Home 9 Latest Articles 9 ਮੱਘਰ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ।।
ਤਿੰਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ।।
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ।।
ਸਾਧ ਜਨਾ ਤੇ ਬਾਹਰੀ ਸੇ ਰਹਿ ਇਕੇਲੜੀਆਹ ।।

ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ 135)

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹ- ਮਾਹਾ ਮਾਂਝ ਦੀ ਇਸ ਪਾਵਨ ਪਾਓੜੀ ਦੇ ਮਾਧਿਅਮ ਦੁਆਰਾ ਮੱਘਰ ਮਹੀਨੇ ਦੀ ਰੁੱਤ ਅਤੇ ਇਸ ਨਾਲ ਜੁੜੇ ਸਭਿਆਚਾਰ ਦੇ ਪ੍ਥਾਏ ਮਨੁੱਖ-ਮਾਤਰ ਨੂੰ ਮਨੁਖਾ ਜੀਵਨ ਰੂਪੀ ਮੱਘਰ ਮਹੀਨਾ ਪ੍ਰਭੂ ਦੇ ਨਾਮ- ਸਿਮਰਨ ਅਤੇ ਸ਼ੁਭ ਅਮਲਾਂ ਦੁਆਰਾ ਸਫਲ ਕਰਨ ਦਾ ਮਾਰਗ ਦਰਸਾਉਂਦੇ ਹਨ।ਓਨਾਂ ਦਾ ਫੁਰਮਾਨ ਹੈ ਕਿ ਮੱਘਰ ਮਹੀਨੇ ਦੀ ਠੰਡੀ ਮਿੱਠੀ ਬਹਾਰ ਵਿਚ ਜਿਹੜੇ ਜੀਵ ਪਰਮੇਸ਼ਰ ਨਾਲ ਜੁੜਦੇ ਹਨ ਓਹਨਾ ਨੂੰ ਪ੍ਰਭੂ ਮੇਲ ਅਤੇ ਸੋਭਾ ਪ੍ਰਾਪਤ ਹੁੰਦੀ ਹੈ।

ਮੱਘਰ ਮਹੀਨੇ ਨਾਲ ਜੁੜੇ ਮਿਠੇ ਅਤੇ ਠੰਡੇ ਵਾਤਾਵਰਣ ਨੂੰ ਅਸੀ ਫਸਲਾਂ ਦੀ ਰਹਿੰਦ-ਖੂੰਹਦ ਸਾੜਣ ਨਾਲ ਐਸਾ ਤਬਾਹ ਕਰ ਦਿਤਾ ਕਿ ਲੋਕਾਂ ਦਾ ਜਿਓਣਾ ਦੁਭਰ ਹੋ ਗਿਆ ਹੈ। ਪੂਰੇ ਉਤਰੀ ਭਾਰਤ ਵਿਚ ਝੋਨੇ ਦੀ ਪਰਾਲੀ ਸਾੜਣ ਨਾਲ ਪੈਦਾ ਹੋਏ ਧੂੰਏ ਨਾਲ ਹਵਾ ਦੀ ਗੁਣਵਤਾ ਦਾ ਪੈਮਾਨਾ ਵੇਖ ਕੇ ਅਸਚਰਜਤਾ ਹੁੰਦੀ ਹੈ ਕਿ ਕਿਵੇਂ ਇਹੋ ਜਿਹੀ ਗੰਧਲੀ ਹਵਾ ਵਿਚ ਅਸੀਂ ਸਾਹ ਲੈ ਰਹੇ ਹਾਂ। ਜਿਸ ਹਵਾ ਨੂੰ ਪਵਿੱਤਰ ਗੁਰਬਾਣੀ ਵਿਚ ਗੁਰੂ ਦਾ ਸਥਾਨ ਪ੍ਰਾਪਤ ਹੈ ਓਸੇ ਨੂੰ ਗੰਧਲਾ ਕਰਨ ਵਿਚ ਅਸੀਂ ਬੇਕਿਰਕ ਕਿਓਂ ਹੋਏ ਆਂ। ਪਿੰਡਾਂ ਦਾ ਪੰਚਾਇਤੀ ਸਿਸਟਮ ਅਤੇ ਪ੍ਰਸਾਸ਼ਨ ਇਸ ਪਰਵਿਰਤੀ ਨੂੰ ਠਲਣ ਵਿਚ ਨਾ ਕਾਮਯਾਬ ਰਹੇ ਹਨ।

ਅਜ ਸ਼ੁਰੂ ਹੋਏ ਇਸ ਮਹੀਨੇ ਦਾ ਉਤਰੀ ਭਾਰਤ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿਚ ਬਹੁਤ ਮਹੱਤਵ ਹੈ। ਸਾਉਣੀ ਦੀ ਫਸਲ ਚੁਕਣ ਉਪਰੰਤ ਹਾੜੀ ਦੀਆਂ ਜਿਨਸਾਂ ਖੇਤਾਂ ਵਿਚ ਪੁੰਗਰਦੀਆਂ ਨਜਰ ਆਉਣ ਲਗ ਜਾਂਦੀਆਂ ਹਨ। ਕਿਸਾਨਾਂ ਦਾ ਬੀਜ-ਬਿਜਾਈ ਦਾ ਮਹਤਵਪੂਰਣ ਕੰਮ ਨਿਬੜ ਜਾਂਦਾ ਹੈ।ਪਸ਼ੂਆਂ ਦੇ ਹਰੇ-ਚਾਰੇ ਨੂੰ ਵਧਦਾ ਵੇਖ ਕਿਸਾਨ ਖੁਸ਼ ਹੁੰਦਾ ਹੈ ਕਿਓਂਕਿ ਪੇਂਡੂ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਰੋਟੀ ਪਾਣੀ ਇਸ ਨਾਲ ਹੀ ਜੁੜੀ ਹੋਈ ਹੈ। ਖੇਤੀ -ਬਾੜੀ ਦੇ ਕੰਮਾਂ ਤੋਂ ਵਿਹਲਾ ਹੋ ਕੇ ਹੀ ਕਿਸਾਨ ਮੱਘਰ ਮਹੀਨੇ ਵਿਆਹ ਸ਼ਾਦੀਆਂ ਦੇ ਰੁਝੇਵੇਂ ਵਲ ਰੁਖ ਕਰਦਾ ਹੈ। ਅਗੋਂ ਇਕ ਮਹੀਨੇ ਨੂੰ ਪੋਹ ਦਾ ਸਖਤ ਮੌਸਮ ਇੰਨਾਂ ਕਾਰਜਾਂ ਲਈ ਡਾਢਾ ਹੋ ਜਾਂਦਾ ਹੈ।ਇਸ ਤੋਂ ਪਹਿਲਾ ਕੱਤਕ ਮਹੀਨੇ ‘ਚ ਖੇਤੀ ਦੇ ਰੁਝੇਵੇਂ ਹੀ ਐਨੇ ਹੁੰਦੇ ਨੇ ਕਿ ਹੋਰ ਕੁਝ ਸੁਝਦਾ ਈ ਨੀ।

ਮੱਘਰ ਮਹੀਨੇ ਦੌਰਾਨ ਆਉਣ ਵਾਲੇ ਠੰਡੇ ਮੌਸਮ ਦਾ ਇੰਤਜ਼ਾਮ ਵੀ ਕਰ ਲਿਆ ਜਾਂਦਾ ਹੈ। ਕਮਾਦ ਗੁੜ ਬਨਾਓਣ ਲਈ ਤਿਆਰ ਹੋਣ ਕਾਰਣ ਹਰ ਪਿੰਡ ਵਿਚ ਘੁਲਾੜੀ (cane crusher) ਚਾਲੂ ਹੋ ਜਾਂਦੀ ਹੈ। ਭਾਵੇਂ ਮੰਡੀਕਰਨ ਨੇ ਪੇਂਡੂਆਂ ਦੀ ਗੁੜ ਤੇ ਨਿਰਭਰਤਾ ਘਟਾ ਦਿਤੀ ਹੈ ਪਰ ਅਜੇ ਵੀ ਘਰ ਦੇ ਗੁੜ ਦੀ ਬਰਕਤ ਸਮਝੀ ਜਾਂਦੀ ਹੈ। ਆਉਣ ਵਾਲੇ ਲੋਹੜੀ ਦੇ ਤਿਓਹਾਰ ਲਈ ਇਸ ਨੂੰ ਸ਼ੁਭ ਸਮਝਿਆ ਜਾਂਦਾ ਹੈ। ਇਸੇ ਮੌਸਮ ਵਿਚ ਹੀ ਤਿਲਾਂ ਤੋਂ ਪਿੰਨੀਆਂ ਬਣਾ ਕੇ ਸੌਗਾਤ ਵਜੋਂ ਰਿਸ਼ਤੇਦਾਰਾਂ ਨੂੰ ਭੇਜੀਆਂ ਜਾਂਦੀਆਂ ਹਨ। ਉਂਝ ਹਰੀ ਕਰਾਂਤੀ ਨੇ ਇਹ ਸਾਰਾ ਕੁਸ਼ ਚੰਗਾ ਕਿਸਾਨਾਂ ਦੇ ਮੂੰਹੋਂ ਖੋਹ ਲਿਆ ਹੈ ਅਤੇ ਮੰਡੀ ਨੇ ਘਰ ਬਨਣ ਵਾਲੀ ਹਰ ਦੇਸੀ ਅਤੇ ਚੰਗੀ ਵਸਤੂ ਨੂੰ ਖਤਮ ਕਰ ਦਿਤਾ ਹੈ।

ਮੱਘਰ ਮਹੀਨੇ ਬਾਗਾਂ ਵਿਚ ਲਗੇ ਕਿੰਨੂ ਅਤੇ ਮੌਸੰਮੀ ਦੇ ਫਲ ਬਹੁਤ ਖੂਬਸੂਰਤ ਲਗਦੇ ਨੇ। ਠੰਡ ਨਾਲ ਹੌਲੀ ਹੌਲੀ ਇੰਨਾਂ ਚ ਮਿਠਾਸ ਘੁਲਣ ਨਾਲ ਖਾਣ ਯੋਗ ਹੋ ਜਾਂਦੇ ਹਨ। ਕਿਸਾਨਾਂ ਦੇ ਘਰ ਸਰੋਂ ਦਾ ਸਾਗ ,ਮੇਥੇ,ਧਨੀਆ, ਪਾਲਕ ਅਤੇ ਹੋਰ ਸਬਜੀਆਂ ਚੜਦੇ ਸਿਆਲ ‘ਚ ਨਾ ਵਰਨਣਯੋਗ ਲੁਤਫ ਦਿੰਦੀਆਂ ਹਨ। ਘਰ ਦਾ ਮੱਖਣ,ਲੱਸੀ ਅਤੇ ਸਾਗ ਨਾਲ ਮੱਕੀ ਦੀ ਰੋਟੀ ਆਪਣਾ ਈ ਅਨੰਦ ਦਿੰਦੀ ਐ । ਦੁਨੀਆਂ ਦਾ ਕੋਈ ਖਾਣਾ ਪੰਜਾਬੀਆਂ ਲਈ ਇਸ ਤੋਂ ਵਧ ਕੇ ਨਹੀਂ ਹੈ। ਭਾਵੇਂ ਪਿਛਲੇ ਕੁਝ ਦਹਾਕਿਆਂ ਵਿਚ ਪੇਂਡੂ ਜ਼ਿੰਦਗੀ ਵਿਚ ਨਾ ਸਲਾਹੁਣਯੋਗ ਤਬਦੀਲੀ ਆਈ ਹੈ ਪਰ ਹੁਣ ਆਰਗੈਨਿਕ ਖੇਤੀ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਮੁੜ ਹੁਲਾਰਾ ਦਿਤਾ ਹੈ।

ਮੱਘਰ ਮਹੀਨੇ ਦੀਆਂ ਐਨੀਆਂ ਸਿਫਤਾਂ ਕਾਰਨ ਹੀ ਪੇਂਡੂ ਪਰਿਵਾਰਾਂ ਵਿਚ ਬਹੁਤ ਲੋਕਾਂ ਦਾ ਨਾਮ “ਮੱਘਰ ਸਿਓਂ ਜਾਂ ਮੱਘਰ ਖਾਨ” ਰਖਿਆ ਜਾਂਦਾ ਸੀ। ਇਹ ਸੋਹਣਾ ਪੰਜਾਬੀ ਸਭਿਆਚਾਰ ਲੋਪ ਨਾ ਹੋਵੇ, ਸਾਡੀ ਸਾਰਿਆਂ ਦੀ ਖਾਹਿਸ਼ ਹੈ। ਆਓ ਅਸੀਂ ਸਾਰੇ ਕਮਿਊਨਿਟੀ ਪਧਰ ਤੇ ਕੁਦਰਤ ਵਲੋਂ ਦਿਤੇ ਮਿਠੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਸੁਹਿਰਦ ਯਤਨ ਕਰੀਏ।