ਪਿਛਲੇ ਸਾਲ ਨਵੰਬਰ ’ਚ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਭਾਸ਼ਣ ਦਿੰਦਿਆਂ ਵਿਦਵਾਨਾਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ‘ਵਰਤਮਾਨ ਇਤਿਹਾਸ ਨੂੰ ਢੁਕਵੇਂ ਅਤੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਵੇ।’ ਉਨ੍ਹਾਂ ਨੇ ਦੇਸ਼ ਅੰਦਰ 150 ਸਾਲਾਂ ਤੋਂ ਜ਼ਿਆਦਾ ਲੰਮਾ ਅਰਸਾ ਰਾਜ ਕਰਨ ਵਾਲੇ ਤੀਹ ਸ਼ਾਹੀ ਘਰਾਣਿਆਂ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ 300 ਸ਼ਖ਼ਸੀਅਤਾਂ ਬਾਰੇ ਖੋਜ ਕਰਨ ਦਾ ਸੱਦਾ ਦਿੱਤਾ।

ਗ੍ਰਹਿ ਮੰਤਰੀ ਦੇ ਇਸ ਸੱਦੇ ’ਤੇ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈਸੀਐਚਆਰ) ਜੋ ਕਿ ਕੇਂਦਰ ਸਰਕਾਰ ਦੇ ਫੰਡਾਂ ਅਤੇ ਨਿਰਦੇਸ਼ਾਂ ’ਤੇ ਚੱਲਣ ਵਾਲੀ ਸੰਸਥਾ ਹੈ, ਨੇ ਝਟਪਟ ਕਾਰਵਾਈ ਵਿੱਢ ਦਿੱਤੀ। ਇਸ ਸਾਲ ਫਰਵਰੀ ਦੇ ਅਖੀਰ ਵਿਚ ‘ਦਿ ਪ੍ਰਿੰਟ’ ਨੇ ਇਕ ਰਿਪੋਰਟ ਛਾਪੀ ਸੀ ਜਿਸ ਤੋਂ ਪਤਾ ਚੱਲਿਆ ਕਿ ‘ਰਿਕਾਰਡ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ’ ਆਈਸੀਐਚਆਰ ਨੇ ਨਵੀਂ ਦਿੱਲੀ ਵਿਚ ਇਕ ਨੁਮਾਇਸ਼ ਲਗਾਈ ਜਿਸ ਦਾ ਥੀਮ ਸੀ ‘Glory of Medieval India: Manifestation of The Unexplored Indian Dynasties 8th-18th centuries’ (ਮੱਧਕਾਲੀ ਭਾਰਤ ਦਾ ਜਾਹੋ-ਜਲਾਲ: ਅੱਠਵੀਂ ਤੋਂ ਅਠਾਰਵੀਂ ਸਦੀ ਤੱਕ ਅਣਖੋਜੇ ਭਾਰਤੀ ਘਰਾਣੇ)। ਨੁਮਾਇਸ਼ ਵਿਚ ਦਰਸਾਏ ਗਏ ਇਨ੍ਹਾਂ ਘਰਾਣਿਆਂ ਵਿਚ ਚੋਲ, ਕਾਕਤੀਆ, ਮਰਾਠਾ ਅਤੇ ਵਿਜੈਨਗਰ ਸਾਮਰਾਜ ਦੇ ਸ਼ਾਸਕ ਸ਼ਾਮਲ ਸਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੁਸਲਿਮ ਨਾਮ ਵਾਲੇ ਕਿਸੇ ਘਰਾਣੇ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।

ਇਕ ਸਰਕਾਰੀ ਸੰਸਥਾ ਹੋਣ ਨਾਤੇ ਆਈਸੀਐਚਆਰ ਹਮੇਸ਼ਾ ਹੀ ਸਟੇਟ/ਰਿਆਸਤ ਅਤੇ ਸੱਤਾਧਾਰੀ ਪਾਰਟੀ ਦੀਆਂ ਤਰਜੀਹਾਂ ਨੂੰ ਉਭਾਰਦੀ ਰਹੀ ਹੈ। ਜਦੋਂ ਕਾਂਗਰਸ ਸੱਤਾ ਵਿਚ ਸੀ ਤਾਂ ਇਸ ਸੰਸਥਾ ’ਤੇ ਕੁਝ ਗਿਣੇ ਚੁਣੇ ਖੱਬੇਪੱਖੀ ਰਾਸ਼ਟਰਵਾਦੀ ਕਾਬਜ਼ ਸਨ ਜੋ ਇਤਿਹਾਸ ਬਾਰੇ ਮਾਰਕਸਵਾਦੀ ਨਜ਼ਰੀਏ ਨੂੰ ਬੁਲੰਦ ਕਰਦੇ ਸਨ। ਸੱਤਾ ਦੇ ਹਮਾਇਤੀਆਂ ਵੱਲੋਂ ਸੰਸਥਾ ਦੇ ਵਰਤਮਾਨ ਮੁਤੱਸਬਾਂ ਨੂੰ ਸਹੀ ਠਹਿਰਾਉਣ ਲਈ ਪੁਰਾਣੇ ਰੁਝਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹਾਲਾਂਕਿ ਬਿਹਤਰੀਨ ਮਾਰਕਸਵਾਦੀ ਇਤਿਹਾਸਕਾਰਾਂ ਨੇ ਆਪਣੇ ਕਾਰਜ ਦੌਰਾਨ ਕਾਫ਼ੀ ਹੱਦ ਤੱਕ ਵਿਸ਼ਲੇਸ਼ਣਕਾਰੀ ਮੁਸ਼ੱਕਤ ਤੋਂ ਕੰਮ ਲਿਆ ਸੀ ਅਤੇ ਮੂਲ ਸਰੋਤਾਂ ਦੀ ਗਹਿਰਾਈ ਤੱਕ ਪੜਚੋਲ ਕੀਤੀ ਹੈ ਪਰ ਤਾਂ ਵੀ ਉਨ੍ਹਾਂ ਦੀ ਆਲੋਚਨਾ ਪੂਰੀ ਤਰ੍ਹਾਂ ਨਿਰਾਧਾਰ ਨਹੀਂ ਹੈ। ਪਰ ਹੁਣ ਬਹੁਗਿਣਤੀ ਕੱਟੜਪੰਥੀਆਂ ਵੱਲੋਂ ਨਵੇਂ ਸਿਰਿਓਂ ਇਤਿਹਾਸ ਲਿਖਣ ਦੀ ਜੋ ਮੁਹਿੰਮ ਵਿੱਢੀ ਗਈ ਹੈ, ਉਸ ਵਿੱਚੋਂ ਤਾਂ ਇਹ ਦੋਵੇਂ ਪਹਿਲੂ ਗ਼ੈਰਹਾਜ਼ਰ ਹਨ। ਉਂਝ, ਯਾਦ ਰੱਖਣਯੋਗ ਅਹਿਮ ਗੱਲ ਇਹ ਹੈ ਕਿ ਸਾਡੇ ਬਿਹਤਰੀਨ ਇਤਿਹਾਸਕਾਰਾਂ ਨੇ ਸ਼ਾਇਦ ਹੀ ਕਦੇ ਆਈਸੀਐਚਆਰ ਦੀ ਛੱਤਰੀ ਦੀ ਆੜ ਲੈਣੀ ਚਾਹੀ ਹੋਵੇ। ਉਹ ਯੂਨੀਵਰਸਿਟੀ ਸਿਸਟਮ ਵਿਚ ਕੰਮ ਕਰਦੇ ਸਨ ਜਿੱਥੇ ਉਹ ਪੀਐਚ.ਡੀ. ਕਰ ਰਹੇ ਵਿਦਿਆਰਥੀਆਂ ਦੀ ਰਹਿਨੁਮਾਈ ਕਰਦੇ ਹਨ ਅਤੇ ਆਪਣੀਆਂ ਕਿਤਾਬਾਂ ਤੇ ਲੇਖਾਂ ਦੀ ਰਚਨਾ ਕਰਦੇ ਹਨ। ਉਨ੍ਹਾਂ ਦੇ ਵਿਸ਼ਿਆਂ ਦਾ ਦਾਇਰਾ ਬਹੁਤ ਵਸੀਹ ਸੀ ਅਤੇ ਅਕਸਰ ਉਹ ਪਾਰਟੀਆਂ ਦੇ ਸਿਆਸੀ ਏਜੰਡਿਆਂ ਤੋਂ ਦੂਰ ਰਹਿੰਦੇ ਸਨ। ਇਨ੍ਹਾਂ ’ਚੋਂ ਕੁਝ ਕੁ ਮਾਰਕਸਵਾਦੀ ਸਨ ਪਰ ਬਹੁਤੇ ਨਹੀਂ ਸਨ।

ਭਾਰਤ ਦੀ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਵਧਦੀ ਫੁੱਲਦੀ ਰਹੀ ਇਤਿਹਾਸਕ ਖੋਜ ਦੀ ਧਾਰਾ ਬਾਰੇ ਫਿਰ ਕਿਸੇ ਦਿਨ ਗੱਲ ਕੀਤੀ ਜਾ ਸਕਦੀ ਹੈ। ਫਿਲਹਾਲ ਮੈਂ ਇਤਿਹਾਸ ਨੂੰ ਮੁੜ ਲਿਖੇ ਜਾਣ ਬਾਬਤ ਚਰਚਾ ਕਰਾਂਗਾ ਜਿਸ ਨੂੰ ਮੌਜੂਦਾ ਹਾਕਮਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਸੱਤਾਧਾਰੀ ਧਿਰ ਦੀਆਂ ਵਿਚਾਰਧਾਰਾਵਾਂ ਅਤੇ ਇਨ੍ਹਾਂ ਦੇ ਹਮਾਇਤੀ ਬੀਤੇ ਸਮਿਆਂ ਬਾਰੇ ਅਧਿਐਨ ਅਤੇ ਲਿਖਣ ਵਾਲੇ ਲੋਕਾਂ ਤੋਂ ਕੀ ਉਮੀਦ ਰੱਖਦੇ ਹਨ? ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਜਨਤਕ ਤੌਰ ’ਤੇ ਜੋ ਕੁਝ ਕਿਹਾ ਜਾ ਰਿਹਾ ਹੈ, ਉਸ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ‘ਹਿੰਦੂਤਵੀ ਇਤਿਹਾਸ’ ਦੇ ਤਿੰਨ ਮੂਲ ਲੱਛਣ ਇਹ ਹਨ:

ਜਦੋਂ ਪ੍ਰਾਚੀਨ ਕਾਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਇਤਿਹਾਸਕਾਰ ਫਿਲਾਸਫ਼ੀ, ਭਾਸ਼ਾ, ਸਾਹਿਤ, ਰਾਜ ਪ੍ਰਬੰਧ, ਦਵਾ, ਖਗੋਲ ਆਦਿ ਖੇਤਰਾਂ ਵਿਚ ਭਾਰਤ ਨੂੰ ਬਾਕੀ ਦੁਨੀਆ (ਖ਼ਾਸਕਰ ਯੂਰਪ ਅਤੇ ਅਮਰੀਕਾ) ਨਾਲੋਂ ਵਿਕਸਤ ਦੇਸ਼ ਵਜੋਂ ਪੇਸ਼ ਕਰਨ। ਪ੍ਰਾਚੀਨ ਯੁੱਗ ਵਿਚ ਆਪਣੇ ਵਿਕਸਤ ਹੋਣ ਦੀ ਕਲਪਨਾ ਆਪਣੇ ਸਭਿਆਚਾਰਕ ਜਲਾਲ ਨੂੰ ਹੁਲਾਰਾ ਦੇਣ ਦੀ ਕੜੀ ਵਜੋਂ ਦੇਖੀ ਜਾਂਦੀ ਹੈ; ਇਸ ਦੇ ਨਾਲ ਹੀ ਕੁਝ ਹੱਦ ਤੱਕ ਇਸ ਦਾਅਵੇ ਦੀ ਦਲੀਲ ਵੀ ਘੜੀ ਜਾਂਦੀ ਹੈ ਕਿ ਨੇੜ ਭਵਿੱਖ ਵਿਚ ਭਾਰਤ ਦੁਨੀਆ ਦੀ ਮੁੜ ਅਗਵਾਈ ਕਰਨ ਜਾ ਰਿਹਾ ਹੈ।

ਮੱਧ ਕਾਲ ਦੇ ਸੰਦਰਭ ਵਿਚ ਇਤਿਹਾਸਕਾਰਾਂ ਨੂੰ ਕਿਹਾ ਜਾਂਦਾ ਹੈ ਕਿ ਮੁਸਲਿਮ ਨਾਵਾਂ ਵਾਲੇ ਜੰਗਜੂਆਂ ਅਤੇ ਹਾਕਮਾਂ ਨੂੰ ਬੁਰੇ ਅਤੇ ਸ਼ੈਤਾਨ ਵਜੋਂ ਦਰਸਾਇਆ ਜਾਵੇ ਪਰ ਹਿੰਦੂ ਨਾਵਾਂ ਵਾਲੇ ਜੰਗਜੂਆਂ ਤੇ ਹਾਕਮਾਂ ਨੂੰ ਨੇਕ ਅਤੇ ਮਹਾਨ ਦਰਸਾਇਆ ਜਾਵੇ। ਜਿੱਥੋਂ ਤੱਕ ਆਧੁਨਿਕ ਕਾਲ ਦਾ ਸਬੰਧ ਹੈ ਤਾਂ ਹਿੰਦੂਤਵੀ ਇਤਿਹਾਸਕਾਰਾਂ ਨੂੰ ਆਜ਼ਾਦੀ ਦੇ ਸੰਘਰਸ਼ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੋਗਦਾਨ ਨੂੰ ਪੇਤਲਾ ਪਾਉਣ ਅਤੇ ਕਾਂਗਰਸ ਦੇ ਦਾਇਰੇ ਤੋਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਬਾਹਰੀ ਰੁਝਾਨਾਂ ਨੂੰ ਵਡਿਆਉਣ ਲਈ ਆਖਿਆ ਜਾਂਦਾ ਹੈ। ਵਿਅਕਤੀਗਤ ਤੌਰ ’ਤੇ ਇਹ ਮੰਗ ਕਰਦਾ ਹੈ ਕਿ ਗਾਂਧੀ ਅਤੇ ਨਹਿਰੂ ਨੂੰ ਕਮਜ਼ੋਰ ਅਤੇ ਡਾਵਾਂਡੋਲ ਕਿਰਦਾਰ ਵਜੋਂ ਪੇਸ਼ ਕੀਤਾ ਜਾਵੇ ਜਦੋਂਕਿ ਸਾਵਰਕਰ ਅਤੇ ਬੋਸ ਨੂੰ ਨਾਇਕ ਵਜੋਂ ਉਭਾਰਿਆ ਜਾਵੇ।

ਹਿੰਦੂਤਵੀ ਇਤਿਹਾਸ ਅਸਾਵੇਂਪਣ ਅਤੇ ਤੱਥਾਂ ਦੀਆਂ ਗ਼ਲਤੀਆਂ ਨਾਲ ਭਰਿਆ ਪਿਆ ਹੈ। ਕੋਈ ਵਿਅਕਤੀ ਇਕ ਪਾਸੇ ਮੱਧਕਾਲ ਜਾਂ ਪ੍ਰਾਚੀਨ ਕਾਲ ਦੇ ਸ਼ਾਸਕਾਂ ਦੀ ਦੈਵੀ ਰਾਜਿਆਂ ਵਜੋਂ ਮਹਿਮਾ ਕਰਦਿਆਂ ਭਾਰਤ ਨੂੰ ‘ਲੋਕਤੰਤਰ ਦੀ ਜਨਮਦਾਤੀ’ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਕੋਈ ਵਿਅਕਤੀ ਦੇਸ਼ ਦੇ ਕਿਸੇ ਵੀ ਖੇਤਰ ਵਿਚ 150 ਸਾਲ ਤੱਕ ਰਾਜ ਕਰਨ ਦਾ ਜਸ਼ਨ ਮਨਾ ਕੇ ਮੌਜੂਦਾ ਸਮਿਆਂ ਵਿਚ ਕਾਂਗਰਸ ’ਤੇ ਖ਼ਾਨਦਾਨੀ ਸਿਆਸਤ ਕਰਨ ਦੀ ਆਲੋਚਨਾ ਕਿਵੇਂ ਕਰ ਸਕਦਾ ਹੈ।

ਇਸੇ ਤਰ੍ਹਾਂ, ਜਦੋਂ ਤੁਸੀਂ ਗਾਂਧੀ ਅਤੇ ਬੋਸ ਨੂੰ ਇਕ ਦੂਜੇ ਦੇ ਕੱਟੜ ਦੁਸ਼ਮਣ ਵਜੋਂ ਪੇਸ਼ ਕਰਦੇ ਹੋ ਤਾਂ ਇਸ ਗੱਲ ਨੂੰ ਕਿਵੇਂ ਝੁਠਲਾਓਗੇ ਕਿ ਉਹ ਲੰਮੇ ਸਮੇਂ ਤੱਕ ਇਕੱਠੇ ਕੰਮ ਕਰਦੇ ਰਹੇ ਸਨ ਅਤੇ ਸਿਆਸੀ ਤੌਰ ’ਤੇ ਵੱਖਰਾ ਰਾਹ ਅਖ਼ਤਿਆਰ ਕਰਨ ਦੇ ਬਾਵਜੂਦ ਬੋਸ ਗਾਂਧੀ ਦੀ ਭਰਵੀਂ ਪ੍ਰਸ਼ੰਸਾ ਕਰਦੇ ਸਨ ਅਤੇ ਇਕ ਅਜਿਹੀ ਫ਼ੌਜ ਦੀ ਅਗਵਾਈ ਕਰਦੇ ਰਹੇ ਜਿਸ ਵਿਚ ਗਾਂਧੀ, ਨਹਿਰੂ ਅਤੇ ਮੌਲਾਨਾ ਆਜ਼ਾਦ ਦੇ ਨਾਂ ’ਤੇ ਬ੍ਰਿਗੇਡਾਂ ਬਣੀਆਂ ਹੋਈਆਂ ਸਨ। ਅੰਤ ਵਿਚ ਹਿੰਦੂਆਂ ਨੂੰ ਮੁੱਢੋਂ ਸੁੱਢੋਂ ਨੇਕਬਖ਼ਤ ਮਿੱਥ ਕੇ ਉਨ੍ਹਾਂ ਨੂੰ ਵਿਦੇਸ਼ੀਆਂ ਜਾਂ ਹਮਲਾਵਰਾਂ ਦੇ ਵਿਤਕਰਿਆਂ ਦਾ ਸ਼ਿਕਾਰ ਹੋਣ ਦੀ ਤਸਵੀਰ ਪੇਸ਼ ਕਰਦਿਆਂ ਇਸ ਤੱਥ ਨੂੰ ਲੁਕੋ ਲਿਆ ਜਾਵੇ ਕਿ ਪਿੱਤਰਸੱਤਾ ਅਤੇ ਜਾਤੀਵਾਦੀ ਵਿਵਸਥਾ ਤਹਿਤ ਹਿੰਦੂਆਂ ’ਤੇ ਜਿੰਨਾ ਜਬਰ ਜ਼ੁਲਮ ਹਿੰਦੂਆਂ ਨੇ ਢਾਹਿਆ ਹੈ, ਓਨਾ ਮੁਸਲਮਾਨਾਂ ਜਾਂ ਇਸਾਈਆਂ ਨੇ ਨਹੀਂ ਢਾਹਿਆ।

ਹਿੰਦੂਤਵੀ ਇਤਿਹਾਸ ਦੀ ਵਧੇਰੇ ਬੱਝਵੀਂ ਆਲੋਚਨਾ ਇਹ ਹੈ ਕਿ ਇਸ ਦੀ ਇਤਿਹਾਸਕਾਰੀ ਦੀ ਕਲਾ ਪ੍ਰਤੀ ਸਮਝ ਬਹੁਤ ਹੀ ਪੇਤਲੀ ਹੈ। ਹਿੰਦੂਤਵੀ ਇਤਿਹਾਸਕਾਰ ਬਹੁਤਾ ਕਰਕੇ ਮਸ਼ਹੂਰ, ਤਾਕਤਵਰ ਅਤੇ ਪ੍ਰਭਾਵਸ਼ਾਲੀ ਬੰਦਿਆਂ ਨੂੰ ਲੱਭ ਲੱਭ ਕੇ, ਬਿਨਾਂ ਕਿਸੇ ਸੰਦਰਭ ਤੋਂ ਉਨ੍ਹਾਂ ਨੂੰ ਚੰਗੇ ਤੇ ਬੁਰੇ ਵਜੋਂ ਚਿਤਵਦੇ ਰਹਿੰਦੇ ਹਨ। ਅਸੀਂ ਇਨ੍ਹਾਂ ਬੰਦਿਆਂ ਦੇ ਮਨੁੱਖੀ ਰਿਸ਼ਤਿਆਂ ਅਤੇ ਉਨ੍ਹਾਂ ਉਪਰ ਪਏ ਸਮਾਜਿਕ ਤੇ ਸਭਿਆਚਾਰਕ ਪ੍ਰਭਾਵਾਂ, ਉਨ੍ਹਾਂ ਦੇ ਚੰਗੇ ਮਾੜੇ ਕੰਮਾਂ ਪਿਛਲੀਆਂ ਮਨੋਵਿਗਿਆਨਕ ਬਿਰਤੀਆਂ, ਉਨ੍ਹਾਂ ਵੱਲੋਂ ਕੀਤੇ ਗਏ ਸਮਝੌਤਿਆਂ ਅਤੇ ਉਨ੍ਹਾਂ ਦੀਆਂ ਜਟਿਲ ਵਿਰਾਸਤਾਂ ਬਾਰੇ ਨਾਂਮਾਤਰ ਹੀ ਜਾਣ ਪਾਉਂਦੇ ਹਾਂ। ਉਹ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਇਤਿਹਾਸ ਮਹਿਜ਼ ਪ੍ਰਸਿੱਧ ਅਤੇ ਤਾਕਤਵਰ ਬੰਦਿਆਂ ਦਾ ਜੀਵਨ ਤੇ ਕਾਰਜ ਨਹੀਂ ਹੁੰਦਾ। ਹਾਲੀਆ ਦਹਾਕਿਆਂ ਵਿਚ ਭਾਰਤ ਅਤੇ ਹੋਰਨੀਂ ਥਾਈਂ ਵੀ ਇਤਿਹਾਸਕਾਰਾਂ ਨੇ ਕੁਲੀਨਾਂ ਤੋਂ ਇਲਾਵਾ ਹੋਰਨਾਂ ਲੋਕਾਂ ਅਤੇ ਜੰਗਾਂ ਵਿਚ ਜਿੱਤ ਹਾਰ ਤੋਂ ਇਲਾਵਾ ਹੋਰਨਾਂ ਘਟਨਾਵਾਂ ਨਾਲ ਸਿੱਝ ਕੇ ਵੱਖ ਵੱਖ ਪਹਿਲੂਆਂ ਦੇ ਅਤੀਤ ਦੀ ਖੁਦਾਈ ਕੀਤੀ ਹੈ। ਇਸ ਕਰਕੇ ਇਕ ਨਵੀਂ ਕਿਸਮ ਦਾ ਇਤਿਹਾਸ ਉਭਰ ਕੇ ਸਾਹਮਣੇ ਆ ਰਿਹਾ ਹੈ ਜਿਸ ਨੂੰ ‘ਧਰਾਤਲ ਦਾ ਇਤਿਹਾਸ’ ਆਖਿਆ ਜਾਂਦਾ ਹੈ ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਕਾਰੀਗਰਾਂ, ਕਬਾਇਲੀਆਂ ਅਤੇ ਦੱਬੇ ਕੁਚਲੇ ਸਮੂਹਾਂ ਦੇ ਜੀਵਨ ਅਤੇ ਜੱਦੋਜਹਿਦ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਕਰਕੇ ਔਰਤਾਂ ਦਾ ਇਤਿਹਾਸ ਦੇ ਵਿਕਾਸ ਜੋ ਮਾਨਵਤਾ ਦਾ ਅੱਧੇ ਹਿੱਸੇ (ਜਿਸ ਨਾਲ ਅਕਸਰ ਵਿਤਕਰਾ ਕੀਤਾ ਜਾਂਦਾ ਹੈ) ਦੀ ਕਹਾਣੀ ਮੰਜ਼ਰ ’ਤੇ ਲਿਆਉਂਦਾ ਹੈ ਜਿਹੜਾ ਰਵਾਇਤੀ ਮਰਦ ਪ੍ਰਧਾਨ ਸੋਚ ਨੇ ਅੱਖੋਂ ਓਹਲੇ ਕਰ ਕੇ ਰੱਖ ਦਿੱਤਾ ਹੈ। ਜਾਂ ਵਾਤਾਵਰਨਕ ਇਤਿਹਾਸ ਦੇ ਗਤੀਸ਼ੀਲ ਖੇਤਰ ਨੂੰ ਲੈ ਲਓ ਜਿਸ ਵਿਚ ਕੁਦਰਤ ਅਤੇ ਕੁਦਰਤੀ ਬੰਦਸ਼ਾਂ ਵਿਚ ਮਨੁੱਖ ਦੀ ਘਾੜਤ-ਬੁਣਤ ਦਾ ਅਧਿਐਨ ਕੀਤਾ ਜਾਂਦਾ ਹੈ। ਜਾਂ ਸਭਿਆਚਾਰਕ ਇਤਿਹਾਸ ’ਤੇ ਗ਼ੌਰ ਕਰੋ ਜਿਸ ਵਿਚ ਸਦੀਆਂ ਤੋਂ ਸਾਹਿਤ, ਸੰਗੀਤ, ਕਲਾ, ਵਿਗਿਆਨ ਅਤੇ ਇਮਾਰਤਸਾਜ਼ੀ ਵਿਚ ਮਨੁੱਖੀ ਫ਼ਨ ਦੇ ਪਹਿਲੂਆਂ ਨੂੰ ਪੜਤਾਲਿਆ ਜਾਂਦਾ ਹੈ। ਜਾਂ ਮੌਜ ਮੇਲੇ ਤੇ ਮਨੋਰੰਜਨ ਦੇ ਇਤਿਹਾਸ ਜਿਸ ਵਿਚ ਮਸਲਨ ਆਧੁਨਿਕ ਭਾਰਤੀ ਲੋਕਾਂ ਅੰਦਰ ਫਿਲਮਾਂ ਅਤੇ ਕ੍ਰਿਕਟ ਦੀ ਚੇਟਕ ਦੀਆਂ ਜੜ੍ਹਾਂ ਅਤੇ ਇਸ ਦੇ ਸਮਾਜਿਕ ਸਿੱਟਿਆਂ ਦਾ ਸਾਰ ਕੱਢਿਆ ਜਾਂਦਾ ਹੈ।

ਇਤਿਹਾਸਕ ਅਧਿਐਨ ਦੇ ਇਨ੍ਹਾਂ ਦਿਲਚਸਪ ਖੇਤਰਾਂ ਦੀ ਇਹ ਸੂਚੀ ਮਿਸਾਲ ਵਜੋਂ ਦਿੱਤੀ ਗਈ ਹੈ, ਨਹੀਂ ਤਾਂ ਇਹ ਹੋਰ ਵੀ ਲੰਬੀ ਹੋ ਸਕਦੀ ਹੈ। ਫਿਰ ਵੀ ਪਾਠਕ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਕਿ ਮਨੁੱਖੀ ਜੀਵਨ ਅਤੇ ਤਜ਼ਰਬੇ ਦੇ ਹੋਰ ਕਿੰਨੇ ਅਜਿਹੇ ਖੇਤਰ ਹਨ ਜਿਨ੍ਹਾਂ ਨੂੰ ਹਿੰਦੂਤਵੀ ਇਤਿਹਾਸਕਾਰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਅਤੀਤ ਦੀ ਸੱਚ-ਮੁੱਚ ਜਗਿਆਸਾ ਰੱਖਣ ਵਾਲੇ ਪੜ੍ਹੇ ਲਿਖੇ ਭਾਰਤੀ ਇਨ੍ਹਾਂ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਨ। ਚੰਗੇ ਭਾਗੀਂ ਕਿਸੇ ਵਿਚਾਰਧਾਰਕ ਕੁਹਾੜਾ ਚਲਾਉਣ ਦੇ ਸ਼ੌਕ ਤੋਂ ਪਰ੍ਹੇ ਪੇਸ਼ੇਵਰ ਇਤਿਹਾਸਕਾਰਾਂ ਨੇ ਕਾਫ਼ੀ ਸੂਝ-ਬੂਝ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਲਿਖਿਆ ਹੈ। ਇਨ੍ਹਾਂ ਦਾ ਜ਼ਿਆਦਾਤਰ ਕਾਰਜ ਇੰਡੀਅਨ ਇਕੌਨੋਮਿਕ ਐਂਡ ਸੋਸ਼ਲ ਹਿਸਟਰੀ ਰੀਵਿਊ (ਆਈਈਐੱਸਐਚਆਰ) ਵਿਚ ਪ੍ਰਕਾਸ਼ਿਤ ਹੋਇਆ ਹੈ ਜਿਸ ਦਾ ਵੱਕਾਰ ਤੇ ਹੈਸੀਅਤ ਸਥਾਪਤ ਕਰਨ ਵਿਚ ਮਰਹੂਮ ਪ੍ਰੋਫੈਸਰ ਸ਼੍ਰੀਮਤੀ ਧਰਮ ਕੁਮਾਰ ਦਾ ਬਹੁਤ ਵੱਡਾ ਹੱਥ ਸੀ ਜੋ ਲਗਭਗ ਤਿੰਨ ਦਹਾਕਿਆਂ ਤੱਕ ਇਸ ਪੱਤ੍ਰਿਕਾ ਦਾ ਸੰਪਾਦਨ ਕਰਦੇ ਰਹੇ ਸਨ। ਪ੍ਰੋਫੈਸਰ ਧਰਮ ਕੁਮਾਰ ਅਸੂਲੀ ਉਦਾਰਵਾਦੀ ਸਨ ਅਤੇ ਖੱਬੇਪੱਖੀ ਤੇ ਸੱਜੇਪੱਖੀ ਚਿੰਤਕਾਂ ਨੂੰ ਦੁਰਕਾਰਦੇ ਸਨ (ਮਾਰਕਸਵਾਦੀ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ) ਜੋ ਇਤਿਹਾਸਕ ਖੋਜ ਦਾ ਦਾਇਰਾ ਵਸੀਹ ਕਰਨ ਵਿਚ ਬਹੁਤ ਰੁਚੀ ਲੈਂਦੇ ਸਨ ਅਤੇ ਨੌਜਵਾਨ ਵਿਦਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਸਨ। ਆਈਈਐੱਸਐਚਆਰ ਜਿਹੇ ਰਸਾਲਿਆਂ ਦੇੇ ਖੋਜ ਪੱਤਰਾਂ ਤੋਂ ਇਲਾਵਾ, ਬਿਹਤਰੀਨ ਭਾਰਤੀ ਇਤਿਹਾਸਕਾਰਾਂ ਨੇ ਆਪਣੇ ਵਿਸ਼ੇਸ਼ ਅਤੇ ਆਮ ਪਾਠਕਾਂ ਲਈ ਕਿਤਾਬਾਂ ਵੀ ਪ੍ਰਕਾਸ਼ਿਤ ਕਰਵਾਈਆਂ ਹਨ ਅਤੇ ਕਈ ਹੋਰ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ।

ਇਤਿਹਾਸਕਾਰ ਮਨੁੱਖੀ ਤਜਰਬੇ ਦੇ ਹਰੇਕ ਪੱਖ ਦਾ ਅਧਿਐਨ ਕਰਦੇ ਹਨ: ਪੁਰਾਣੀਆਂ ਪੀੜ੍ਹੀਆਂ ਦੇ ਘਰ ਕਿਸ ਸਮੱਗਰੀ ਦੇ ਬਣੇ ਹੋਏ ਸਨ, ਉਹ ਕਿਹੜੀਆਂ ਫ਼ਸਲਾਂ ਉਗਾਉਂਦੇ ਸਨ ਅਤੇ ਕਿੱਦਾਂ ਦਾ ਖਾਣਾ ਖਾਂਦੇ ਸਨ, ਕਿਹੋ ਜਿਹਾ ਕੱਪੜਾ ਪਹਿਨਦੇ ਸਨ ਅਤੇ ਕਿਸ ਕਿਸਮ ਦੇ ਗੀਤ ਗਾਉਂਦੇ ਸਨ, ਸਮਾਜਿਕ ਦਰਜਾਬੰਦੀ ਤੇ ਸਮਾਜਿਕ ਟਕਰਾਅ ਦੇ ਪ੍ਰਮੁੱਖ ਔਜ਼ਾਰ ਕੀ ਸਨ, ਕਿਹੜੀਆਂ ਨਵੀਆਂ ਤਕਨੀਕਾਂ ਅਪਣਾਈਆਂ ਗਈਆਂ ਤੇ ਕਿਹੜੀਆਂ ਪੁਰਾਣੀਆਂ ਤਕਨੀਕਾਂ ਤਿਆਗ ਦਿੱਤੀਆਂ ਗਈਆਂ, ਕਿਹੜੀ ਸਿਆਸੀ ਪ੍ਰਣਾਲੀ ਹੋਂਦ ਵਿਚ ਆਈ ਤੇ ਉਸ ਦੀ ਮਦਦ ਲਈ ਕਿਹੜੇ ਕਾਨੂੰਨੀ ਤੇ ਪ੍ਰਸ਼ਾਸਕੀ ਚੌਖਟੇ ਘੜੇ ਗਏ, ਜੰਗਲਾਤ, ਪਾਣੀ, ਜਲਵਾਯੂ ਅਤੇ ਧਰਾਤਲ ਨੇ ਆਰਥਿਕ ਤੇ ਸਭਿਆਚਾਰਕ ਜੀਵਨ ਵਿਚ ਕਿਹੋ ਜਿਹੀ ਭੂਮਿਕਾ ਨਿਭਾਈ। ਪੂਰਵ ਇਤਿਹਾਸ ਤੋਂ ਲੈ ਕੇ ਵਰਤਮਾਨ ਤੱਕ ਇਨ੍ਹਾਂ ਵਿਸ਼ਿਆਂ ’ਤੇ ਭਾਰਤੀ ਅਤੇ ਵਿਦੇਸ਼ੀ ਵਿਦਵਾਨਾਂ ਦੇ ਕੀਤੇ ਗਏ ਕਾਰਜਾਂ ਦੇ ਸੰਗ੍ਰਹਿ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਇਤਿਹਾਸਕ ਵਿਸ਼ਿਆਂ ਵਿਚ ਹੋਰਨਾਂ ਵਿਦਵਾਨਾਂ ਦੀ ਰੁਚੀ ਕਾਫ਼ੀ ਰਹੀ ਹੈ, ਪਰ ਹਿੰਦੂਤਵੀ ਇਤਿਹਾਸ ਦੇ ਪੈਰੋਕਾਰਾਂ ਤੇ ਖਪਤਕਾਰਾਂ ਦੀ ਇਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ ਹੈ ਜੋ ਸਿਰਫ਼ ਹਿੰਦੂ ਨਾਇਕਾਂ ਅਤੇ ਹਿੰਦੂ ਸਭਿਅਤਾ ਦੇ ਮਹਿਮਾ ਗਾਨ ਅਤੇ ਇਸ ਦੇ ਨਾਲ ਹੀ ਮੁਸਲਮਾਨਾਂ (ਕਦੇ ਕਦਾਈਂ ਇਸਾਈਆਂ ਨੂੰ ਵੀ) ਨੂੰ ਖ਼ਲਨਾਇਕ ਵਜੋਂ ਪੇਸ਼ ਕਰ ਕੇ ਆਪਣੀ ਵਿਚਾਰਧਾਰਕ ਕੁੰਠਾ ਦੀ ਪੁਸ਼ਟੀ ਕਰਾਉਣ ਤੱਕ ਸੀਮਤ ਰਹਿੰਦੇ ਹਨ।

ਮਹਾਨ ਡੱਚ ਵਿਦਵਾਨ ਪੀਟਰ ਗੇਅਲ ਨੇ ਇਕੇਰਾਂ ਆਖਿਆ ਸੀ ਕਿ ਇਤਿਹਾਸ ਇਕ ਅਜਿਹਾ ਤਰਕ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ। ਭਾਰਤ ਦੇ ਅਤੀਤ ਦੇ ਅਧਿਐਨ ਨੂੰ ਤਾਂ ਹੀ ਅਮੀਰ ਬਣਾਇਆ ਜਾ ਸਕਦਾ ਹੈ ਜੇ ਵੱਖੋ ਵੱਖਰੇ ਚੌਖਟਿਆਂ, ਵੱਖੋ ਵੱਖਰੀਆਂ ਬਿਰਤਾਂਤਕ ਰਣਨੀਤੀਆਂ ਦੇ ਵਿਦਵਾਨਾਂ ਨੂੰ ਖੁੱਲ੍ਹ ਦਿੱਤੀ ਜਾਵੇ। ਜੇ ਕਿਸੇ ਸੰਭਾਵੀ ਇਤਿਹਾਸਕਾਰ ਦੁਆਲੇ ਇਕ ਵਿਚਾਰਧਾਰਕ ਕੰਧ ਉਸਾਰ ਦਿੱਤੀ ਜਾਵੇ ਅਤੇ ਕੋਈ ਸੱਤਾਧਾਰੀ ਸਿਆਸਤਦਾਨ ਵਿਦਵਾਨਾਂ ਨੂੰ ਇਹ ਨਿਰਦੇਸ਼ ਦੇਣ ਲੱਗ ਪਵੇ ਕਿ ਕਿਸ ਚੀਜ਼ ਨੂੰ ਉਭਾਰਨਾ ਹੈ ਤੇ ਕਿਸ ਨੂੰ ਦਬਾਉਣਾ ਹੈ ਤਾਂ ਇਹ ਕੰਮ ਸੰਭਵ ਨਹੀਂ ਹੋ ਸਕੇਗਾ। ਕਿਸੇ ਸਮੇਂ ਵਿਦਵਾਨ ਦੱਸਦੇ ਸਨ ਕਿ ‘ਇਤਿਹਾਸ ਨੂੰ ਝੂਠ ਦੀ ਸਟਾਨਵਾਦੀ ਪੁੱਠ’ ਦਿੱਤੀ ਗਈ ਸੀ; ਚੰਗੇ ਭਾਗੀਂ ਉਹੋ ਜਿਹੀ ਸਮੱਸਿਆ ਹੁਣ ਨਹੀਂ ਰਹੀ। ਉਂਝ, ਸਾਡਾ ਵਾਹ ਹੁਣ ਜਿਸ ਸ਼ੈਅ ਨਾਲ ਪੈ ਰਿਹਾ ਹੈ ਉਹ ਹੈ ਇਤਿਹਾਸ ਦਾ ਹਿੰਦੂਤਵੀ ਵਿਗਾੜ ਜਿਸ ਤਹਿਤ ਆਪਣੇ ਬਹੁਗਿਣਤੀਪ੍ਰਸਤ ਤੇ ਕੁੰਠਾਵਾਦੀ ਏਜੰਡੇ ਦੀ ਪੂਰਤੀ ਲਈ ਗਿਣ-ਮਿੱਥ ਕੇ ਅਤੀਤ ਦੀ ਗ਼ਲਤ ਪੇਸ਼ਕਾਰੀ ਕੀਤੀ ਜਾਂਦੀ ਹੈ।

 

By:  ਰਾਮਚੰਦਰ ਗੁਹਾ