ਧਰਤੀ ਦਾ ਸੱਚ ਇਹ ਵੀ ਹੈ ਕਿ ਇੱਥੇ ਨਸ਼ਿਆਂ ਦੇ ਪ੍ਰਕੋਪ ਨਾਲ ਅਨੇਕਾਂ ਘਰ ਬਰਬਾਦ ਹੋ ਗਏ ਅਤੇ ਹੋ ਰਹੇ ਹਨ। ਹਰ ਰੋਜ਼ ਪੰਜਾਬ ਵਿੱਚ ਨਸ਼ਿਆਂ ਦਾ ਲੱਖਾਂ ਦਾ ਨਹੀਂ, ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ। ਪੰਜਾਬ ਦੀ ਰਾਜਸੀ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਨੇ ਪੰਜਾਬ ਦੀ ਜਵਾਨੀ ਨੂੰ ਆਹਰੇ ਲਾਉਣ ਦਾ ਫ਼ਿਕਰ ਹੀ ਵਿਸਾਰ ਛੱਡਿਆ ਹੈ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਾਵਰਕੌਮ ਗਰਮੀ ਦੇ ਮੌਸਮ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਕੁਝ ਨੌਜਵਾਨਾਂ ਨੂੰ ਠੇਕੇ ’ਤੇ ਰੱਖਿਆ ਜਾਂਦਾ ਹੈ ਅਤੇ ਗਰਮੀ ਨਿਕਲਦਿਆਂ ਹੀ ਇਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਸਿਆਲ ਵਿੱਚ ਕੰਮ ਤੋਂ ਵਿਹਲੇ ਹੋਏ ਇਨ੍ਹਾਂ ਨੌਜਵਾਨਾਂ ’ਚੋਂ ਕਈ ਬਿਜਲੀ ਦੀਆਂ ਕੇਬਲਾਂ ਚੋਰੀ ਕਰਨ ਅਤੇ ਟਰਾਂਸਫਾਰਮਾਂ ’ਚੋਂ ਤੇਲ ਚੋਰੀ ਕਰਨ ਵਰਗੇ ਜੁਰਮ ਕਰਨ ਦੇ ਰਾਹ ਪੈ ਜਾਂਦੇ ਹਨ। ਹਰ ਸਾਲ ਸਿਆਲ ਦੀ ਰੁੱਤੇ ਇਹ ਘਟਨਾਵਾਂ ਇਕਦਮ ਵਧ ਜਾਂਦੀਆਂ ਹਨ। ਇਸ ਦਾ ਭਾਵ ਇਹ ਹੈ ਕਿ ਸਾਡੀ ਨੁਕਸਦਾਰ ਵਿਵਸਥਾ ਦੀਆਂ ਚੋਰ-ਮੋਰੀਆਂ ਸਮਾਜ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਰਹੀਆਂ ਹਨ। ਇਸ ਸਮੇਂ ਬੇਰੁਜ਼ਗਾਰੀ ਸਿਖਰਾਂ ’ਤੇ ਹੈ। ਦੇਸ਼ ਦੀ ਜਵਾਨੀ ਨੂੰ ਆਹਰੇ ਲਾਉਣ ਲਈ ਜਿਹੜੀਆਂ ਤਰਜੀਹਾਂ ’ਤੇ ਕੰਮ ਹੋਣਾ ਚਾਹੀਦਾ ਸੀ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ।
ਸਾਡਾ ਧਰਤੀ ਹੇਠਲਾ ਪਾਣੀ ਤੇ ਦਰਿਆ ਇੰਨੇ ਪਲੀਤ ਹੋ ਗਏ ਹਨ ਕਿ ਇਹ ਬਿਮਾਰੀਆਂ ਦੇ ਵਾਹਕ ਬਣ ਗਏ ਹਨ। ਪੰਜਾਬ ਦੇ ਮਾਲਵੇ ਦਾ ਵੱਡਾ ਖੇਤਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਹੈ। ਹਾਲਾਤ ਇਹ ਹਨ ਕਿ ਲੋਕਾਂ ਦੇ ਘਰ-ਬਾਰ ਤੇ ਜਾਇਦਾਦਾਂ ਬਿਮਾਰੀਆਂ ਕਰਕੇ ਵਿਕ ਰਹੇ ਹਨ। ਛੇ ਛੇ ਸੱਤ ਸੱਤ ਸਾਲ ਦੇ ਬੱਚਿਆਂ ਨੂੰ ਕੈਂਸਰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ, ਦੂਸ਼ਿਤ ਹਵਾ ਅਤੇ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਨਾਲ ਪੈਦਾ ਕੀਤਾ ਅਨਾਜ ਤੇ ਸਬਜ਼ੀਆਂ ਹਨ। ਮਨੁੱਖ ਦੀ ਕੁਦਰਤ ਵਿਰੋਧੀ ਲਾਲਚੀ ਮਨੋਬਿਰਤੀ ਦਾ ਕੋਈ ਪਾਰਾਵਾਰ ਨਹੀਂ। ਅਸੀਂ ਕੁਦਰਤੀ ਸਾਧਨਾਂ ਨੂੰ ਇੰਨਾ ਪਲੀਤ ਸਗੋਂ ਜ਼ਹਿਰੀਲਾ ਕਰ ਦਿੱਤਾ ਹੈ ਕਿ ਗਾਵਾਂ ਮੱਝਾਂ, ਕੁੱਕੜ ਕੁਕੜੀਆਂ, ਬੱਕਰੀਆਂ, ਭੇਡਾਂ ਅਤੇ ਕੁੱਤਿਆਂ ਨੂੰ ਵੀ ਕੈਂਸਰ ਵਰਗੀ ਭਿਆਨਕ ਬਿਮਾਰੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਅੱਗੋਂ ਇਨ੍ਹਾਂ ਜਾਨਵਰਾਂ ਦਾ ਦੁੱਧ ਪੀਣ ਅਤੇ ਮਾਸ ਖਾਣ ਵਾਲਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ।
ਪੰਜਾਬ ਨੂੰ ਬਚਾਉਣ ਲਈ ਜਵਾਨੀ ਲਈ ਰੁਜ਼ਗਾਰ ਦੇ ਵੱਡੇ ਪ੍ਰੋਗਰਾਮ ਬਣਾਉਣ ਦੀ ਲੋੜ ਹੈ ਅਤੇ ਪੰਜਾਬ ਦੇ ਪਿੰਡਾਂ ਤੇ ਪਾਣੀਆਂ ਨੂੰ ਬਚਾਉਣ ਲਈ ਵੱਡੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਵਾਂਗ ਰੁੱਖਾਂ ਦੀ ਕਟਾਈ ’ਤੇ ਰੋਕ ਲਾਈ ਜਾਵੇ। ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਵਿੱਚ ਜੰਗਲ ਲਾਏ ਜਾਣ। ਰੁੱਖ ਧਰਤੀ ਦੇ ਰੋਮ ਹਨ ਅਤੇ ਛੋਟੀਆਂ ਵੱਡੀਆਂ ਨਦੀਆਂ ਇਸ ਦੀਆਂ ਨਾੜਾਂ। ਸਿਹਤਮੰਦ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਛੋਟੀਆਂ ਨਦੀਆਂ ਨੈਆਂ ਵੇਈਆਂ ਨੂੰ ਸੁਰਜੀਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਕੰਢਿਆਂ ’ਤੇ ਵੱਡੀ ਤਾਦਾਦ ਵਿੱਚ ਬੂਟੇ ਲਾਏ ਜਾਣ। ਦਰਿਆਵਾਂ ਵਿੱਚ ਪੈਂਦੇ ਗੰਦੇ ਪਾਣੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਇਸ ਸਬੰਧੀ ਬਣੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ। ਨਵੀਆਂ ਕਾਲੋਨੀਆਂ ਪਾਸ ਕਰਨ ਸਮੇਂ ਪਲਾਟਾਂ ਦੀ ਗਿਣਤੀ ਤੋਂ ਪੰਜ ਗੁਣਾ ਰੁੱਖਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ। ਘਰ ਦਾ ਨਕਸ਼ਾ ਪਾਸ ਕਰਨ ਲਈ ਇੱਕ ਰੁੱਖ ਦੇ ਹੋਣ ਦੀ ਸ਼ਰਤ ਲਾਜ਼ਮੀ ਕੀਤੀ ਜਾਵੇ। ਜੰਗਲਾਤ ਵਿਭਾਗ ਦੇ ਕਾਰਜਾਂ ਨੂੰ ਵਿਸਥਾਰ ਦਿੱਤਾ ਜਾਵੇ। ਬਲਾਕ ਪੱਧਰ ’ਤੇ ਇਸ ਲਈ ਕਮੇਟੀਆਂ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਵਾਤਾਵਰਨ ਪ੍ਰਤੀ ਫ਼ਿਕਰਮੰਦ ਤੇ ਸਰਗਰਮ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ। ਹਰੀਕੇ ਹੈੱਡ ਵਰਕਸ ਤੋਂ ਰਾਜਸਥਾਨ ਨੂੰ ਨਿਕਲਣ ਵਾਲੀਆਂ ਨਹਿਰਾਂ ਦੇ ਕੰਢਿਆਂ ’ਤੇ ਵਿਸ਼ਾਲ ਜੰਗਲ ਉਸਾਰਿਆ ਜਾ ਸਕਦਾ ਹੈ। ਇਸ ਲਈ ਵਿਸ਼ੇਸ਼ ਪ੍ਰੋਗਰਾਮ ਬਣਾ ਕੇ ਤੁਰੰਤ ਕੰਮ ਕੀਤਾ ਜਾਵੇ। ਦਰਿਆਵਾਂ ਦੇ ਕੰਢਿਆਂ ਤੋਂ ਗੈਰ-ਕਾਨੂੰਨੀ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਛੁਡਵਾਇਆ ਜਾਵੇ ਅਤੇ ਇਨ੍ਹਾਂ ’ਤੇ ਜੰਗਲ ਉਗਾਏ ਜਾਣ। ਮੀਂਹ ਦੇ ਪਾਣੀਆਂ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਲਈ ਵਿਸ਼ਾਲ ਛੱਪੜ ਤਲਾਬ ਬਣਾਏ ਜਾਣ। ਇਨ੍ਹਾਂ ਦੀ ਹਰ ਸਾਲ ਸਫ਼ਾਈ ਹੋਵੇ। ਇਹਦੇ ਨਾਲ ਨਾਲ ਵਾਟਰ ਰੀਚਾਰਜਿੰਗ ਪਲਾਂਟ ਬਣਾਏ ਜਾਣ ਤਾਂ ਕਿ ਮੀਂਹ ਦੇ ਪਾਣੀ ਨੂੰ ਖੇਤੀਬਾੜੀ ਤੋਂ ਇਲਾਵਾ ਹੋਰ ਲੋੜਾਂ ਲਈ ਵਰਤਿਆ ਜਾ ਸਕੇ। ਪੰਜਾਬੀਆਂ ਦੀ ਸਿਹਤ, ਪਾਣੀ ਅਤੇ ਪਿੰਡਾਂ ਨੂੰ ਬਚਾਉਣ ਲਈ ਅਪਣਾਈਆਂ ਇਹ ਨਵੀਆਂ ਤਰਜੀਹਾਂ ਭਵਿੱਖ ਵਿੱਚ ਸਾਡੇ ਲਈ ਸਾਰਥਕ ਸਿੱਧ ਹੋਣਗੀਆਂ ਅਤੇ ਇਨ੍ਹਾਂ ’ਤੇ ਕੰਮ ਕਰਨ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੇਤਹਾਸ਼ਾ ਵਰਤੋਂ ਕਰਨ ਵਾਲੀਆਂ ਫੈਕਟਰੀਆਂ ਜਿਵੇਂ ਸ਼ਰਾਬ ਫੈਕਟਰੀ ਜਾਂ ਚਮੜਾ ਰੰਗਣ ਵਾਲੀਆਂ ਫੈਕਟਰੀਆਂ ਨੂੰ ਪੰਜਾਬ ਵਿੱਚ ਲਾਉਣ ਦੀ ਮਨਜ਼ੂਰੀ ਦੇਣ ’ਤੇ ਪਾਬੰਦੀ ਪੂਰਨ ਲਾਈ ਜਾਵੇ। ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਬੀਜਣ ਨੂੰ ਉਤਸ਼ਾਹਿਤ ਕੀਤਾ ਜਾਵੇ। ਕਣਕ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ’ਤੇ ਸਮਰਥਨ ਮੁੱਲ ਦੀ ਗਾਰੰਟੀ ਦਿੱਤੀ ਜਾਵੇ ਤਾਂ ਕਿ ਪੰਜਾਬ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਆ ਸਕੇ। ਸ਼ਹਿਰਾਂ ਵਿੱਚ ਹਰ ਘਰ ਵਿੱਚ ਪਾਣੀ ਦੀ ਸਪਲਾਈ ’ਤੇ ਮੀਟਰ ਲਗਾਏ ਜਾਣ ਅਤੇ ਨਿਰਧਾਰਤ ਮਾਤਰਾ ਤੋਂ ਵੱਧ ਪਾਣੀ ਦੀ ਵਰਤੋਂ ਦੇ ਪੈਸੇ ਵਸੂਲਣ ਦਾ ਨਿਯਮ ਬਣਾਇਆ ਜਾਵੇ। ਪੂਰੇ ਪੰਜਾਬ ਵਿੱਚ ਝੋਨੇ ਨੂੰ ਵੱਟਾਂ ਬਣਾ ਕੇ ਬਿਨਾਂ ਕੱਦੂ ਕੀਤੇ ਲਾਉਣਾ ਯਕੀਨੀ ਬਣਾਇਆ ਜਾਵੇ। ਜੇਕਰ ਅੱਜ ਪੰਜਾਬੀ ਹੱਸਦੇ ਵਸਦੇ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਲ ਨਾ ਹੋਏ ਤਾਂ ਕੱਲ੍ਹ ਬੜੀ ਦੇਰ ਹੋ ਜਾਵੇਗੀ। ਹੋ ਸਕਦਾ ਹੈ ਕਿ ਭਵਿੱਖ ਵਿੱਚ ਸਾਡੇ ਪੱਲੇ ਕੁਝ ਪੈਸੇ ਜਾਂ ਕੁਝ ਵਸਤਾਂ ਤਾਂ ਹੋਣ, ਪਰ ਸਾਡੇ ਪੈਰਾਂ ਹੇਠ ਜ਼ਮੀਨ ਨਹੀਂ ਹੋਵੇਗੀ।
By:
ਗੁਰਚਰਨ ਸਿੰਘ ਨੂਰਪੁਰ