ਅਸੀਂ ਭਾਵੇਂ ਬੇਸ਼ੁਮਾਰ ਜੰਗਾਂ, ਫ਼ੌਜੀ ਸ਼ਾਸਨ, ਤਾਨਾਸ਼ਾਹੀ ਦੇ ਨਵੇਂ ਰੂਪਾਂ, ਵਧਦੀ ਆਰਥਿਕ ਨਾ-ਬਰਾਬਰੀ, ਜਲਵਾਯੂ ਤਬਦੀਲੀ ਤੇ ਸਮਾਜੀ ਮਾਨਸਿਕ ਵਿਕਾਰਾਂ ਵਾਲੀ ਅੰਨ੍ਹੀ ਹਿੰਸਾ ਦੀ ਸ਼ਿਕਾਰ ਦੁਨੀਆ ਵਿੱਚ ਰਹਿ ਰਹੇ ਹਾਂ, ਫਿਰ ਵੀ ਖ਼ੁਸ਼ੀ ਲਈ ਸਾਡੀ ਤਲਾਸ਼ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਅਜੋਕੇ ਸਮਿਆਂ ’ਚ ਕਿਉਂਕਿ ਸਾਨੂੰ ਚੰਗਾ ਲੱਗਦਾ ਹੈ ਕਿ ਜੀਵਨ ਦਾ ਸਾਰਾ ਹਿਸਾਬ ਸਹੀ ਬੈਠੇ, ਖ਼ੁਸ਼ੀ ਵਰਗੇ ਬੇਹੱਦ ਗੁਣਾਤਮਕ ਤੇ ਅੰਤਰੀਵ ਭਾਵ ਦਾ ਵੀ ਅਸੀਂ ਮਾਪ-ਤੋਲ ਕਰਨ ਲੱਗ ਪਏ ਹਾਂ। ਹਰ ਸਾਲ ਸੰਯੁਕਤ ਰਾਸ਼ਟਰ ਦਾ ਟਿਕਾਊ ਵਿਕਾਸ ਬਾਰੇ ਨੈੱਟਵਰਕ ਵੱਖ-ਵੱਖ ਮੁਲਕਾਂ ਦੀ ਦਰਜਾਬੰਦੀ ਕਰਦਾ ਹੈ, ਇਨ੍ਹਾਂ ਨੂੰ ‘ਖ਼ੁਸ਼ੀ ਸੂਚਕ ਅੰਕ’ ਵਿੱਚ ਮਾਪਿਆ ਜਾਂਦਾ ਹੈ ਜਿਸ ਦਾ ਆਧਾਰ ਕੁੱਲ ਘਰੇਲੂ ਉਤਪਾਦ, ਜਿਊਣ ਦੀ ਸੰਭਾਵਨਾ, ਸਰਕਾਰ ਜਾਂ ਮੁਲਕ ਦੀ ਸਮਰੱਥਾ, ਸਮਾਜਿਕ ਸਹਾਇਤਾ ਜਾਂ ਕਹਿ ਲਈਏ, ਪਰਉਪਕਾਰੀ ਰਵੱਈਆ ਹੁੰਦਾ ਹੈ। ਫਿਨਲੈਂਡ ਜਿੱਥੇ ਇਸ ਸੂਚੀ ਵਿੱਚ ਚੋਟੀ ’ਤੇ ‘ਸਭ ਤੋਂ ਵੱਧ ਖ਼ੁਸ਼ ਮੁਲਕ’ ਬਣਿਆ ਹੋਇਆ ਹੈ, ਉੱਥੇ ‘ਵਰਲਡ ਹੈਪੀਨੈੱਸ ਰਿਪੋਰਟ-2024’ ਵਿਚ ਭਾਰਤ ਦਾ ਨੰਬਰ 143 ਮੁਲਕਾਂ ਵਿਚੋਂ 126ਵਾਂ ਹੈ।
ਮੈਂ ਸ਼ਾਇਦ ਇਸ ਰਿਪੋਰਟ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰੀ ਤਰ੍ਹਾਂ ਖਾਰਜ ਤਾਂ ਨਹੀਂ ਕਰਾਂਗਾ; ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਕਿ ਆਰਥਿਕ ਸਥਿਰਤਾ ਦਾ ਮੁਨਾਸਿਬ ਪੱਧਰ, ਸਮਾਜਿਕ ਭਲਾਈ ਦੀਆਂ ਸਰਕਾਰੀ ਸਕੀਮਾਂ, ਬਿਹਤਰ ਸਿਹਤ ਸਹੂਲਤਾਂ, ਕੰਮਕਾਜੀ ਸੰਤੁਸ਼ਟੀ, ਆਪਸੀ ਤਾਲਮੇਲ ਵਾਲੇ ਸਮਾਜ ਦੀ ਮੌਜੂਦਗੀ ਅਤੇ ਸਿਆਸੀ ਆਜ਼ਾਦੀ ਰੋਜ਼ਮੱਰਾ ਜਿ਼ੰਦਗੀ ਵਿੱਚ ਕੁਝ ਹੱਦ ਤੱਕ ਤਸੱਲੀ ਪੈਦਾ ਕਰਦੇ ਹਨ; ਹਾਲਾਂਕਿ ਇਹ ਸਵੀਕਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਕਿ ਖ਼ਾਲਸ ਖ਼ੁਸ਼ੀ ਵਰਗਾ ਕੁਝ ਨਹੀਂ ਹੈ ਕਿਉਂਕਿ ਆਨੰਦ ਤੇ ਤਸੱਲੀ ਵਾਲੇ ਸਾਡੇ ਸਭ ਤੋਂ ਬਿਹਤਰੀਨ ਪਲ ਕਿਸੇ ਨਾ ਕਿਸੇ ਕਿਸਮ ਦੀ ਬੇਚੈਨੀ ਵੀ ਨਾਲ ਲੈ ਕੇ ਆਉਂਦੇ ਹਨ। ਜਿਵੇਂ ਸਾਡੇ ਕੋਲ ਜੋ ਕੁਝ ਹੈ, ਉਸ ਨੂੰ ਗੁਆਉਣ ਦਾ ਡਰ ਰਹਿੰਦਾ ਹੈ, ਭਾਵੇਂ ਉਹ ਭੌਤਿਕ ਸੰਪਤੀ ਹੋਵੇ, ਸਰੀਰਕ ਜੀਵਨ ਸ਼ਕਤੀ ਜਾਂ ਸਨੇਹੀਆਂ ਦਾ ਸਾਥ। ਅਸੀਂ ਹਮੇਸ਼ਾ ਸੰਪੂਰਨ ਖ਼ੁਸ਼ੀ ਲੱਭਦੇ ਰਹਿੰਦੇ ਹਾਂ, ਫਿਰ ਵੀ ਇਹ ਸਾਡੇ ਹੱਥ ਨਹੀਂ ਆਉਂਦੀ। ਸਾਡੇ ਸਮਿਆਂ ਵਿੱਚ ਵੱਡੀ ਗਿਣਤੀ ਲਾਈਫ ਕੋਚਾਂ, ਮੋਟੀਵੇਸ਼ਨਲ ਸਪੀਕਰਾਂ ਤੇ ਅਧਿਆਤਮਕ ਗੁਰੂਆਂ ਨੂੰ ਦੇਖ ਕੇ ਹੈਰਾਨੀ ਨਹੀਂ ਹੁੰਦੀ ਜੋ ‘ਖ਼ੁਸ਼ੀ ਅਤੇ ਸਫ਼ਲਤਾ’ ਲਈ ਵਾਰ-ਵਾਰ ਸਾਨੂੰ ਕੁਝ ‘ਢੰਗ-ਤਰੀਕੇ’ ਅਪਨਾਉਣ ਲਈ ਕਹਿੰਦੇ ਹਨ ਜਿਨ੍ਹਾਂ ਵਿਚ ਧਿਆਨ ਦਾ ਅਭਿਆਸ, ਸਾਹ ਲੈਣ ਨਾਲ ਜੁੜੇ ਅਭਿਆਸ, ਚੇਤਨ ਮਨ ਆਦਿ ਸ਼ਾਮਿਲ ਹਨ।
ਉਂਝ, ਇਹ ਜਾਣਨਾ ਜ਼ਰੂਰੀ ਹੈ ਕਿ ਖ਼ੁਸ਼ੀ ‘ਸੈਲਫ ਹੈਲਪ’ ਪੁਸਤਕਾਂ ਜਾਂ ਆਸ਼ਰਮ ਤੇ ਮੱਠਾਂ ਤੋਂ ਫੌਰੀ ਪ੍ਰਾਪਤ ਹੋਣ ਵਾਲਾ ਕੋਈ ਰੋਗ ਨਿਵਾਰਕ ਕੈਪਸੂਲ ਨਹੀਂ ਹੈ। ਅਸਲ ਵਿਚ ਜੇ ਅਸੀਂ ਸਚਮੁੱਚ ਹੀ ਨਿਮਰ ਭਾਵ ਵਿੱਚ ਭਿੱਜੇ ਸ਼ਾਂਤ ਤੇ ਸੰਤੁਸ਼ਟ ਸੰਸਾਰ ਨੂੰ ਲੋਚਦੇ ਹਾਂ ਤਾਂ ਸਾਨੂੰ ਸਵੈ ਤੇ ਸੰਸਾਰ ਜਾਂ ਰਾਜਸੀ ਤੇ ਅਧਿਆਤਮਕ ਦੁਨੀਆ ਵਿਚਾਲੇ ਪੁਲ ਉਸਾਰਨਾ ਪਏਗਾ; ਮਸਲਨ, ਉਸ ਸ਼ਖ਼ਸ ਨੂੰ ‘ਸਚੇਤ ਮਨ’ (ਅਤੀਤ ਦੇ ਮਾੜੇ ਤਜਰਬਿਆਂ ਜਾਂ ਭਵਿੱਖ ਦੀ ਬੇਚੈਨੀ ਬਿਨਾਂ ਵਰਤਮਾਨ ’ਚ ਰਹਿਣ ਦੀ ਸਮਰੱਥਾ) ਦਾ ਪਾਠ ਪੜ੍ਹਾਉਣਾ ਮੂਰਖਤਾ ਹੈ ਜੋ ਭੁੱਖ, ਕੁਪੋਸ਼ਣ ਦਾ ਭੰਨਿਆ ਅਤੇ ਬੇਘਰ ਹੋਵੇ; ਜਾਂ ਫਿਰ ਰੁਜ਼ਗਾਰ ਦੇਣ ਵਾਲਿਆਂ ਵੱਲੋਂ ਲਗਾਤਾਰ ਨਕਾਰੇ ਗਏ ਕਿਸੇ ਬੇਰੁਜ਼ਗਾਰ ਨੌਜਵਾਨ ਨੂੰ ਕੋਈ ਮਸ਼ਹੂਰ ‘ਸੈਲਫ ਹੈਲਪ’ ਕਿਤਾਬ ਪੜ੍ਹਨ ਲਈ ਕਹਿਣ ਬਾਰੇ ਸੋਚ ਕੇ ਦੇਖੋ। ਉਸ ਨੂੰ ਜੇਕਰ ਤੁਸੀਂ ਅਜਿਹਾ ਕਰਨ ਤੇ ਚੰਗਾ ਅਤੇ ਸਕਾਰਾਤਮਕ ਸੋਚਣ ਲਈ ਕਹੋਗੇ ਤਾਂ ਇਹ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਹੋਵੇਗਾ। ਝੁੱਗੀ ਵਿੱਚ ਰਹਿਣ ਵਾਲੇ ਜਾਂ ਕਿਸੇ ਬੇਘਰੇ ਨੂੰ ‘ਘੱਟੋ-ਘੱਟ ਨਾਲ ਗੁਜ਼ਾਰੇ’ ਦਾ ਪਾਠ ਪੜ੍ਹਾਉਣਾ ਵੀ ਓਨਾ ਹੀ ਬੇਹੂਦਾ ਹੈ। ਇਸ ਅੰਤਾਂ ਦੇ ਉੱਚੇ-ਨੀਵੇਂ ਤੇ ਬੇਰਹਿਮ ਸੰਸਾਰ ਦੀਆਂ ਰਾਜਸੀ ਤੇ ਆਰਥਿਕ ਨੀਹਾਂ ਨੂੰ ਬਦਲੇ ਬਿਨਾਂ ਅਸੀਂ ਤਸੱਲੀ ਦੇ ਲੋੜੀਂਦੇ ਪੱਧਰ ਵੱਲ ਨਹੀਂ ਵੱਧ ਸਕਦੇ। ਨਸਲਕੁਸ਼ੀ ਨੂੰ ਆਮ ਹੀ ਸਿੱਧ ਕਰ ਦੇਣ ਦੇ ਮਾਹੌਲ ਵਿਚਾਲੇ ਫ਼ਲਸਤੀਨੀ ਭਲਾ ਕਿਵੇਂ ਖ਼ੁਸ਼ ਰਹਿ ਸਕਦੇ ਹਨ।
ਇਸੇ ਤਰ੍ਹਾਂ ਜੇ ਰੁਜ਼ਗਾਰ ਰਿਪੋਰਟ-2024 ਦੱਸਦੀ ਹੈ ਕਿ ਭਾਰਤ ਦੇ 83 ਪ੍ਰਤੀਸ਼ਤ ਬੇਰੁਜ਼ਗਾਰ, ਨੌਜਵਾਨ ਵਰਗ ਨਾਲ ਸਬੰਧਿਤ ਹਨ ਜਾਂ ਜਿਵੇਂ ਖੋਜ ਪੱਤਰ ‘ਦਿ ਰਾਈਜ਼ ਆਫ ਬਿਲੀਅਨੇਅਰ ਰਾਜ’ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਦੇ ਉਪਰਲੇ ਇੱਕ ਪ੍ਰਤੀਸ਼ਤ ਲੋਕਾਂ ਕੋਲ 40 ਪ੍ਰਤੀਸ਼ਤ ਸੰਪਤੀ ਹੈ ਤਾਂ ਇਕ ਔਸਤ ਭਾਰਤੀ ਦੇ ਦਰਦ, ਡਰ, ਤਣਾਅ ਤੇ ਦੁੱਖ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ। ਸਾਡੇ ਕੋਲ ਭਾਵੇਂ ਮੁਕਤੀ ਦੇ ਵੱਖੋ-ਵੱਖਰੇ ਰਾਹ ਦਿਖਾਉਣ ਵਾਲੇ ਹਜ਼ਾਰਾਂ ਬਾਬੇ ਤੇ ਗੁਰੂ ਹਨ, ਫਿਰ ਵੀ ਕੌੜੀ ਸਚਾਈ ਇਹੀ ਹੈ ਕਿ ਸਾਡਾ ਮੁਲਕ ਨਾਖ਼ੁਸ਼ ਅਤੇ ਉਦਾਸ ਮੁਲਕ ਹੈ। ਸ਼ਾਇਦ ਸਾਡੇ ਸਮਾਜ ਦੀ ਸਿਆਸੀ/ਆਰਥਿਕ ਮੁੜ ਉਸਾਰੀ ਤੋਂ ਬਿਨਾਂ ਅਸੀਂ ਅਜਿਹਾ ਸਮਾਜਿਕ ਵਾਤਾਵਰਨ ਨਹੀਂ ਸਿਰਜ ਸਕਦੇ ਜੋ ਸੰਤੁਸ਼ਟ ਲੋਕਾਈ ਦੇ ਵਿਕਾਸ ਲਈ ਨਿਆਂ ਸੰਗਤ ਤਰੀਕੇ ਨਾਲ ਸਾਜ਼ਗਾਰ ਹੋਵੇ।
ਇੱਥੇ ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਮੈਂ ਆਤਮ-ਵਿਸ਼ਲੇਸ਼ਣ ਦੀ ਅਹਿਮੀਅਤ ਜਾਂ ਅਰਥਪੂਰਨ, ਟਿਕਾਊ ਤੇ ਦਯਾ ਭਾਵ ਨਾਲ ਭਰਪੂਰ ਜੀਵਨ ਜਿਊਣ ਲਈ ਅੰਦਰੂਨੀ ਠਹਿਰਾਅ ਦੀ ਲੋੜ ਨੂੰ ਨਕਾਰਦਾ ਹਾਂ। ਆਰਥਿਕ ਸੁਰੱਖਿਆ ਤੇ ਰਾਜਨੀਤਕ ਆਜ਼ਾਦੀ ਦਾ ਢੁੱਕਵਾਂ ਪੱਧਰ ਸਾਡੀ ਰੋਜ਼ਮੱਰ੍ਹਾ ਜਿ਼ੰਦਗੀ ਨੂੰ ਕੁਝ ਹੱਦ ਤੱਕ ਸੁਖੀ ਬਣਾਉਂਦਾ ਹੈ। ਜੀਵਨ ਨੂੰ ‘ਪਵਿੱਤਰ’ ਕੀਤੇ ਬਿਨਾਂ ਵਧੇਰੇ ਅਰਥਪੂਰਨ ਤੇ ਸ਼ਾਂਤੀਪੂਰਨ ਅਹਿਸਾਸ (ਜ਼ਰੂਰੀ ਨਹੀਂ ਕਿ ਸੰਪੂਰਨ ‘ਖ਼ੁਸ਼ੀ’ ਦੀ ਸਥਿਤੀ) ਵੱਲ ਨਹੀਂ ਵਧਿਆ ਜਾ ਸਕਦਾ। ਮਸਲਨ, ਇਹ ਧਾਰਮਿਕਤਾ ਜਾਂ ਪਵਿੱਤਰਤਾ ਜਿਊਣ ਦੀ ਅਜਿਹੀ ਕਲਾ ਵਿਕਸਿਤ ਕਰਨ ਬਾਰੇ ਹੈ ਜੋ ਖਪਤਵਾਦ ਤੋਂ ਦੂਰ ਹੋਵੇ। ਇਸ ਸਭ ਲਈ ਭੋਜਨ, ਵਸੇਬੇ, ਸਿੱਖਿਆ, ਰਾਜਨੀਤਕ ਆਜ਼ਾਦੀ ਤੇ ਕੰਮਕਾਰ ਜਿਹੀਆਂ ਬੁਨਿਆਦੀ ਲੋੜਾਂ ਨੂੰ ਬੇਕਾਬੂ ਲਾਲਚ ਦੇ ਵਾਇਰਸ ਤੋਂ ਵੱਖਰਾ ਕਰਨਾ ਪਏਗਾ- ਉਹ ਲਾਲਚ ਜਿਸ ਨੂੰ ਮੰਡੀ ਆਧਾਰਿਤ ਸਮਾਜ ਨੇ ਆਮ ਵਰਤਾਰਾ ਬਣਾ ਦਿੱਤਾ ਹੈ।
ਹਾਂ, ਅਜਿਹੇ ਸਮਾਜ ਵਿਚ ਖ਼ੁਸ਼ੀ ਲਈ ਕੋਈ ਥਾਂ ਨਹੀਂ ਹੈ ਜਿਹੜਾ ਬੇਲੋੜੀ ਖ਼ਪਤ ਦੇ ਸਿਧਾਂਤਾਂ ਨੂੰ ਤਰਜੀਹ ਦਿੰਦਾ ਹੈ ਜਾਂ ਨਿੱਤ ਨਵੇਂ ਆ ਰਹੇ ਉਤਪਾਦਾਂ ਲਈ ਲਲਚਾਉਂਦਾ ਹੈ ਅਤੇ ਨਵ-ਉਦਾਰਵਾਦੀ ਮੰਡੀ ਦੀਆਂ ਨਵੀਆਂ ਕਾਢਾਂ ਨੂੰ ਲਗਾਤਾਰ ਅਪਨਾਉਂਦਾ ਹੈ। ਇਹ ਤਾਂਘ, ਸਕੂਨ ਤੇ ਚੈਨ ਨੂੰ ਭੰਗ ਕਰਦੀ ਹੈ; ਤੇ ਉਲਟਾ ਈਰਖਾ, ਬੇਚੈਨੀ ਤੇ ਪੱਛੜਨ ਦਾ ਸਦੀਵੀ ਡਰ ਪੈਦਾ ਕਰਦੀ ਹੈ। ਇਸੇ ਤਰ੍ਹਾਂ ਖ਼ੁਦ ’ਚ ਨਾਤੇਦਾਰੀ ਦੀ ਕਲਾ ਵਿਕਸਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ; ਅਜਿਹਾ ਅਪਣਾਪਨ ਜੋ ਬਿਲਕੁਲ ਆਮ ਜਿਹੀਆਂ ਚੀਜ਼ਾਂ ’ਚ ਭਰਪੂਰ ਖ਼ੁਸ਼ੀ ਲੱਭ ਸਕੇ, ਜਿਵੇਂ ਕਿਸੇ ਗੁੱਝੇ ਮਕਸਦ ਬਿਨਾਂ ਕਿਸੇ ਦੋਸਤ ਨੂੰ ਮਿਲਣਾ ਜਾਂ ਕਿਸੇ ਪਹਾੜੀ ਇਲਾਕੇ ਦੀ ਸੈਰ ਕਰਨੀ ਤੇ ਅਨੰਤ ਦੀ ਝਲਕ ਦਾ ਆਨੰਦ ਮਾਨਣਾ। ‘ਸਾਧਾਰਨ’ ਹੋਣ ਦੀ ਇਹ ਕਲਾ ਜੋ ਕਲਾਤਮਕ ਵਾਧੇ ਨਾਲ ਵੀ ਭਰੀ ਹੋਈ ਹੈ, ਮਿਥਿਹਾਸਕ ‘ਸਫਲਤਾ’ ਹਾਸਲ ਕਰਨ ਦੀ ਮਾਨਸਿਕ ਬੇਚੈਨੀ ਜਾਂ ‘ਸੰਪੂਰਨ ਤੇ ਖ਼ੁਸ਼ਹਾਲ ਜਿ਼ੰਦਗੀ’ ਜਿਊਣ ਦੇ ਫਰੇਬ ਤੋਂ ਮੁਕਤੀ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਦੀ ਹੈ; ਇਸੇ ਫਰੇਬ ਰਾਹੀਂ ਭਰਮਾਊ ‘ਕਲਚਰ ਇੰਡਸਟਰੀ’ ਲਗਾਤਾਰ ਸਾਨੂੰ ਧੋਖੇ ਵਿਚ ਰੱਖ ਰਹੀ ਹੈ।
ਜੀਵਨ ਦੀ ਸ਼ੁੱਧਤਾ ਲਈ ਹੋਂਦ ਦੇ ਵਿਰਾਸਤੀ ਅਵਸਾਦ ਨੂੰ ਸਵੀਕਾਰਨ ਦੀ ਲੋੜ ਹੈ। ਇਹ ਇਵੇਂ ਮੰਨਣ ਵਾਂਗ ਹੈ ਕਿ ਸਾਰਾ ਕੁਝ ਸਾਡੇ ਕੰਟਰੋਲ ਵਿਚ ਨਹੀਂ ਹੈ। ਜਿਸ ਚੀਜ਼ ਨੂੰ ਵੀ ਅਸੀਂ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕੱਚੀ ਤੇ ਅਸਥਾਈ ਹੈ। ਗੂੜ੍ਹ ਘਟਨਾਵਾਂ ਅਤੇ ਤ੍ਰਾਸਦੀਆਂ ਅਚਾਨਕ ਸਾਡੀ ਹੋਂਦ ਨੂੰ ਤੋੜ ਸਕਦੀਆਂ ਹਨ; ਤੇ ਕੋਈ ਵੀ ਮੌਤ ਦੇ ਸੱਚ ਤੋਂ ਬਚ ਨਹੀਂ ਸਕਦਾ, ਜੋ ਆਖ਼ਰ ਵਿੱਚ ਸਾਡੀ ਫੁੱਲੀ ਹੋਈ ਹਉਮੈ ਨੂੰ ਮਨਫ਼ੀ ਕਰੇਗੀ। ਸ਼ਾਇਦ ਇਹ ਅਹਿਸਾਸ, ਕੁੜੱਤਣ ਭਰਨ ਦੀ ਬਜਾਇ ਇਸ ਦੁਨਿਆਵੀ ਹੋਂਦ ਤੋਂ ਪਾਕ ਹੰਝੂਆਂ ਨਾਲ ਸਾਨੂੰ ਪਾਰ ਲੰਘਾਏਗਾ।
BY : ਅਵਿਜੀਤ ਪਾਠਕ