ਇੱਕ ਮੁਸਾਫ਼ਿਰ ਸਫ਼ਰ ’ਤੇ ਸੀ। ਰਸਤੇ ਵਿੱਚ ਇੱਕ ਛੋਟੀ ਜਿਹੀ ਨਦੀ ਆਈ। ਆਪਣੇ ਸਾਮਾਨ ਸਮੇਤ ਉਹ ਬੰਦਾ ਨਦੀ ਪਾਰ ਕਰਨ ਹੀ ਵਾਲਾ ਸੀ ਕਿ ਉਸ ਨੂੰ ਆਪਣੇ ਤੋਂ ਕੁਝ ਕਦਮ ਦੀ ਦੂਰੀ ’ਤੇ ਨਦੀ ਕੰਢੇ ਇੱਕ ਚਮਕਦੀ ਚੀਜ਼ ਦਿਖਾਸੀ। ਉਹ ਆਪਣਾ ਸਾਮਾਨ ਰੱਖ ਕੇ ਉਸ ਚੀਜ਼ ਨੂੰ ਵੇਖਣ ਗਿਆ। ਉਸ ਨੇ ਵੇਖਿਆ, ਸੋਨੇ ਦੀਆਂ ਪੰਜ ਮੋਹਰਾਂ ਸਨ ਜੋ ਕਿਸੇ ਨੇ ਨਦੀ ਦੇ ਤੱਟ ’ਤੇ ਦੱਬ ਦਿੱਤੀਆਂ ਸਨ ਅਤੇ ਛੱਲਾਂ ਨਾਲ ਮਿੱਟੀ ਖੁਰਨ ਨਾਲ ਦਿਖਾਈ ਦੇਣ ਲੱਗ ਪਈਆਂ ਸਨ। ਉਸ ਨੇ ਪੰਜੇ ਮੋਹਰਾਂ ਲੈ ਕੇ ਨਦੀ ਦੇ ਪਾਣੀ ਨਾਲ ਧੋਤੀਆਂ, ਝੋਲੇ ਵਿੱਚ ਪਾਈਆਂ ਤੇ ਨਦੀ ਪਾਰ ਕਰਨ ਲੱਗਾ। ਅਜੇ ਉਹ ਪਾਣੀ ਵਿੱਚ ਉਤਰਿਆ ਹੀ ਸੀ ਕਿ ਉਹਦੇ ਮਨ ਵਿੱਚ ਖ਼ਿਆਲ ਆਇਆ ਕਿ ਮੋਹਰਾਂ ਤਾਂ ਹੋਰ ਵੀ ਹੋ ਸਕਦੀਆਂ ਹਨ। ਮੈਨੂੰ ਨਦੀ ਦੇ ਤੱਟ ’ਤੇ ਦੂਰ ਤੱਕ ਤੁਰ ਕੇ ਵੇਖਣਾ ਚਾਹੀਦਾ ਹੈ। ਆਪਣੇ ਮਨ ਦੀ ਇਸ ਤੇਜ਼ ਤਰਾਰ ਸੋਚ ਦੀ ਉਡਾਰੀ ’ਤੇ ਉਸ ਨੂੰ ਕੁਝ ਪਲ ਫਖਰ ਵੀ ਮਹਿਸੂਸ ਹੋਇਆ। ਮੋਹਰਾਂ ਵਾਲਾ ਝੋਲਾ ਤੇ ਬਾਕੀ ਸਾਮਾਨ ਇੱਕ ਪਾਸੇ ਰੱਖ ਕੇ ਨਦੀ ਦੇ ਕੰਢੇ ਕੰਢੇ ਤੁਰ ਪਿਆ। ਉਹ ਦੂਰ ਤੱਕ ਨਿਕਲ ਗਿਆ ਪਰ ਕਿਤੋਂ ਹੋਰ ਮੋਹਰਾਂ ਨਹੀਂ ਲੱਭੀਆਂ। ਨਿਰਾਸ਼ ਜਿਹਾ ਹੋ ਕੇ ਜਦੋਂ ਵਾਪਸ ਆਇਆ ਤਾਂ ਉਹਦਾ ਮੋਹਰਾਂ ਵਾਲਾ ਝੋਲਾ ਤੇ ਬਾਕੀ ਸਮਾਨ ਉੱਥੋਂ ਗਾਇਬ ਸੀ। ਲਾਲਚ ਨੇ ਉਸ ਨੂੰ ਆਪਣੇ ਸਾਮਾਨ ਤੋਂ ਵੀ ਵਿਰਵਾ ਕਰ ਦਿੱਤਾ ਸੀ। ਸਾਡੇ ਸਮਾਜ ਦੀ ਬਹੁਗਿਣਤੀ ਦੀ ਹਾਲਤ ਇਸ ਸਮੇਂ ਉਸ ਮੁਸਾਫ਼ਿਰ ਵਰਗੀ ਹੈ।
ਅਸੀਂ ਫੜੀਆਂ ਛੱਡ ਕੇ ਉਡਦੀਆਂ ਮਗਰ ਭੱਜ ਰਹੇ ਹਾਂ। ਇਹ ਠੀਕ ਹੈ ਕਿ ਸਾਡੇ ਦੇਸ਼ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਰਹੀ ਜਿਨ੍ਹਾਂ ਨੇ ਲੋਕ ਹਿੱਤਾਂ ਦੀ ਬਜਾਏ ਆਪਣੇ ਨਿੱਜੀ ਸਵਾਰਥਾਂ ਅਤੇ ਰਾਜਸੀ ਹਿੱਤਾਂ ਨੂੰ ਪਹਿਲ ਦਿੱਤੀ। ਇਸ ਦੇ ਨਤੀਜੇ ਵਜੋਂ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਦੇਸ਼ ਦਾ ਅੰਨ ਨਾਲ ਢਿੱਡ ਭਰਦਾ ਆਇਆ ਹੈ, ਇਸ ਨਾਲ ਵੱਖ ਵੱਖ ਸਮਿਆਂ ’ਤੇ ਹੋਏ ਵਿਤਕਰਿਆਂ ਦੀ ਲੰਮੀ ਦਾਸਤਾਨ ਹੈ। ਇੱਕ ਤਰ੍ਹਾਂ ਪੰਜਾਬ ਦੇ ਕਿਸਾਨ ਨੂੰ ਕਿਹਾ ਜਾਂਦਾ ਹੈ ਕਿ ਜੋ ਅਨਾਜ ਤੁਸੀਂ ਪੈਦਾ ਕਰਦੇ ਹੋ, ਇਸ ਦੀ ਕਿਤੇ ਲੋੜ ਨਹੀਂ, ਇਹ ਤਾਂ ਤੁਹਾਡੇ ’ਤੇ ਰਹਿਮ ਕਰਕੇ ਖਰੀਦ ਲਿਆ ਜਾਂਦਾ ਹੈ। ਇਸ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋ ਸਕਦੀ ਹੈ? ਜਿਣਸਾਂ ਦੇ ਜੋ ਭਾਅ ਕਿਸਾਨਾਂ ਨੂੰ ਦੇਣੇ ਚਾਹੀਦੇ ਸਨ ਉਹ ਨਹੀਂ ਮਿਲਦੇ। ਕਣਕ ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਕਰ ਦਿੱਤਾ। ਖੇਤੀਬਾੜੀ ਸਬੰਧੀ ਗ਼ਲਤ ਨੀਤੀਆਂ ਤਹਿਤ ਰੇਹਾਂ ਸਪਰੇਹਾਂ ਅਤੇ ਤੇਲ ਆਦਿ ਦੇ ਭਾਅ ਨੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਦੇ ਭਾਰ ’ਚ ਹਰ ਦਿਨ ਵਾਧਾ ਕੀਤਾ। ਖੇਤੀ ’ਤੇ ਬਾਜ਼ਾਰ ਦੇ ਗਲਬੇ ਨੇ ਨਵੀਂ ਪੀੜ੍ਹੀ ਦਾ ਖੇਤਾਂ ਨਾਲੋਂ ਮੋਹ ਤੋੜ ਦਿੱਤਾ। ਨਵੀਂ ਪੀੜ੍ਹੀ ਹੁਣ ਹੋਰ ਮੁਲਕਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ। ਪੰਜਾਬ ਦੇ ਗੁਰਦੁਆਰਿਆਂ ਅਤੇ ਹੋਰ ਧਰਮ ਅਸਥਾਨਾਂ ’ਤੇ ਵਿਦੇਸ਼ ਜਾ ਵੱਸਣ ਲਈ ਸੁਖਣਾ ਵਜੋਂ ਖਿਡੌਣਾ ਹਵਾਈ ਜਹਾਜ਼ ਚੜ੍ਹਾਏ ਜਾ ਰਹੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਛੋਟੇ ਕਿਸਾਨ ਮਜਬੂਰੀਵੱਸ ਆਪਣੀ ਭੋਇੰ ਦਾ ਟੋਟਾ ਵੇਚ ਕੇ ਆਪਣੇ ਬੱਚਿਆਂ ਨੂੰ ਹੋਰ ਮੁਲਕਾਂ ਵੱਲ ਤੋਰ ਰਹੇ ਹਨ। ਵਿਦੇਸ਼ ਗਏ ਲੋਕ ਵੀ ਆਪਣੀਆਂ ਇਧਰਲੀਆਂ ਜਾਇਦਾਦਾਂ ਵੇਚ ਵੱਟ ਕੇ ਦੂਜੇ ਮੁਲਕਾਂ ਵਿੱਚ ਸਰਮਾਇਆ ਲਾਉਣ ਨੂੰ ਤਰਜੀਹ ਦੇਣ ਲੱਗੇ ਹਨ। ਅਜਿਹੇ ਕਈ ਹੋਰ ਕਾਰਨਾਂ ਕਰਕੇ ਜ਼ਮੀਨ ਬਹੁਤੇ ਲੋਕਾਂ ਤੋਂ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਜਾ ਰਹੀ ਹੈ। ਇਹ ਪੰਜਾਬ ਲਈ ਇੱਕ ਤਰ੍ਹਾਂ ਨਾਲ ਖ਼ਤਰੇ ਦੀ ਘੰਟੀ ਹੈ। ਭਵਿੱਖ ਵਿੱਚ ਇਹ ਅਮਲ ਹੋਰ ਵਧੇਗਾ। ਇਸ ਦੇ ਅਜਿਹੇ ਸਿੱਟੇ ਨਿਕਲਣਗੇ ਜਿਸ ਦਾ ਕਿਆਸ ਫਿਲਹਾਲ ਸਾਨੂੰ ਨਹੀਂ ਅਤੇ ਨਾ ਹੀ ਇਸ ਖ਼ਤਰੇ ਸਬੰਧੀ ਕਿਤੇ ਕੋਈ ਚਰਚਾ ਹੋ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਲੱਖਾਂ ਲੋਕ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੜਕਾਂ ’ਤੇ ਆਏ। ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਇਸ ਸੰਘਰਸ਼ ਨੂੰ ਨਿਵੇਕਲੀ ਪਛਾਣ ਦਿੱਤੀ। ਜ਼ਰਾ ਸੋਚੋ, ਜੇਕਰ ਇਹੋ ਜ਼ਮੀਨਾਂ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਹੁੰਦੀਆਂ ਤਾਂ ਕੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਇਸ ਸੰਘਰਸ਼ ਦਾ ਹਿੱਸਾ ਬਣਦੇ? ਭਵਿੱਖ ਵਿੱਚ ਜਦੋਂ ਜ਼ਮੀਨਾਂ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਹੋਣਗੀਆਂ, ਬਹੁਗਿਣਤੀ ਲੋਕ ਹੋਰ ਧੰਦਿਆਂ ਵਿੱਚ ਲੱਗੇੇ ਹੋਣਗੇ ਤਾਂ ਖੇਤੀ ਖੇਤਰ ਵਿੱਚ ਅਜਿਹੇ ਸੰਕਟ ਪੈਦਾ ਹੋਣਗੇ ਜਿਸ ਦਾ ਸਾਨੂੰ ਕਿਆਸ ਨਹੀਂ।
ਪੰਜਾਬ ਨੂੰ ਇਸ ਸਮੇਂ ਬੜੀ ਸੂਝ ਵਾਲੀ ਰਾਜਸੀ ਅਗਵਾਈ ਦੀ ਲੋੜ ਹੈ ਜੋ ਇਸ ਨੂੰ ਵੱਖ ਵੱਖ ਸੰਕਟਾਂ ਤੋਂ ਨਿਜਾਤ ਦਿਵਾ ਕੇ ਹਕੀਕੀ ਵਿਕਾਸ ਦੇ ਰਾਹ ਤੋਰ ਸਕੇ। ਇਸ ਸਮੇਂ ਪੰਜਾਬ ਵਿੱਚ ਵਾਤਾਵਰਣ ਦਾ ਬਹੁਤ ਵੱਡਾ ਸੰਕਟ ਹੈ ਅਤੇ ਪੰਜਾਬ ਦੇ ਪਾਣੀਆਂ ’ਤੇ ਵੀ ਡਾਕੇ ਵੱਜ ਰਹੇ ਰਹੇ ਹਨ। ਧਰਤੀ ਹੇਠਲੇ ਪਾਣੀ ਦੇ ਸੰਕਟ ਸਬੰਧੀ ਸਾਡੀ ਹਾਲਤ ਖ਼ਤਰਾ ਵੇਖ ਕੇ ਸ਼ੁਤਰਮੁਰਗ ਦੇ ਅੱਖਾਂ ਮੀਟਣ ਜਿਹੀ ਹੈ। ਦੂਸ਼ਿਤ ਵਾਤਾਵਰਣ ਨਾਲ ਬਿਮਾਰੀਆਂ ਦੁਸ਼ਵਾਰੀਆਂ ਦਾ ਦਾਵਾਨਲ ਹਰ ਦਿਨ ਵਿਸ਼ਾਲ ਹੋ ਰਿਹਾ ਹੈ। ਵੱਖ ਵੱਖ ਭਿਆਨਕ ਬਿਮਾਰੀਆਂ ਦਾ ਸੰਤਾਪ ਪੰਜਾਬ ਦੇ ਲੱਖਾਂ ਲੋਕ ਭੁਗਤ ਰਹੇ ਹਨ। ਇਸ ਸਬੰਧੀ ਸਾਨੂੰ ਬਹੁਤ ਗੰਭੀਰ ਹੋਣ ਦੀ ਲੋੜ ਹੈ। ਪਾਣੀ ਦਾ ਸੰਕਟ ਇੱਕ ਤਰ੍ਹਾਂ ਨਾਲ ਪੰਜਾਬ ਦੀ ਸੱਭਿਅਤਾ ਦਾ ਸੰਕਟ ਹੈ ਜਿਸ ਨਾਲ ਪੰਜਾਬ ਦੀ ਹੋਂਦ ਨੂੰ ਬਹੁਤ ਵੱਡਾ ਖ਼ਤਰਾ ਹੈ। ਛੋਟੀਆਂ ਛੋਟੀਆਂ ਬਰਸਾਤੀ ਨਦੀਆਂ ਨੂੰ ਮੁੜ ਸੁਰਜੀਤ ਕਰਕੇ, ਦਰਿਆਵਾਂ ’ਤੇ ਵੱਖ ਵੱਖ ਥਾਈਂ ਵਿਸ਼ਾਲ ਵੈੱਟਲੈਂਡਜ਼ (ਜਲਗਾਹਾਂ) ਬਣਾ ਕੇ, ਕਣਕ ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲ ਕੇ ਇਸ ਸੰਕਟ ਤੋਂ ਬਚਿਆ ਜਾ ਸਕਦਾ ਹੈ ਪਰ ਇਹ ਕੰਮ ਇਕੱਲੇ ਆਮ ਲੋਕਾਂ ਨੇ ਨਹੀਂ ਸਗੋਂ ਸਰਕਾਰਾਂ ਨੇ ਕਰਨੇ ਹੁੰਦੇ ਹਨ। ਪੰਜਾਬ ਦੇ ਪਾਣੀ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ। ਇਹ ਅਜਿਹਾ ਸੰਕਟ ਨਹੀਂ ਕਿ ਜਿਸ ਦਾ ਕੋਈ ਹੱਲ ਹੀ ਨਹੀਂ ਪਰ ਇਸ ਲਈ ਸੂਝ ਸਿਆਣਪ ਨਾਲ ਵੱਡੇ ਪ੍ਰੋਗਰਾਮ ਬਣਾ ਕੇ ਉਨ੍ਹਾਂ ’ਤੇ ਅੱਜ ਤੋਂ ਹੀ ਕੰਮ ਕਰਨ ਦੀ ਲੋੜ ਹੈ। ਨਹੀਂ ਤਾਂ ਪਾਣੀ ਦਾ ਸੰਕਟ ਅਗਲੇ ਹਰ ਦਿਨ ਭਿਆਨਕ ਤੋਂ ਭਿਆਨਕ ਹੁੰਦਾ ਜਾਵੇਗਾ।
ਪੰਜਾਬ ਨੂੰ ਬਚਾਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਕਿਰਤ ਵੱਲ ਮੁੜੀਏ। ਪੰਜਾਬ ਦੇ ਉਨ੍ਹਾਂ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਕੋਲ ਰਿਜ਼ਕ ਦੇ ਥੋੜ੍ਹੇ ਬਹੁਤੇ ਸਾਧਨ ਹਨ ਉਹ ਇੱਥੇ ਕੰਮ ਕਰਕੇ ਰਾਜ਼ੀ ਨਹੀਂ। ਉਨ੍ਹਾਂ ਦੀ ਮਾਨਸਿਕਤਾ ਇਹ ਹੈ ਕਿ ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਕੰਮ ਕਿਉਂ ਕਰੀਏ। ਪੰਜਾਬੀ ਸੱਭਿਅਤਾ ਕਿਰਤ ਦੇ ਖਾਸੇ ਨਾਲ ਜੁੜੀ ਹੋਈ ਸੱਭਿਅਤਾ ਸੀ। ਇੱਥੇ ਨੌਜਵਾਨੀ ਦਾ ਕਿਰਤ ਤੋਂ ਕਿਨਾਰਾ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਕਿਰਤ ਤੋਂ ਟੁੱਟੀ ਨੌਜਵਾਨ ਪੀੜ੍ਹੀ ਨੇ ਜਿੱਥੇ ਖੇਤੀ ਤੋਂ ਕਿਨਾਰਾ ਕਰ ਲਿਆ ਉੱਥੇ ਇਹ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋਣ ਲੱਗੀ। ਨਸ਼ਾ ਇਸ ਸਮੇਂ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਹਰ ਇਲਾਕੇ ਵਿੱਚ ਵੱਡੇ ਵੱਡੇ ਜੇਲ੍ਹਾਂ ਨੁਮਾ ਨਸ਼ਾ ਛਡਾਊ ਕੇਂਦਰ ਬਣ ਗਏ ਹਨ ਜਿੱਥੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਮਾਪਿਆਂ ਤੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਹਨ। ਸਰਕਾਰਾਂ ਨੂੰ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਿੰਨੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਸੀ ਓਨਾ ਨਹੀਂ ਹੋ ਸਕਿਆ। ਬੇਸ਼ੱਕ, ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਵੀ ਨਸ਼ਿਆਂ ਦੀ ਸਮੱਸਿਆ ਹਰ ਦਿਨ ਭਿਆਨਕ ਹੋ ਰਹੀ ਹੈ ਪਰ ਪੰਜਾਬ ਦੀ ਗੁਰੂਆਂ ਮਹਾਂਪੁਰਸ਼ਾਂ ਦੀ ਧਰਤੀ ਦੇ ਮੱਥੇ ’ਤੇ ਨਸ਼ਿਆਂ ਦਾ ਕਲੰਕ ਲੱਗਣਾ ਸਾਡੇ ਲਈ ਵੱਡੇ ਫ਼ਿਕਰ ਵਾਲੀ ਗੱਲ ਹੈ। ਇਸ ਲਈ ਬੜਾ ਜ਼ਰੂਰੀ ਹੈ ਕਿ ਨੌਜਵਾਨ ਅਤੇ ਮੁਟਿਆਰਾਂ ਇੱਥੇ ਰਹਿ ਕੇ ਕਿਰਤ ਨਾਲ ਜੁੜਨ ਤੇ ਵੱਖ ਵੱਖ ਕਿੱਤਿਆਂ ਵਿੱਚ ਨਿਪੁੰਨ ਹੋਣ। ਇੱਥੇ ਰਹਿ ਕੇ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਨ ਵਾਲਿਆਂ ਦੀ ਹੈਂਕੜਬਾਜ਼ੀ ਵਿਦੇਸ਼ ਜਾ ਕੇ ਝੱਟ ਨਿਕਲ ਜਾਂਦੀ ਹੈ। ਅੱਜ ਲੋੜ ਹੈ ਅਸੀਂ ਕਿਰਤ ਨਾਲ ਜੁੜੀਏ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੋਈਏ।
ਪੰਜਾਬ ਅਨੇਕਾਂ ਵਾਰ ਉੱਜੜਿਆ ਤੇ ਮੁੜ ਵੱਸਿਆ ਪੰਜਾਬ ਵਸਦਾ ਰਿਹਾ ਹੈ ਅਤੇ ਵਸਦਾ ਰਹੇਗਾ। ਸਮੇਂ ਦਾ ਸੱਚ ਇਹ ਵੀ ਹੈ ਕਿ ਪੰਜਾਬੀ ਸਮਾਜ ਇਸ ਸਮੇਂ ਵੱਡੀ ਉੱਥਲ ਪੁੱਥਲ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਨੇ ਪਹਿਲਾਂ ਵੀ ਵੱਡੀਆਂ ਤਬਦੀਲੀਆਂ ਵੇਖੀਆਂ ਪਰ ਇਹ ਦੌਰ ਵੱਖਰੀ ਤਰ੍ਹਾਂ ਦੀ ਤਬਦੀਲੀ ਦਾ ਦੌਰ ਹੈ। ਇਸ ਵਿੱਚ ਵੱਡੀ ਗਿਣਤੀ ’ਚ ਪੰਜਾਬ ਦੇ ਵਾਰਿਸ ਇਸ ਨੂੰ ਬੇਦਾਵਾ ਦੇ ਕੇ ਜਾ ਰਹੇ ਹਨ ਅਤੇ ਵੱਡੀ ਗਿਣਤੀ ਉਨ੍ਹਾਂ ਦੀ ਵੀ ਹੈ ਜੋ ਨਸ਼ਿਆਂ ਦੀ ਕਰੋਪੀ ਨਾਲ ਮੌਤ ਦੇ ਮੂੰਹ ਪੈ ਰਹੇ ਹਨ। ਭਵਿੱਖ ਦੇ ਦਸ ਬਾਰਾਂ ਸਾਲਾਂ ਦੌਰਾਨ ਪੰਜਾਬੀ ਸਮਾਜ ਦੇ ਵੱਡੀ ਗਿਣਤੀ ਪਰਿਵਾਰਾਂ ਵਿੱਚ ਵੱਖਰੀ ਤਰ੍ਹਾਂ ਦੇ ਸੰਤਾਪ ਹੋਣਗੇ। ਵਿਦੇਸ਼ ਗਏ ਨੌਜਵਾਨਾਂ ਨੇ ਇੱਧਰ ਪਰਤਣਾ ਨਹੀਂ। ਸਹਾਰਾ ਲੋੜਦੇ ਬਜ਼ੁਰਗ ਮਾਪਿਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੋਵੇਗਾ।
ਇਸ ਸਮੇਂ ਸਾਨੂੰ ਸਮਝਣ ਦੀ ਲੋੜ ਹੈ ਕਿ ਮਨੁੱਖ ਇਸ ਧਰਤੀ ’ਤੇ ਮਸ਼ੀਨ ਬਣਨ ਨਹੀਂ ਆਇਆ ਅਤੇ ਨਾ ਹੀ ਮਨੁੱਖ ਦੀ ਹਰ ਸਰਗਰਮੀ ਪੈਸੇ ਲਈ ਹੋਣੀ ਚਾਹੀਦੀ ਹੈ। ਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈ। ਸਾਡੀ ਲੋਕਧਾਰਾ ਵਿੱਚ ਥਾਂ ਥਾਂ ’ਤੇ ਕਿਰਤ ਦਾ ਸੁਨੇਹਾ ਹੈ। ਅਸੀਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਹਾਂ। ਇਸ ਸਮੇਂ ਪੰਜਾਬ ਨੂੰ ਸਮੱਸਿਆਵਾਂ ’ਚੋਂ ਬਾਹਰ ਕੱਢਣ ਲਈ ਇੱਥੇ ਰਹਿ ਕੇ ਸੰਘਰਸ਼ ਕਰਨ ਦੀ ਲੋੜ ਹੈ। ਅੱਜ ਲੋੜ ਹੈ ਕਿ ਪੰਜਾਬ ਨੂੰ ਹੱਸਦਾ ਵੱਸਦਾ ਬਣਾਉਣ ਲਈ ਸਭ ਧਿਰਾਂ ਯਤਨਸ਼ੀਲ ਹੋਣ। ਇਸ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੀਆਂ ਸਭ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਬੜੀਆਂ ਵੱਡੀਆਂ ਮੁਸੀਬਤਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਵੱਸਦਾ ਰਿਹਾ ਹੈ ਅਤੇ ਵਸਦਾ ਰਹੇਗਾ। ਬਸ ਲੋੜ ਹੈ ਅਸੀਂ ਨਿਰਾਸ਼ ਨਾ ਹੋਈਏ ਅਤੇ ਇਹਦੇ ਭਲੇ ਲਈ ਯਤਨਸ਼ੀਲ ਹੋਈਏ।
BY : ਗੁਰਚਰਨ ਸਿੰਘ ਨੂਰਪੁਰ