ਉਹ ਕਿਹੜੀ ਚੀਜ਼ ਹੈ ਜੋ 2024 ਦੀਆਂ ਚੋਣਾਂ ਵਿਚ ਦਾਅ ’ਤੇ ਲੱਗੀ ਹੈ? ਪਿਛਲੇ ਦਸ ਸਾਲਾਂ ਵਿਚ ਬਹੁਤਾ ਸਮਾਂ ਨਿਰੰਕੁਸ਼ਤਾ ਦਾ ਸਾਇਆ ਸਾਡੇ ਸਿਰ ’ਤੇ ਮੰਡਰਾਉਂਦਾ ਰਿਹਾ ਹੈ। ਨਿਰੰਕੁਸ਼ਤਾ ਨੇ ਲੋਕਰਾਜ ਨੂੰ ਅੰਦਰੋਂ ਖੋਖਲਾ ਕਰ ਕੇ ਰੱਖ ਦਿੱਤਾ ਹੈ। ਨਿਰੰਕੁਸ਼ਵਾਦੀਆਂ ਦਾ ਠੋਸ ਲੋਕਤੰਤਰ ਤੋਂ ਬਗ਼ੈਰ ਗੁਜ਼ਾਰਾ ਚੰਗਾ ਚਲਦਾ ਹੈ। ਜਿ਼ਆਦਾ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਉਹ ਮਿਲਜੁਲ ਕੇ ਰਹਿਣ ਦਾ ਵੱਲ ਸਿੱਖ ਚੁੱਕੇ ਲੋਕਾਂ ਅੰਦਰ ਖੁਣਸੀ ਢੰਗ ਨਾਲ ਧਰੁਵੀਕਰਨ ਦਾ ਜ਼ਹਿਰ ਫੈਲਾਉਂਦੇ ਹਨ। ਇਸ ਪ੍ਰਕਿਰਿਆ ਵਿੱਚ ਅਸੀਂ ਲੋਕਤੰਤਰ ਦੀ ਭਾਵਨਾ ਭਾਵ ਇਕਜੁੱਟਤਾ ਦਾ ਕਤਲ ਹੁੰਦਾ ਦੇਖਦੇ ਹਾਂ। ਕਮਿਊਨਿਜ਼ਮ ਦੀ ਚੜ੍ਹਤ ਦੇ ਦਿਨਾਂ ਵਿੱਚ ਇਕਜੁੱਟਤਾ ਦਾ ਮਤਲਬ ਹੁੰਦਾ ਸੀ ਮਿਹਨਤਕਸ਼ ਤਬਕਿਆਂ ਅੰਦਰ ਏਕੇ ਦਾ ਅਹਿਸਾਸ। ਅੱਜ ਜੇ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਇਹ ਜਜ਼ਬਾ ਬਹੁਤ ਅਹਿਮ ਹੈ।
ਇਕਜੁੱਟਤਾ ਜਾਂ ਇਸ ਦੇ ਚਚੇਰ ਸੰਕਲਪ ਭਾਈਚਾਰਕ ਸਾਂਝ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਜ਼ਰਾ ਸੋਚੋ, ਸੰਵਿਧਾਨ ਦੇ ਨਿਰਮਾਤਾਵਾਂ ਸਾਹਮਣੇ ਕਿਸ ਕਿਸਮ ਦੀਆਂ ਚੁਣੌਤੀਆਂ ਹੋਣਗੀਆਂ। ਮਜ਼ਹਬੀ ਆਧਾਰ ’ਤੇ ਵੰਡ ਦਿੱਤੇ ਗਏ ਲੋਕਾਂ ਨੂੰ ਲੋਕਰਾਜੀ ਸਿਆਸੀ ਭਾਈਚਾਰੇ ਅੰਦਰ ਨਾਗਰਿਕ ਦੇ ਰੂਪ ਵਿੱਚ ਰਹਿਣਾ ਪ੍ਰਵਾਨ ਕਰਨਾ ਪਵੇਗਾ। ਵੰਡ ਵੇਲੇ ਇਨ੍ਹਾਂ ’ਚੋਂ ਕਈ ਲੋਕ ਮਾਨਵਤਾ ਦੇ ਹੇਠਲੇ ਪੱਧਰ ਤੱਕ ਜਾ ਡਿੱਗੇ ਸਨ। ਸੰਵਿਧਾਨ ਘਾਡਿ਼ਆਂ ਨੇ ਇਸ ਤਣਾਅਪੂਰਨ ਮਾਹੌਲ ਅੰਦਰ ਹੋਸ਼ਮੰਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਜਿਹੇ ਸਿਆਸੀ ਸਿਧਾਂਤਾਂ ਨੂੰ ਪ੍ਰਸਤਾਵਨਾ ਵਿੱਚ ਉਭਾਰ ਕੇ ਸਾਹਮਣੇ ਲਿਆਂਦਾ ਸੀ। ਮਜ਼ਹਬੀ ਗਰਕਣ ਵਿੱਚ ਧਸੇ ਭਾਰਤ ਦੇ ਲੋਕਾਂ ਨੂੰ ਇਕਜੁੱਟਤਾ ਦੇ ਰੂਪ ਵਿੱਚ ਬਦਲ ਪੇਸ਼ ਕੀਤਾ ਗਿਆ ਜੋ ਘੱਟੋ-ਘੱਟ ਦੋ ਕਾਰਨਾਂ ਕਰ ਕੇ ਅਹਿਮ ਹੈ।
ਪਹਿਲਾ, ਜੇ ਲੋਕ ਹੋਰਨਾਂ ਦੀ ਪ੍ਰਵਾਹ ਨਾ ਕਰਨ ਤਾਂ ਲੋਕਰਾਜ ਭਟਕ ਜਾਂਦਾ ਹੈ; ਭਾਵ, ਉਨ੍ਹਾਂ ਦੀ ਬਿਮਾਰੀ ਜਾਂ ਗ਼ਰੀਬੀ ਨੂੰ ਨਜ਼ਰਅੰਦਾਜ਼ ਕਰਨ ਜਾਂ ਕਿਸੇ ਭਾਈਚਾਰੇ ਖਿ਼ਲਾਫ਼ ਘੋਰ ਅਨਿਆਂ ਕੀਤਾ ਜਾਵੇ। ਇਕਜੁੱਟਤਾ ਤੋਂ ਬਿਨਾਂ ਅਸੀਂ ਹੱਕ ਰੱਖਣ ਵਾਲੇ ਖ਼ੁਦਗਰਜ਼ਾਂ ਦਾ ਟੋਲਾ ਬਣ ਕੇ ਰਹਿ ਜਾਵਾਂਗੇ। ਇਕਜੁੱਟਤਾ ਤੋਂ ਬਗ਼ੈਰ ਅਸੀਂ ਹੌਬਸ ਦੇ ਸ਼ਬਦਾਂ ਵਿੱਚ ਉਸ ਕਿਸਮ ਦੀ ਕੁਦਰਤੀ ਅਵਸਥਾ ਵਿੱਚ ਚਲੇ ਜਾਵਾਂਗੇ ਜਿੱਥੇ ਹਰ ਕੋਈ ਇਕੱਲਾ ਹੁੰਦਾ ਹੈ ਅਤੇ ਉਹ ਇਨਸਾਨ ਬਣਾਉਣ ਵਾਲੀਆਂ ਖੂਬੀਆਂ ਤੋਂ ਵਿਰਵਾ ਹੁੰਦਾ ਹੈ।
ਦੂਜਾ, ਇਤਿਹਾਸ ਦਰਸਾਉਂਦਾ ਹੈ ਕਿ ਜਦੋਂ ਲੋਕ ਦਮਨ ਖਿ਼ਲਾਫ਼ ਇਕਜੁੱਟਤਾ ਦੇ ਸਾਂਝੇ ਤਾਣੇ ਹੇਠ ਆਉਂਦੇ ਹਨ ਤਾਂ ਉਹ ਪਹਾੜਾਂ ਨੂੰ ਵੀ ਝੁਕਾ ਦਿੰਦੇ ਹਨ। ਉਹ ਸ਼ਕਤੀਸ਼ਾਲੀ ਸਾਮਰਾਜਾਂ ਨੂੰ ਉਖਾੜ ਸੁੱਟਦੇ ਹਨ। ਉਹ ਮਹਿਜ਼ ਸੜਕਾਂ ’ਤੇ ਇਕੱਤਰ ਹੋਣ ’ਤੇ ਹੀ ਰਾਜਕੀ ਸੱਤਾ ਦੀ ਦੁਰਵਰਤੋਂ ਕਰਨ ਵਾਲੀਆਂ ਸਰਕਾਰਾਂ ਨੂੰ ਵੰਗਾਰਦੇ ਹਨ ਜਿਵੇਂ 1989 ਵਿੱਚ ਪੂਰਬੀ ਯੂਰੋਪ ਵਿਚ ਹੋਇਆ ਸੀ। ਇਰਾਨ ਵਿੱਚ ਔਰਤਾਂ ਨੇ ਸ਼ਰੇਆਮ ਆਪਣੀਆਂ ਗੁੱਤਾਂ ਕਟਵਾ ਕੇ ਪਿੱਤਰਸੱਤਾ ਨੂੰ ਲਲਕਾਰਿਆ ਸੀ। ਜਰਮਨਾਂ ਨੇ ਬਰਲਿਨ ਦੀ ਕੰਧ ਢਾਹ ਦਿੱਤੀ ਸੀ। ਇਹ ਸਭ ਕੁਝ ਕਰਦਿਆਂ ਉਹ ਸ਼ਿੱਦਤ ਅਤੇ ਹੌਸਲੇ ਨਾਲ ਇਕਜੁੱਟਤਾ ਨੂੰ ਸਿਆਸੀ ਏਜੰਡੇ ਦੇ ਮਰਕਜ਼ ਵਿੱਚ ਖੜ੍ਹਾ ਕਰਦੇ ਹਨ। ਸੱਤਾ ਦੀ ਹਵਸ ਵਿੱਚ ਲੱਗੇ ਨਿਰੰਕੁਸ਼ ਸ਼ਾਸਕ ਜਦੋਂ ਲੋਕਾਂ ਨੂੰ ਵੰਡਣ ਦੀ ਕੋਸਿ਼ਸ਼ ਕਰਦੇ ਹਨ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੁੰਦੀ। ਇਤਿਹਾਸ ਵਿੱਚ ਉਹ ਮੌਕੇ ਬੇਮਿਸਾਲ ਹੁੰਦੇ ਹਨ ਜਦੋਂ ਬਿਨਾਂ ਕਿਸੇ ਆਗੂਆਂ ਜਾਂ ਜਥੇਬੰਦੀ ਤੋਂ ਅਵਾਮ ਗ਼ੈਰ-ਵਾਜਿਬ ਕਾਨੂੰਨਾਂ ਦੇ ਪਰਖਚੇ ਉਡਾ ਦਿੰਦੀ ਹੈ। ਨਾਬਰੀ ਦੇ ਕਈ ਹੋਰ ਰੂਪ ਵੀ ਹੁੰਦੇ ਹਨ ਜਿਵੇਂ ਸਾਡੇ ਕੋਲ ਵੋਟ ਦਾ ਅਧਿਕਾਰ ਹੈ। ਸਾਨੂੰ ਰਾਜੇ ਦਾ ਸਿਰ ਕਲਮ ਕਰਨ ਦੀ ਲੋੜ ਨਹੀਂ ਹੈ ਜਿਵੇਂ ਫਰਾਂਸੀਸੀ ਇਨਕਲਾਬ ਵੇਲੇ ਹੋਇਆ ਸੀ। ਸਾਨੂੰ ਹੋਸ਼ਮੰਦੀ ਨਾਲ ਵੋਟ ਦੀ ਵਰਤੋਂ ਕਰਨ ਦੀ ਲੋੜ ਹੈ।
ਸਾਡੀ ਵੋਟ ਦੀ ਕੀ ਅਹਿਮੀਅਤ ਹੈ? ਸੰਨ 2014 ਵਿੱਚ ਭਾਰਤੀ ਅਵਾਮ ਦੇ ਵੱਡੇ ਹਿੱਸੇ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਰੋਸਾ ਜਤਾਇਆ ਸੀ। ਉਨ੍ਹਾਂ ਦੀ ਕ੍ਰਿਸ਼ਮਈ ਸ਼ਖ਼ਸੀਅਤ ਬਾਰੇ ਬਹੁਤ ਕੁਝ ਲਿਖਿਆ ਤੇ ਆਖਿਆ ਜਾ ਚੁੱਕਿਆ ਹੈ। ਜੇ ਇਸ ਕ੍ਰਿਸ਼ਮੇ ਦੀ ਡੋਜ਼ ਲੋੜ ਤੋਂ ਜਿ਼ਆਦਾ ਹੋ ਜਾਵੇ ਤਾਂ ਇਹ ਲੋਕਤੰਤਰ ਦੀ ਸਿਹਤ ਲਈ ਘਾਤਕ ਬਣ ਜਾਂਦੀ ਹੈ। ਜ਼ਰਾ ਗ਼ੌਰ ਕਰੋ, ਘੱਟਗਿਣਤੀ ਮੁਸਲਿਮ ਭਾਈਚਾਰੇ ਨੂੰ ਕਿੰਨੇ ਅਸੱਭਿਅਕ ਅਤੇ ਬੇਸ਼ਰਮੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਨੂੰ ਬਰਦਾਸ਼ਤ ਕਰ ਲਿਆ ਜਾਂਦਾ ਹੈ ਕਿਉਂਕਿ ਆਗੂ ਕ੍ਰਿਸ਼ਮਈ ਹੈ। ਇਸ ਲਈ ਸਾਡੇ ਮੁਸਲਿਮ ਨਾਗਰਿਕਾਂ ਦੇ ਨਾ ਕੋਈ ਨਾਂ ਹਨ ਤੇ ਨਾ ਹੀ ਕੋਈ ਖ਼ਾਸ ਜੀਵਨੀਆਂ ਜਾਂ ਜਿ਼ਕਰਯੋਗ ਵਿਸ਼ਵਾਸ ਪ੍ਰਣਾਲੀਆਂ ਜਾਂ ਭਾਸ਼ਾਵਾਂ ਹਨ। ਘੱਟਗਿਣਤੀ ਤਾਂ ਮਹਿਜ਼ ਆਲੂਆਂ ਦੀ ਬੋਰੀ ਹੁੰਦੀ ਹੈ ਜਿਵੇਂ ਕਾਰਲ ਮਾਰਕਸ ਨੇ ਇਕ ਵੱਖਰੇ ਪ੍ਰਸੰਗ ਵਿੱਚ ਟਿੱਪਣੀ ਕੀਤੀ ਸੀ। ਸ਼ਾਇਦ ਜਦੋਂ ਲੋਕ ਬੇਪਛਾਣ ਹੋ ਜਾਂਦੇ ਹਨ ਤਾਂ ਉਨ੍ਹਾਂ ਖਿ਼ਲਾਫ਼ ਹਿੰਸਾ ਦਾ ਇਸਤੇਮਾਲ ਵੀ ਆਸਾਨ ਹੋ ਜਾਂਦਾ ਹੈ। ਉਹ ਅਜਿਹੇ ਸਮੂਹ ਦਾ ਹਿੱਸਾ ਹਨ ਜਿਸ ਨੂੰ ਨਫ਼ਰਤ ਦੀ ਸਿਆਸਤ ਜ਼ਰੀਏ ਲਗਾਤਾਰ ਬਦਨਾਮ ਕੀਤਾ ਜਾਂਦਾ ਰਿਹਾ ਹੈ।
ਸੱਜੇ ਪੱਖੀ ਬਹੁਗਿਣਤੀਪ੍ਰਸਤੀ ਦੇ ਘਾਤਕ ਸਿੱਟੇ ਸਾਫ਼ ਦਿਖ ਰਹੇ ਹਨ। ਉਹ ਤੋਹਮਤਾਂ ਜਿਹੜੀਆਂ 10 ਸਾਲ ਪਹਿਲਾਂ ਤੱਕ ਅਵਚੇਤਨ ਮਨਾਂ ਤੱਕ ਸੀਮਤ ਸਨ, ਹੁਣ ਉੱਭਰ ਕੇ ਸਿਆਸੀ ਏਜੰਡੇ ਅਤੇ ਜਨਤਕ ਦਾਇਰੇ ਦੇ ਬਿਲਕੁਲ ਮੂਹਰੇ ਆ ਗਈਆਂ ਹਨ। ਅਸੀਂ ਭਾਰਤ ਦੇ ਲੋਕਾਂ ਨੇ, ਖ਼ੁਦ ਨੂੰ ਅਜਿਹਾ ਸੰਵਿਧਾਨ ਦਿੱਤਾ ਹੈ ਜਿਸ ਨੇ ਜਮਹੂਰੀ ਸਿਆਸੀ ਜਮਾਤ ਪੈਦਾ ਕੀਤੀ ਹੈ। ਸਾਨੂੰ ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫਿਰ ਸੁਆਰਥੀ ਸੱਤਾ ਦੀ ਸਿਆਸਤ ਰਾਹੀਂ ਵੰਡਿਆ ਜਾ ਰਿਹਾ ਹੈ। ਇਹ ਅਜੋਕੇ ਭਾਰਤ ਦੀ ਤ੍ਰਾਸਦੀ ਹੈ: ਵੈਰ-ਵਿਰੋਧ ਦੇ ਹੈਰਾਨੀਜਨਕ ਬਿਰਤਾਂਤ ਘੜ ਕੇ ਭਾਰਤੀ ਮਾਨਸਿਕਤਾ ਨੂੰ ਘੇਰਨਾ।
ਤੇ ਅਸੀਂ ਲੋਕਤੰਤਰ, ਨਿਆਂ, ਆਜ਼ਾਦੀ, ਸਮਾਨਤਾ ਤੇ ਇਕਜੁੱਟਤਾ ਦੇ ਸਿਦਕੀ ਰਾਖੇ, ਉਸ ਵੇਲੇ ਘੁਟਣ ਮਹਿਸੂਸ ਕਰਦੇ ਹਾਂ ਜਦ ਸੱਤਾਧਾਰੀ ਜਮਾਤ ਮੁਲਕ ’ਤੇ ਭੈਅ ਦੀ ਚਾਦਰ ਪਾਉਂਦੀ ਹੈ ਅਤੇ ਸਾਡੇ ਸਾਥੀ ਨਾਗਰਿਕ ਦੁੱਖ ਝੱਲਦੇ ਹਨ। ‘ਬੌਡੀ ਆਨ ਦਿ ਬੈਰੀਕੇਡਜ਼’ ਦੇ ਲੇਖਕ, ਦਾਰਸ਼ਨਿਕ ਬ੍ਰਹਮ ਪ੍ਰਕਾਸ਼ ਲਿਖਦੇ ਹਨ ਕਿ ਸਾਡੇ ਵਿੱਚੋਂ ਕਈ ਉਸ ਮਾਹੌਲ ’ਚ ਘੁਟਣ ਮਹਿਸੂਸ ਕਰ ਰਹੇ ਹਨ ਜੋ ਭਾਰਤੀ ਸਮਾਜ ਨੂੰ ਆਕਾਰ ਦੇ ਰਿਹਾ ਹੈ। ਸਾਨੂੰ ਘਿਰੇ ਹੋਣ ਦਾ ਅਹਿਸਾਸ ਹੋ ਰਿਹਾ ਹੈ, ਅਸੀਂ ਆਪਣੇ ਸਰੀਰਾਂ ਤੇ ਆਲੇ-ਦੁਆਲੇ ’ਚ ਬੰਦੀਆਂ ਵਰਗਾ ਮਹਿਸੂਸ ਕਰ ਰਹੇ ਹਾਂ। ਮੈਂ ਉਨ੍ਹਾਂ ਸਮਿਆਂ ਦੀ ਵਿਆਖਿਆ ਲਈ ਸ਼ਬਦ ਤੇ ਵਾਕ ਲੱਭ ਰਿਹਾ ਹਾਂ ਜਿਨ੍ਹਾਂ ਅੰਦਰ ਅਸੀਂ ਜੀਵਨ ਬਸਰ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਜਿਹਾ ਕੋਈ ਹੋਰ ਸ਼ਬਦ ਨਹੀਂ ਹੈ ਜੋ ‘ਆਈ ਕਾਂਟ ਬ੍ਰੀਦ’ (ਮੈਂ ਸਾਹ ਨਹੀਂ ਲੈ ਸਕਦਾ) ਦੀ ਸਮਰੱਥਾ ਤੇ ਸੁਹਜ ਦੇ ਨੇੜੇ ਢੁਕ ਸਕੇ। ਮੈਂ ਅਜਿਹੇ ਪ੍ਰਤੀਕਾਤਮਕ ਭਾਵ ਦੀ ਭਾਲ ਵਿਚ ਹਾਂ ਜੋ ਮੇਰੇ ਤਨ ਦੀ ਇਸ ਸਥਿਤੀ ਤੇ ਕਿਰਿਆ ਦਾ ਢੁੱਕਵਾਂ ਬਖਾਨ ਕਰ ਸਕੇ। ਜਿਹੜੀ ਤਸਵੀਰ ਮੈਨੂੰ ਦਿਸਦੀ ਹੈ, ਉਹ ਬੈਰੀਕੇਡਾਂ ’ਤੇ ਪਈ ਦੇਹ ਦੀ ਹੈ।
ਇਕ ਚਿਤਾਵਨੀ ਇੱਥੇ ਕ੍ਰਮ ਵਿਚ ਹੈ। ਜਿਹੜੀ ਸੱਤਾ ਲੋਕਤੰਤਰ ਦਾ ਗਲ਼ ਘੁੱਟਦੀ ਹੈ, ਉਸ ਦਾ ਪਿੱਛਾ ‘ਗੌਡੈੱਸ ਨੇਮੇਸਿਸ’ (ਗਰੀਕ ਸਭਿਆਚਾਰ ਵਿੱਚ ਬਦਲੇ ਦੀ ਦੇਵੀ) ਲਗਾਤਾਰ ਕਰਦੀ ਹੈ ਜੋ ‘ਘਮੰਡੀ ਸ਼ਖ਼ਸੀਅਤ’ ਨੂੰ ਸਜ਼ਾ ਦਿੰਦੀ ਹੈ। ਸੱਤਾ ਦੇ ਸਨਮੁੱਖ ਵਿਰੋਧ ਖੜ੍ਹਾ ਹੁੰਦਾ ਹੈ। ਨਾਬਰੀ ਰਾਜ ਦੀ ਵਾਜਬੀਅਤ ਨੂੰ ਨਹੀਂ ਝੁਠਲਾਉਂਦਾ ਬਲਕਿ ਉਸ ਵਿਚਾਰ ਨੂੰ ਨਕਾਰਦਾ ਹੈ ਕਿ ਕਾਨੂੰਨ ਸਿਰਫ਼ ਇਸ ਲਈ ਨਿਆਂਸੰਗਤ ਹਨ ਕਿਉਂਕਿ ਇਨ੍ਹਾਂ ਨੂੰ ਸਰਕਾਰ ਨੇ ਬਣਾਇਆ ਹੁੰਦਾ ਹੈ। ਗਾਂਧੀਵਾਦੀ ਵਿਚਾਰਧਾਰਾ ਦੇ ਪੱਖ ਤੋਂ, ਵਿਰੋਧ ਇਸ ਅਕੀਦੇ ਤੋਂ ਜਾਇਜ਼ ਹੈ ਕਿ ਸਾਧਾਰਨ ਮਨੁੱਖ ਗ਼ੈਰ-ਵਾਜਿਬ ਕਾਨੂੰਨਾਂ ਦਾ ਵਿਰੋਧ ਕਰਨ ਦਾ ਨੈਤਿਕ ਬਲ ਰੱਖਦੇ ਹਨ। ਇਕਜੁੱਟਤਾ ’ਚ ਅਸੀਂ ਰੋਸ ਜ਼ਾਹਿਰ ਕਰਦੇ ਹਾਂ, ਮਾਰਚ ਕਰਦੇ ਹਾਂ ਅਤੇ ਲੋਕਤੰਤਰ ਤੇ ਨਿਆਂ ਦੀ ਖਾਤਰ ਇਨਕਲਾਬੀ ਗੀਤ ਗਾਉਂਦੇ ਹਾਂ। ਇਸ ਸਭ ਤੋਂ ਉੱਤੇ ਅਸੀਂ ਵੋਟ ਪਾਉਂਦੇ ਹਾਂ ਜੋ ਵਿਰੋਧ ਜਾਂ ਨਾਬਰੀ ਦਾ ਸਭ ਤੋਂ ਅਸਰਦਾਰ ਹਥਿਆਰ ਹੈ ਬਸ਼ਰਤੇ ਇਸ ਦਾ ਇਸਤੇਮਾਲ ਲੋਕਤੰਤਰ ਲਈ ਹੋਵੇ।
BY: ਨੀਰਾ ਚੰਡੋਕ