ਧਰਤੀ ਦੇ ਕੁੱਲ ਜਲ ’ਚੋਂ 97 ਫ਼ੀਸਦੀ ਨਮਕੀਨ ਸਮੁੰਦਰੀ ਪਾਣੀ ਹੈ ਜੋ ਮਨੁੱਖ ਜਾਂ ਸਿੰਚਾਈ ਲਈ ਵਰਤੋਂ ’ਚ ਨਹੀਂ ਆਉਂਦਾ। ਨਮਕ ਰਹਿਤ ਢਾਈ ਫ਼ੀਸਦੀ ਪਾਣੀ ’ਚੋਂ 70 ਫ਼ੀਸਦੀ ਗਹਿਰੀ ਜੰਮੀ ਅਵਸਥਾ ਵਿੱਚ ਹੈ, ਅੱਧਾ ਫ਼ੀਸਦੀ ਹਰ ਵਕਤ ਖਲਾਅ ’ਚ ਵਿਚਰਦਾ ਹੈ। ਪਹਿਲਾਂ ਬਿਆਨੇ ਢਾਈ ਫ਼ੀਸਦੀ ’ਚੋਂ 70 ਫ਼ੀਸਦੀ ਕੱਢ ਕੇ ਬਾਕੀ ਬਚਿਆ ਪਾਣੀ ਵਗਦਾ, ਖੜ੍ਹੋਤਾ ਜਾਂ ਧਰਤੀ ਹੇਠ ਹੈ। ਸਿਰਫ਼ ਇਹ ਪਾਣੀ ਹੀ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਜਿਸ ਨੂੰ ਅਸੀਂ ਬੇਹੱਦ ਲਾਪਰਵਾਹੀ ਨਾਲ ਵਰਤੋਂ ਕਰਦਿਆਂ ਮੁੱਕਣ ਦੀ ਕਗਾਰ ’ਤੇ ਲਿਆਂਦਾ ਹੈ। ਸਿੱਟੇ ਵਜੋਂ ਅਸੀਂ ਬੇਹੱਦ ਡਰਾਉਣੇ ਜਲ ਸੰਕਟ ਵੱਲ ਵਧ ਮਾਰੇ ਜਾਵਾਂਗੇ।
ਗੰਭੀਰ ਜਲ ਸੰਕਟ ਦੀ ਸੰਭਾਵੀ ਤਸਵੀਰ ਪੇਸ਼ ਕਰਨ ਦਾ ਮਕਸਦ ਤੁਹਾਨੂੰ ਡਰਾਉਣਾ ਹਰਗਿਜ਼ ਨਹੀਂ ਸਗੋਂ ਚੌਕਸ ਕਰਨਾ ਹੈ। ਗੱਲ ਇਹ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤਾਂ ਵੇਲਾ ਹੱਥੋਂ ਨਿਕਲ ਜਾਵੇਗਾ। ਜੇ ਡਗਰ ਇਹੀ ਰਹੀ, ਪੁਖਤਾ ਹੱਲ ਨਾ ਲੱਭੇੇ ਤਾਂ ਜਿਹੜੇ 33 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ, ਭਾਰਤ ਉਨ੍ਹਾਂ ਵਿੱਚੋਂ ਇੱਕ ਹੈ। ਭਾਰਤ ਦੇ 13 ਸੂਬਿਆਂ ’ਚ ਗੰਭੀਰ ਜਲ ਸੰਕਟ ਪਨਪ ਰਿਹਾ ਹੈ ਅਤੇ ਪੰਜਾਬ ਇਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ। ਮੁਲਕ ਦੇ 256 ਜ਼ਿਲ੍ਹਿਆਂ ਨੂੰ ਗੰਭੀਰ ਜਲ ਸੰਕਟ ਦਰਪੇਸ਼ ਹੋਣ ਜਾ ਰਿਹਾ ਹੈ। ਪੰਜਾਬ ਦੇ 17 ਜ਼ਿਲ੍ਹੇ ਉਨ੍ਹਾਂ ਵਿੱਚ ਸ਼ੁਮਾਰ ਹਨ। ਜਲ ਸੰਕਟ ਦਾ ਹੱਲ ਸੰਭਵ ਹੈ। ਕਾਰਗਰ ਉਪਾਅ ਹੈ, ਪਾਣੀ ਦੀ ਸੰਜਮੀ ਵਰਤੋਂ ਅਤੇ ਢੁੱਕਵਾਂ ਹੱਲ ਹੈ ਵਰਖਾ ਦੀ ਹਰ ਤਿੱਪ ਸਾਂਭਣੀ।
ਪਾਣੀ ਸਾਡੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ। ਕਦੇ ਅਸੀਂ ਜਲ ਨਾਲ ਸਰਸ਼ਾਰ ਸਾਂ। ਦੁਨੀਆਂ ਦੀ ਕੁੱਲ ਵਸੋਂ ਦੇ 17 ਫ਼ੀਸਦੀ ਲੋਕ ਸਾਡੇ ਦੇਸ਼ ’ਚ ਵਸਦੇ ਹਨ, ਪਰ ਧਰਤੀ ਦੇ ਕੁੱਲ ਜਲ ਸਰੋਤਾਂ ’ਚੋਂ ਸਾਡੇ ਕੋਲ ਮਸਾਂ 4 ਫ਼ੀਸਦੀ ਹਨ। ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ। ਇਸ ਦੇ ਪੱਖ ਤੋਂ ਕੁਦਰਤ ਸਾਡੇ ’ਤੇ ਬੜੀ ਦਿਆਲ ਹੈ, ਪਰ ਅਸੀਂ ਇਸ ਦੀ ਕਦਰ ਨਹੀਂ ਪਾਈ। ਜਲ ਮਾਹਿਰਾਂ ਅਨੁਸਾਰ ਸਾਡੇ ਦੇਸ਼ ਵਿੱਚ ਹਰ ਸਾਲ ਤਕਰੀਬਨ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ। ਭੂਗੋਲਿਕ ਅਤੇ ਬਨਸਪਤਨ ਸਥਿਤੀਆਂ ਅਨੁਸਾਰ ਕਿਤੇ ਬਹੁਤਾ, ਕਿਤੇ ਮੂਲੋਂ ਘੱਟ। ਇਸ ਵਿੱਚੋਂ ਅਸੀਂ ਸਿਰਫ਼ 8 ਫ਼ੀਸਦੀ (320 ਅਰਬ ਘਣ ਮੀਟਰ) ਹੀ ਸਾਂਭਦੇ ਹਾਂ।
ਬੀਤੀ ਸਦੀ ਦੇ ਸ਼ੁਰੂ ’ਚ ਪ੍ਰਤੀ ਵਿਅਕਤੀ ਜਲ-ਉਪਲੱਬਧਤਾ 8192 ਘਣ ਮੀਟਰ ਪ੍ਰਤੀ ਸਾਲ ਸੀ। ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਇਹ 5694 ਘਣ ਮੀਟਰ ਰਹਿ ਗਈ ਸੀ। ਇਸ ਦੇ ਮੁੱਖ ਕਾਰਨ ਆਬਾਦੀ ਵਿੱਚ ਵਾਧਾ ਅਤੇ ਪਾਣੀ ਦਾ ਮਾੜਾ ਪ੍ਰਬੰਧ/ਦੁਰਵਰਤੋਂ ਹਨ। ਇਸ ਦੇ ਨਾਲ ਹੀ ਖ਼ੁਦਗਰਜ਼ ‘ਤਰੱਕੀ’, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਣ ਵੀ ਇਸ ਦੇ ਕਾਰਨ ਹਨ। ਅੰਦਾਜ਼ੇ ਮੁਤਾਬਿਕ ਇਸ ਸਦੀ ਦੇ ਅੱਧ ਤੀਕ ਇਹ 158 ਕਰੋੜ ਹੋ ਜਾਵੇਗੀ। ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ ਜਿਹੜਾ ਹਰ ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ 2050 ’ਚ ਲੋੜੀਂਦੀ ਵਿਅਕਤੀਗਤ ਲੋੜ (2500 ਘਣ ਮੀਟਰ) ਦਾ ਅੱਧ ਹੈ।
ਸਾਲ 2050 ’ਚ ਡੇਢ ਅਰਬ ਢਿੱਡ ਭਰਨ ਲਈ ਭਾਰਤੀ ਧਰਤੀ (ਜਲ, ਜੰਗਲ, ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ) ’ਤੇ ਬੇਹਤਾਸ਼ਾ ਬੋਝ ਵਧੇਗਾ। ਸਿੱਟੇ ਵਜੋਂ, ਵਾਤਾਵਰਣ ਹੋਰ ਦੂਸ਼ਿਤ ਹੋਵੇਗਾ; ਵਰਖਾ ’ਚ ਗੜਬੜ ਹੋਵੇਗੀ; ਹੜ੍ਹ, ਸੋਕੇ, ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ (ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ) ਵੀ ਦਰਪੇਸ਼ ਆਉਣਗੀਆਂ। ਸਿਰਫ਼ ਖੇਤੀ ਸਿੰਚਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ ਸੋਮਿਆਂ (ਜਿਹੜੇ ਬੇਹੱਦ/ਤੇਜ਼ੀ ਨਾਲ ਘਟਦੇ ਜਾ ਰਹੇ ਹਨ) ਦੀ ਬੇਕਿਰਕ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਤਕਰੀਬਨ 344 ਅਰਬ ਘਣ ਮੀਟਰ, ਜਾਣੀ ਖ਼ਤਰਨਾਕ ਹੱਦ ਤੋਂ ਕਿਤੇ ਜ਼ਿਆਦਾ, ਪਾਣੀ ਖਿੱਚਿਆ ਜਾਵੇਗਾ। ਸਿੱਟੇ ਵਜੋਂ ਜਲ ਸੋਮੇ ਅਤੇ ਜਲ ਤੱਗੀ ਤਹਿਸ-ਨਹਿਸ ਹੋ ਜਾਵੇਗੀ। ਪੱਲੇ ਪੈ ਜਾਵੇਗਾ ਰੇਗਿਸਤਾਨ, ਬਿਨ ਪਾਣੀ ਸਭ ਸੂਨ।
ਮੌਜੂਦਾ ਕਾਰਖਾਨਿਆਂ ਜਾਂ ਯੋਜਨਾਵਾਂ ਅਨੁਸਾਰ ਸਾਲ 2025 ’ਚ 282 ਅਰਬ ਘਣ ਮੀਟਰ ਪਾਣੀ ਦੀ ਲੋੜ ਹੋਵੇਗੀ ਜੋ ਵਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ 2050 ਵਿੱਚ ਵਧ ਕੇ 428 ਅਰਬ ਘਣ ਮੀਟਰ ਹੋ ਜਾਵੇਗੀ। ਕੌਮੀ ਜਲ ਸਰੋਤ ਵਿਕਾਸ ਅਯੋਗ (1999) ਨੇ ਖੇਤੀ ਲਈ ਪਾਣੀ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲਿਟਰ ਪਾਣੀ ਹਰ ਦਿਨ ਦਾ ਪੈਮਾਨਾ ਨਿਰਧਾਰਤ ਕੀਤਾ ਸੀ। ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਉਂਸਿਪਲ ਖਪਤ ਲਈ ਦੇਸ਼ ਨੂੰ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ (ਕੁੱਲ 173 ਅਰਬ ਘਣ ਮੀਟਰ) ਪਾਣੀ ਦੀ ਲੋੜ ਹੋਵੇਗੀ ਜਿਸ ਲਈ 72 ਅਰਬ ਘਣ ਮੀਟਰ (26+46 ਅ.ਘ.ਮੀ.) ਜ਼ਮੀਨ ਉਤਲਾ ਪਾਣੀ ਅਤੇ ਬਾਕੀ (39 ਅ.ਘ.ਮੀ.) ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਘਰੇਲੂ ਅਤੇ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਤੋਂ ਬਿਨਾਂ ਉਦਯੋਗਾਂ (ਵਸਤਾਂ ਦੇ ਨਿਰਮਾਣ, ਬਿਜਲੀ, ਖਾਦਾਂ-ਦਵਾਈਆਂ ਆਦਿ) ਤੇ ਹੋਰ ਜ਼ਰੂਰੀ (ਅਤੇ ਗ਼ੈਰ-ਜ਼ਰੂਰੀ) ਕਾਰਜਾਂ/ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ।
ਕੁਝ ਮਿਸਾਲਾਂ ਦੇਣਾ ਕੁਥਾਂ ਨਹੀਂ ਹੋਵੇਗਾ। ਇੱਕ ਲਿਟਰ ਪੈਟਰੋਲ ਸੋਧਣ ਲਈ 100 ਲਿਟਰ ਪਾਣੀ, ਇੱਕ ਕਿਲੋ ਕਾਗਜ਼ ਲਈ 150 ਲਿਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲਿਟਰ, ਇੱਕ ਕਿੱਲੋ ਕਣਕ ਲਈ 1000 ਲਿਟਰ, ਸੇਰ ਪੱਕੇ ਦੁੱਧ ਲਈ 1500 ਲਿਟਰ (ਸੰਦਰਭ: ਚਾਰਾ, ਖੁਰਾਕ, ਪੀਣ ਅਤੇ ਨੁਹਾਉਣ ਆਦਿ), ਕਿੱਲੋ ਚੀਨੀ ਹਿੱਤ 2000 ਲਿਟਰ, ਇੱਕ ਕਿੱਲੋ ਚੋਲਾਂ ਲਈ ਔਸਤਨ 3000 ਲਿਟਰ, ਇੱਕ ਟਨ ਸੀਮਿੰਟ ਬਣਾਉਣ ਲਈ 8000 ਲਿਟਰ ਅਤੇ ਇੱਕ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹੋਰ ਵਸਤਾਂ/ਪੈਦਾਵਾਰਾਂ ਲਈ ਜਲ ਦੀ ਹੁੰਦੀ ਖਪਤ ਦੀ ਗੱਲ ਕਿਤੇ ਫੇਰ ਸਹੀ।
ਇਨ੍ਹਾਂ ਵਸਤਾਂ, ਕੁਝ ਇੱਕ ਨੂੰ ਛੱਡ ਕੇ, ਜੀਵਨ ਨਿਰਬਾਹ ਸੰਭਵ ਨਹੀਂ ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਲਿਟਰ ਕੁ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲਿਟਰ ਪਾਣੀ ਦੀ ਖਪਤ ਅਤੇ ਮਹਿਜ਼ ਇੱਕ ਗਲਾਸ ਬੀਅਰ ਜਾਂ ਵਾਈਨ ਬਦਲੇ 250 ਲੀਟਰ ਪਾਣੀ ਨੂੰ ਗੰਧਲਾਉਣਾ ਅਰਥਾਤ ਉਸ ਨੂੰ ਅਜਾਈਂ ਗੁਆਉਣਾ ਨਿਰਾ ਉਜੱਡਪੁਣਾ ਹੈ। ਪਲਾਸਟਿਕ, ਟੌਹਰੀ ਕੱਪੜੇ-ਲੱਤੇ, ਹਾਰ-ਸ਼ਿੰਗਾਰ ਅਤੇ ਹੋਰ ਬੇਲੋੜੀਆਂ ਭੌਤਿਕ ਸਹੂਲਤਾਂ ਬਣਾਉਣ/ਵਰਤਣ ਲਈ ਵਰਤੇ ਜਾਂਦੇ (ਅਸਲ ਵਿੱਚ ਡੋਲ੍ਹੇ ਜਾਂ ਗੰਧਲਾਏ ਜਾਂਦੇ) ਲਖੂਖਾ-ਲਖੂਖਾ ਘਣ ਲੀਟਰ ਪਾਣੀ ਦੀ ਗੱਲ ਵੀ ਕਿਤੇ ਫੇਰ ਸਹੀ। ਸਾਂਵੀ ਜੀਵਨ ਜਾਚ ਲਈ ਬਹੁਤ ਪਾਣੀ ਦੀ ਲੋੜ ਹੈ। ਇੰਨਾ ਪਾਣੀ ਕਿੱਥੋਂ ਆਵੇਗਾ?
ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਮੀਂਹ ਦੇ ਪਾਣੀ ਨੂੰ ਸੰਭਾਲਣਾ ਹੈ ਜੋ ਅਸੀਂ ਕਰ ਨਹੀਂ ਰਹੇ। ਜਲ-ਤੱਗੀਆਂ ਦੀ ਮੁੜ-ਭਰਪਾਈ (ਰੀ-ਚਾਰਜਿੰਗ) ’ਤੇ ਵੀ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਇਸ ਦਾ ਕਾਰਨ ਜੰਗਲਾਂ ਦੀ ਕਟਾਈ ਅਤੇ ਕੰਕਰੀਟ ਕਲਚਰ। ਮੀਂਹ ਦੇ ਪਾਣੀ ਦਾ ਧਰਤੀ ’ਚ ਰਿਸਾਅ ਸਾਲ 2000 ਵਿੱਚ ਤਕਰੀਬਨ 300 ਅਰਬ ਘਣ ਮੀਟਰ ਸੀ। ਹਾਲਾਤ ਇਉਂ ਹੀ ਰਹੇ ਤਾਂ ਸਾਲ 2050 ਤੱਕ ਇਹ ਘਟ ਕੇ 200 ਅਰਬ ਘਣ ਮੀਟਰ ਹੀ ਰਹਿ ਜਾਵੇਗਾ ਜਿਹੜਾ ਅਸਲ ਲੋੜ (1600 ਅਰਬ ਘਣ ਮੀਟਰ) ਤੋਂ ਕਿਤੇ ਘੱਟ ਹੋਵੇਗਾ। ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ-ਸੋਮਿਆਂ ਦੀ ਜਲ ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਸੀ। ਮੌਜੂਦਾ ਅੰਕੜਿਆਂ ਅਨੁਸਾਰ ਇਹ ਘਟ ਕੇ 1086 ਅਰਬ ਘਣ ਮੀਟਰ ਰਹਿ ਗਈ ਹੈ ਜਿਸ 690 ਅਰਬ ਘਣ ਮੀਟਰ ਸਤਹੀ/ਜ਼ਮੀਨ ਉੱਪਰਲਾ ਅਤੇ 396 ਅਰਬ ਘਣ ਮੀਟਰ ਜ਼ਮੀਨ ਹੇਠਲਾ ਪਾਣੀ ਹੈ। ਘਟ ਰਹੀ ਰੀ-ਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਜਿਸ ਵਿੱਚ ਜ਼ਮੀਨ ਦਾ ਗਰਕਣਾ, ਸਮੁੰਦਰੀ/ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ-ਤੱਗੀਆਂ ਵੱਲ ਵਹਾਅ ਉਪਰੰਤ ਉਸ ਦੀ ਉੱਪਰ ਨੂੰ ਖਿਚਾਈ ਕੱਲਰ ਜਿਹੀਆਂ ਅਲਾਮਤਾਂ ਲਿਆਵੇਗੀ। ਧਰਤੀ ਹੇਠਲੇ ਜਲ ਖਲਾਅ ਧਰਤੀ ਹੇਠਲੀਆਂ ਟੈਕਟੋਨਿਕ ਪਲੇਟਾਂ ਦੇ ਗਰਕਣ ਅਤੇ ਭੂਚਾਲਾਂ ਦਾ ਕਾਰਨ ਬਣਨਗੇ।
ਸਾਡੇ ਦੇਸ਼ ਵਿੱਚ ਮੀਹਾਂ ਤੇ ਸਾਰਾ ਸਾਲ ਵਗਣ ਵਾਲੀਆਂ ਨਦੀਆਂ ਰਾਹੀਂ ਤਕਰੀਬਨ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ। ਉਪਯੋਗ ਸਿਰਫ਼ 1250 ਘਣ ਕਿਲੋਮੀਟਰ ਹੁੰਦਾ ਹੈ। ਲੋੜਾਂ ਦੀ ਪੂਰਤੀ ਲਈ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਅੰਦਾਜ਼ਨ ਤਕਰੀਬਨ 65 ਫ਼ੀਸਦੀ ਪਾਣੀ ਖੇਤੀ ਅਤੇ ਥੋੜ੍ਹੇ-ਬਹੁਤੇ ਫ਼ਰਕ ਨਾਲ 20 ਫ਼ੀਸਦੀ ਉਦਯੋਗਾਂ ਤੇ 15 ਫ਼ੀਸਦੀ ਘਰੇਲੂ ਵਰਤੋਂ ਵਿੱਚ ਆ ਰਿਹਾ ਹੈ। ਬੇਸ਼ੱਕ, ਉਦਯੋਗ ਹੀ ਪਾਣੀ ਨੂੰ ਵੱਧ ਗੰਧਲਾ ਕਰਦੇ ਅਤੇ ਇਸ ਨੂੰ ਅਜਾਈਂ ਗੁਆਉਂਦੇ ਹਨ, ਪਰ ਤਿੰਨ-ਚਾਰ ਪਰਤੀ ਹਾਈਬ੍ਰਿਡ ਘਣੀ-ਖੇਤੀ ਤੇ ਗੈਰ-ਸਿਆਣਪੀ ਸਿੰਚਾਈ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸੋ ਕਾਰੋਬਾਰੀ ਧਨ ਕੁਬੇਰਾਂ, ਜਿਹੜੇ ਦਿਨ-ਰਾਤ ਪਤਾਲ ’ਚੋਂ ਮਣਾਂ-ਮੂੰਹੀ ਪਾਣੀ ਖਿੱਚ ਰਹੇ ਹਨ, ਦੀ ਨਕੇਲ ਕਸਣ ਸਮੇਤ ਭੂਗੋਲਿਕ ਅਤੇ ਜਲ-ਸਥਿਤੀ ਤੇ ਕੁਦਰਤ ਪੱਖੀ ਬਹੁ-ਪਰਤੀ ਫ਼ਸਲਾਂ ਦੇ ਨਾਲ ਨਾਲ ਨਹਿਰੀ ਅਤੇ ਮਿਣਵੀਂ ਸਿੰਚਾਈ ਪ੍ਰਣਾਲੀ ਅਪਣਾਉਣੀ ਪਵੇਗੀ।
ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿਲੀਮੀਟਰ ਪੈਂਦੀ ਸੀ/ ਹੈ, ਖਿੱਤਾ ਵਿਸ਼ੇਸ 200 ਤੋਂ 11000 ਮਿਲੀਮੀਟਰ। ਪਰ ਇਸ ਦਾ 70 ਫ਼ੀਸਦੀ ਹਿੱਸਾ ਬਰਸਾਤਾਂ ਦੇ ਮਹਿਜ਼ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ। ਇਸ ਦਾ ਅੱਧਾ ਮਹਿਜ਼ 50-100 ਘੜੀਆਂ ਵਿੱਚ ਹੀ ਜਿਸ ਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਸਾਡੀਆਂ ਨਾਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ, ਖੋਰ੍ਹਦਾ ਅਤੇ ਨੁਕਸਾਨ ਕਰਦਾ ਹੈ। ਹੁਣ ਖੇਤੀ ਤੇ ਹੋਰ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਲਈ ਮੀਂਹ ਦੇ ਪਾਣੀ ਦੀ ਸੰਭਾਲ, ਵਰਤੋਂ ਅਤੇ ਇਸ ਨੂੰ ਧਰਤੀ ’ਚ ਭੇਜਣਾ ਅਣਸਰਦੀ ਲੋੜ ਹੈ। ਸਾਂਵੀ ਵਰਖਾ ਲਈ ਵੀ ਸਾਨੂੰ ਉਹ ਕਾਰਕ ਵੀ ਮੁੜ ਸਿਰਜਣੇ ਪੈਣੇ ਹਨ ਜਿਹੜੇ ਵਰਖਾ ਲਿਆਉਣ ’ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਨ੍ਹਾਂ ਕਾਰਨ ਜਲ ਚੱਕਰ ’ਚ ਗੜਬੜ ਹੁੰਦੀ ਅਤੇ ਮਿੱਟੀ ਰੁੜ੍ਹ-ਖੁਰ ਜਾਂਦੀ ਹੈ। ਇਸ ਕਾਰਜ ਵਿੱਚ ਜੰਗਲ ਕੁੰਜੀਵਤ ਹਿੱਸਾ ਪਾ ਸਕਦੇ ਹਨ। ਅਸੀਂ ਰਵਾਇਤੀ ਰੁੱਖਾਂ-ਜੰਗਲਾਂ ਮਗਰ ਹੱਥ ਧੋ ਕੇ ਪਏ ਹੋਏ ਹਾਂ ਜਿਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
ਹਕੀਕਤ ਇਹ ਹੈ ਕਿ ਮੀਂਹ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਬਾਕੀ ਸਭ ਵਗਦਾ, ਖੜ੍ਹੋਤਾ (ਨਦੀਆਂ,ਝੀ ਲਾਂ) ਅਤੇ ਜ਼ਮੀਨ ਹੇਠਲਾ ਪਾਣੀ ਸਾਰੇ ਹੀ ਦੋਇਮ-ਦਰਜੇ ਦੇ ਸੋਮੇ ਹਨ। ਜਲ ਸੰਕਟ ਦਾ ਪੁਖਤਾ ਹੱਲ ਮੀਂਹ ਦੇ ਪਾਣੀ ਦੀ ਬਿਹਤਰੀਨ ਸਾਂਭ-ਸੰਭਾਲ, ਵਗਦਾ ਰਹਿਣ ਅਤੇ ਰੀ-ਚਾਰਜਿੰਗ ਰਾਹੀਂ ਹੀ ਸੰਭਵ ਹੈ। ਸ਼ੁਕਰ ਹੈ ਕੁਦਰਤੀ ਜਲ-ਚੱਕਰ ਦੀ ਬਦੌਲਤ ਭਾਰਤੀ ਸਤਹਿ ਉੱਤੇ ਅਜੇ ਵੀ 40000 ਘਣ ਕਿਲੋਮੀਟਰ ਪਾਣੀ ਵਰ੍ਹਦਾ ਹੈ। ਅਵੇਸਲੇਪਣ ਕਾਰਨ ਇਸ ਦਾ ਦੋ-ਤਿਹਾਈ ਹਿੱਸਾ ਵਗ ਜਾਂਦਾ ਹੈ। ਪਹਿਲਕਦਮੀ ਤੁਰੰਤ ਕਰਨ ਦੀ ਲੋੜ ਹੈ। ਨਿੱਜੀ ਤਜਰਬੇ ਦੇ ਆਧਾਰ ’ਤੇ ਕੰਢੀ ਖਿੱਤੇ ਦੇ ਸੰਦਰਭ ਵਿੱਚ ਇੱਕ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਾਂਗਾ:
‘‘ਪੰਜਾਬ ਦਾ ਕੰਢੀ ਖਿੱਤਾ ਬਰਸਾਤੀ ਪਾਣੀ ਰੋਕਣ-ਖੜ੍ਹਾਉਣ ਅਤੇ ਧਰਤੀ ’ਚ ਜੀਰਨ ਹਿੱਤ ਬੜਾ ਢੁੱਕਵਾਂ ਹੈ। ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ ਜਿਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕਟੇਅਰ ਕੰਢੀ ਖੇਤਰ ’ਚ ਪੈਂਦਾ ਹੈ। ਭਾਰਤ ਦੀ ਔਸਤ ਸਾਲਾਨਾ ਵਰਖਾ 1200 ਐਮ.ਐਮ. ਹੈ। ਮੌਜੂਦਾ ਹਾਲਾਤ ਤਹਿਤ ਪੰਜਾਬ ਦੀ 800 ਐਮ.ਐਮ. ਮੰਨ ਲਵੋ। ਹਾਲ ਦੀ ਘੜੀ ਤੁਸੀਂ ਕੰਢੀ ਦਾ ਚੌਥਾ ਹਿੱਸਾ (25 ਫ਼ੀਸਦੀ), ਜਾਣੀ 1.35 ਲੱਖ ਹੈਕਟੇਅਰ, ਹੀ ਲਵੋ ਅਤੇ ਰੋੜ੍ਹਵੀਂ ਵਰਖਾ ਵੀ 50 ਫ਼ੀਸਦੀ ਭਾਵ 400 ਐਮ.ਐਮ., ਹੀ ਮੰਨ ਕੇ ਚੱਲੋ। ਜੇ ਅਸੀਂ ਕੰਢੀ ਦੇ ਚੌਥੇ ਹਿੱਸੇ ਵਿੱਚ ਹੀ ਵਰਖਾ ਦਾ ਮਹਿਜ਼ ਅੱਧ ਰੋਕ-ਖੜ੍ਹਾ ਕੇ ਵਰਤ ਤੇ ਜੀਰ ਲਈਏ ਤਾਂ ਵੀ ਬਰਸਾਤ ’ਚ ਕਮਾਏ ਪਾਣੀ ਦੀ ਮਿਕਦਾਰ 54 ਹਜ਼ਾਰ ਹੈਕਟੇਅਰ ਲਿਟਰ ਬਣ ਜਾਵੇਗੀ। ਇਹ ਐਨਾ ਹੈ ਕਿ ਪੰਜਾਬ ਵਿੱਚ, ਜੇ ਇਹ ਬਿਲਕੁਲ ਸਾਵਾ-ਪੱਧਰਾ ਹੋਵੇ, ਇੱਕ-ਇੱਕ ਗਿੱਠ (10 ਸੈਂਟੀਮੀਟਰ) ਪਾਣੀ ਖੜ੍ਹਾਇਆ ਜਾ ਸਕਦਾ ਹੈ।’’
ਮੁੱਕਦੀ ਗੱਲ ਇਹ ਹੈ ਕਿ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਪਾਣੀ ਸਭ ਦੀ ਸਾਂਝੀ ਕੁਦਰਤੀ ਨਿਆਮਤ ਹੈ। ਇਹ ਬਣਾਇਆ ਨਹੀਂ ਜਾ ਸਕਦਾ। ਇਸ ਦੀ ਸੰਜਮੀ ਅਤੇ ਸੁਯੋਗ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸ਼ੁੱਧ ਰੱਖਿਆ, ਬਚਾਇਆ ਜਾ ਸਕਦਾ ਹੈ। ਵਰ੍ਹਾਇਆ ਅਤੇ ਧਰਤੀ ’ਚ ਭੇਜਿਆ ਜਾ ਸਕਦਾ ਹੈ।
BY :
ਵਿਜੈ ਬੰਬੇਲੀ