Meeting Of KKF – Date 21/ 10 / 24
ਬੁਢੇ ਨਾਲੇ ਦੇ ਗੰਦੇ ਤੇਜ਼ਾਬੀ ਪਾਣੀ ਨੇ ਤਿੰਨ ਸੂਬਿਆਂ ਦੇ ਲੋਕ ਕੀਤੇ ਹਾਲੋ-ਬੇਹਾਲ
ਮਾਲਵਾ ਪਟੀ ਵਿਚ ਪਸਰਿਆਂ ਕੈਂਸਰ,ਬੀਕਾਨੇਰ ਨੂੰ ਬਠਿੰਡਾਂ ਤੋਂ ਜਾਂਦੀ ਕੈਂਸਰ ਰੇਲ ਗਡੀ ਅਤੇ ਹਰਿਆਣਾ/ ਰਾਜਸਥਾਨ ਦੇ ਨਹਿਰਾਂ ਨਾਲ ਵਸਦੇ ਪਿੰਡਾਂ ਵਿਚ ਫੈਲੇ ਭਿਆਨਕ ਰੋਗਾਂ ਦੀ ਅਸਲੀ ਜੜ ਲੁਧਿਆਣੇ ਦੀਆਂ ਸੈਕੜੇ ਫੈਕਟਰੀਆਂ ਵਲੋਂ ਬੁਢੇ ਨਾਲੇ ਵਿਚ ਸੁਟਿਆ ਜਾ ਰਿਹਾ ਗੰਦਾ ਤੇਜਾਬੀ ਪਾਣੀ ਹੈ। ਕਹਿੰਦੇ ਨੇ ਕਿ ਦਹਾਕਿਆਂ ਪਹਿਲਾਂ ਸਤਲੁਜ ਦੇ ਇਸ ਕ੍ਰੀਕ ਦਰਿਆ ਦੇ ਸਾਫ ਪਾਣੀ ਵਿਚ ਸ਼ਹਿਰ ਦੇ ਲੋਕ ਨਹਾਇਆ ਕਰਦੇ ਸਨ। ਬੇਲਗਾਮ ਡਾਈਂਗ ਫੈਕਟਰੀਆਂ ਵਲੋਂ ਲਖਾਂ ਲੀਟਰ ਅਣਟਰੀਟਡ ਪਾਣੀ ਤਾਜਪੁਰ ਅਤੇ ਬਹਾਦਰਕੇ ਦੀਆਂ ਥਾਵਾਂ ਤੇ ਇਸ ਕ੍ਰੀਕ ਵਿਚ ਸੁਟਕੇ ਇਸ ਰਾਹੀਂ ਗੰਦਾ ਪਾਣੀ ਸਤਲੁਜ ਵਿਚ ਮਿਲਾਇਆ ਜਾ ਰਿਹਾ ਹੈ। ਅਗੋਂ ਇਹੀ ਪਾਣੀ ਤਿੰਨ ਸੂਬਿਆਂ ਦੇ ਲੋਕ ਪੀਣ ਲਈ ਵਰਤਣ ਕਾਰਣ ਬੇਹਿਸਾਬ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਦਹਾਕਿਆਂ ਤੋਂ ਇਸ ਤੋਂ ਦੁਖੀ ਲੋਕਾਂ ਦੀ ਅਵਾਜ਼ ਜਦ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨਾ ਸੁਣੀ ਤਾਂ ਕੁਝ ਹਿੰਮਤੀ ਲੋਕਾਂ ਆਪਣੀ ਐਨ ਜੀ ਓ “ਕਾਲੇ -ਪਾਣੀ ਦਾ ਮੋਰਚਾ” ਰਾਹੀਂ ਨੈਸਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਗੇ ਬੇਨਤੀ ਕੀਤੀ। ਕੌਮੀ ਟ੍ਰਿਬਿਊਨਲ ਵਲੋਂ ਪ੍ਰਦੂਸ਼ਣ ਬੋਰਡ ਨੂੰ ਬਿਨਾਂ ਸਾਫ ਕੀਤਿਆਂ ਗੰਦਾ ਪਾਣੀ ਇਸ ਕਦਰਿਆ ਵਿਚ ਸੁਟਣ ਤੇ ਪਾਬੰਦੀ ਲਗਾਉਣ ਦੇ ਬਾਵਜੂਦ ਪਰਨਾਲਾ ਓਥੇ ਦਾ ਓਥੇ ਰਿਹਾ। ਵਿਉਂਤਬੰਦੀ ਅਤੇ ਜਾਗਰੂਕਤਾ ਨਾਲ ਲੋਕ ਲਾਮਬੰਦੀ ਕਰਨ ਬਾਅਦ ਹੁਣ ‘ ਕਾਲੇ ਪਾਣੀ ਦੇ ਮੋਰਚੇ’ ਨੇ ਅਵੱਗਿਆ ਕਰ ਰਹੀਆਂ ਫੈਕਟਰੀਆਂ ਨੂੰ ਟ੍ਰਿਬਿਊਨਲ ਦੇ ਹੁਕਮ ਨਾ ਮੰਨਣ ਦੀ ਤਾੜਣਾ ਕਰਦਿਆਂ 3 ਦਸੰਬਰ ਨੂੰ ਤਾਜਪੁਰ ਵਾਲੇ ਪੁਆਇੰਟ ਤੇ ਵਡਾ ਜਨਤਕ ਇਕੱਠ ਕਰਕੇ ਗੰਦਾ ਪਾਣੀ ਰੋਕਣ ਦਾ ਐਲਾਨ ਕਰ ਦਿਤਾ ਹੈ।
ਅਜ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਚ ਕਿਰਤੀ ਕਿਸਾਨ ਫੋਰਮ ਦੀ ਵਿਸੇਸ਼ ਮੀਟਿੰਗ ਵਿਚ ਮੋਰਚੇ ਦੇ ਖਾਸ ਕਾਰਕੁਨ ਅਤੇ ਅਗੂ ਸ਼ਾਮਲ ਹੋਏ। ਕਰਨਲ ਜਸਜੀਤ ਸਿੰਘ ਗਿਲ ,ਅਮਿਤੋਜ ਮਾਨ ਅਤੇ ਕੁਲਦੀਪ ਸਿੰਘ ਖਹਿਰਾ ਨੇ ਵਿਸਥਾਰ ਵਿਚ ਫੋਰਮ ਦੇ ਮੈਂਬਰਾਂ ਨੂੰ ਹਾਲਾਤ ਤੋਂ ਜਾਣੂ ਕਰਾਓਂਦਿਆਂ ਅਗਵਾਈ ਅਤੇ ਸਹਿਯੋਗ ਮੰਗਿਆ। ਫੋਰਮ ਵਲੋਂ ਸਾਬਕਾ ਸਿਹਤ ਸਕੱਤਰ, ਭਾਰਤ ਸਰਕਾਰ ਸਵਰਨ ਸਿੰਘ ਬੋਪਾਰਾਏ ਅਤੇ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ, ਰਮੇਸ਼ਇੰਦਰ ਸਿੰਘ ਅਤੇ ਹਾਜਰ ਮੈਂਬਰਾਂ ਵਲੋ ਤਨੋ ਮਨੋ ਧਨੋ, ਮੋਰਚੇ ਦੀ ਭਰਪੂਰ ਹਮਾਇਤ ਕਰਨ ਦਾ ਫੈਸਲਾ ਲਿਆ।
ਸਮੂਹ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਦੀਆਂ ਮੰਡੀਆਂ ਵਿਚ ਖ੍ਰੀਦ ਨਾ ਕਾਰਣ ਰੁਲ ਰਹੇ ਝੋਨੇ ਤੇ ਅਫਸੋਸ ਪ੍ਰਗਟ ਕੀਤਾ ਗਿਆ। ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਦਰਖਾਸਤ ਕੀਤੀ ਗਈ ਕਿ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦੀ ਬਜਾਏ ਤੁਰੰਤ ਝੋਨੇ ਖਰੀਦਿਆ ਜਾਵੇ ਅਤੇ ਲਿਫਟਿੰਗ ਸਮਸਿਆ ਲਈ ਕੇਂਦਰ ਸਰਕਾਰ ਨਾਲ ਲੋੜੀਂਦਾ ਰਾਬਤਾ ਕੀਤਾ ਜਾਵੇ।
ਅਜ ਦੀ ਵਿਸੇਸ਼ ਮੀਟਿੰਗ ਵਿਚ ਚੇਅਰ ਅਤੇ ਕੋ- ਚੇਅਰ ਤੋਂ ਇਲਾਵਾ ਕੁਲਜੀਤ ਸਿੰਘ ਸਿੱਧੂ,ਐਮ. ਐਸ. ਚਹਿਲ,ਕੁਲਬੀਰ ਸਿੰਘ ਸਿੱਧੂ, ਗੁਰਬੀਰ ਸਿੰਘ ਸੰਧੂ, ਜੀ ਕੇ ਸਿੰਘ ਧਾਲੀਵਾਲ, ਜੀ ਐਸ ਪੰਧੇਰ,ਬ੍ਰਿਗੇਡ.ਐਮ ਐਸ ਦੁਲਟ, ਬ੍ਰਿਗੇਡ. ਇੰਦਰਮੋਹਨ ਸਿੰਘ, ਅਮਿਤੋਜ ਮਾਨ,ਕਰਮਜੀਤ ਸਿੰਘ ਸਰਾਂ,ਕਰਨਲ ਮਾਲਵਿੰਦਰ ਸਿੰਘ, ਪਰਵਿੰਦਰ ਸਿੰਘ ਵੜੈਚ,ਧਰਮ ਦਤ ਤਰਨੈਚ, ਜਰਨੈਲ ਸਿੰਘ ਅਤੇ ਕੁਲਦੀਪ ਖਹਿਰਾ ਹਾਜ਼ਰ ਹੋਏ।