ਪੋਹ ਦੇ ਸੀਤ ਮਹੀਨੇ ਦੀ 6 ਤਰੀਕ, 20 ਦਸੰਬਰ 1704, ਮੁਗਲ ਹਕੂਮਤ ਅਤੇ ਪਹਾੜੀ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਛਡਣਾ, ਸਰਸਾ ਨਦੀ ਕੰਢੇ ਪਰਿਵਾਰ ਵਿਛੜਣਾ, ਰਾਤ ਨੂੰ ਰੇਪੜ ਨੇੜੇ ਮਘਦੇ ਭਠੇ ਚ ਠਹਿਰ ਕਰਨੀ ,21 ਦਸੰਬਰ ਦੀ ਕਹਿਰ ਦੀ ਰਾਤ ਨੂੰ ਵਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿਦਕਵਾਨ ਸਿੰਘਾਂ ਨਾਲ ਚਮਕੌਰ ਦੀ ਗੜੀ ਵਿਚ ਪਹੁੰਚਣਾ,,ਮੁਗਲਾਂ ਨਾਲ ਲੜਾਈ ਲਈ ਮੋਰਚਾਬੰਦੀ ਕਰਨੀ, 22 ਦਸੰਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਪਣੇ ਹਥੀਂ ਲੜਾਈ ਵਿਚ ਭੇਜਣਾ, ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਸ਼ਹੀਦੀ ਲਈ ਭੇਜਣਾ….

ਅੱਲਾ ਯਾਰ ਖਾਂ ਜੋਗੀ ਨੇ ਆਪਣੀ ਕਵਿਤਾ ਵਿਚ ਇਸ ਮਹੌਲ /ਦ੍ਰਿਸ਼ ਨੂੰ ਬਹੁਤ ਖੂਬਸੂਰਤੀ ਨਾਲ ਲਿਖਿਆ ਹੈ—-

“ਹਮਨੇ ਭੀ ਉਸ ਮੁਕਾਮ ਪਰ ਜਾਨਾ ਹੈ ਜਲਦ ਤਰ,
ਜਿਸ ਜਗਾ ਤੁਮ ਕੋ ਕਟਾਨੇ ਪੜੇਂਗੇ ਆਪਨੇ ਸਰ। ਹੋਂਗੇ ਸ਼ਹੀਦ ਲੜ ਕੇ,
ਯਿ ਬਾਕੀ ਦੋ ਪਿਸਰ, ਰਹ ਜਾਊਂਗਾ ਅਕੇਲਾ,
ਮੈਂ ਕਲ ਤਕ ਲੁਟਾ ਕੇ ਘਰ। ਪਹਿਲੇ ਪਿਤਾ ਕਟਾਯਾ,
ਅਬ ਬੇਟੇ ਕਟਾਊਂਗਾ, ਨਾਨਕ ਕਾ ਬਾਗ ਖੂਨਿ ਜ਼ਿਗਰ ਸੇ ਖਲਾਊਂਗਾ ” ।

ਛੋਟੇ ਹੁੰਦਿਆਂ ਇਹ ਨਹੀਂ ਸੀ ਪਤਾ ਚਲਦਾ ਕਿ ‘ਚਮਕੌਰ’ ਨਾਓਂ ਦਾ ਕੀ ਅਰਥ ਹੈ।ਪੜਦਿਆਂ ਫਿਰ ਮਾਲੂਮ ਹੋਇਆ ਕਿ ਚਮਕੌਰ ਦੀ ਗੜੀ ਤੋਂ ਹੀ ਸਾਡੇ ਲਈ ਇਹ ਨਿਵੇਕਲਾ ਤੇ ਅਰਥ ਭਰਪੂਰ ਨਾਓਂ ਬਣ ਗਿਆ। ਚਮਕੌਰ ਦੀ ਗੜੀ ਜਿਥੇ ਤਿੰਨ ਸੌ ਵੀਹ ਸਾਲ ਪਹਿਲਾਂ ਵਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਨੇ ਇਹ ਬੇਮਿਸਾਲ ਯੁਧ ਲੜਿਆ ,ਹੁਣ ਸ੍ਰੀ ਚਮਕੌਰ ਸਾਹਿਬ ਬਣ ਕੇ ਪੂਰੇ ਭਾਰਤ ਲਈ ਇਕ ਮੁਕਦਸ ਸਥਾਨ ਬਣ ਗਿਆ। ਇਸ ਅਸਾਵੇਂ ਯੁਧ ਨੇ ,ਯੁਧਾਂ ਦੇ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਦਿਤੀਆਂ।ਇਹ ਪਹਿਲਾ ਯੁਧ ਸੀ ਜਿਥੇ ਇਕ ਪਿਤਾ ਨੇ ਆਪਣੇ ਪੁਤਰਾਂ ਨੂੰ ਆਪ ਕਿਰਪਾਨ ਸਜਾ ਕੇ ਦੁਸ਼ਮਣ ਦੀਆਂ ਚਲਦੀਆਂ ਤਲਵਾਰਾਂ ਵਿਚ ਭੇਜਿਆ ਹੋਵੇ। ਆਲੇ ਦੁਆਲੇ ਹੁਣ ‘ਚਮਕੌਰ ਸਿੰਘ’ ਨਵੀਂ ਪੀੜੀ ਚ ਲਭਿਆਂ ਨੀ ਲੱਭਦੇ।

ਖਾਲਸਾ ਸਾਜਨਾ ਦੀ ਰਚਨਾ ਹੀ ਇਸ ਅਲੌਕਿਕ ਵਿਧੀ ਨਾਲ ਹੋਈ ਕਿ ਸੀਸ ਦੇਣ ਵਾਲੇ ਪੰਜ ਪਿਆਰੇ ਭਾਰਤ ਦੇ ਵਖ ਵਖ ਖਿਤਿਆਂ ਅਤੇ ਸਾਰੀਆਂ ਜਾਤਾਂ/ਧਰਮਾਂ ਵਿਚੋਂ ਸਨ। ਸ਼ੁਰੂਆਤ ਹੀ ਇਹੋ ਜਿਹੀ ਕ੍ਰਾਂਤੀਕਾਰੀ ਹੋਈ ਕਿ ਓਸ ਵਕਤ ਦੇ ਸਮਾਜ ਅਤੇ ਹਕੂਮਤ ਦਾ ਸ਼ਿਕਾਰ ਹੋਏ ਸਭ ਤੋਂ ਵਧ ਨਿਮਾਣੇ ਕਿਸਾਨ /ਮਜਦੂਰ ਪਹਿਲਾਂ ਖਾਲਸਾ ਪੰਥ ਵਿਚ ਸ਼ਾਮਲ ਹੋਏ। ਸਾਲ 1700,01,02,03ਅਤੇ ਸਾਲ 04 ਦੀ ਵਿਸਾਖੀ ਨੂੰ ਲਤਾੜੇ ਵਰਗ ਦੇ ਲੋਕ ਵਡੀ ਗਿਣਤੀ ਵਿਚ ਅੰਮ੍ਰਿਤਧਾਰੀ ਹੋ ਗਏ। ਸਾਲ 1705 ਦੀ ਵਿਸਾਖੀ ਵੇਲੇ ਗੁਰੂ ਸਾਹਿਬ ਦੀਨਾ ਕਾਂਗੜ ਸਨ। ਮੁਕਤਸਰ ਦੇ ਯੁਧ ਤੋਂ ਬਾਅਦ ਬਠਿੰਡੇ ਵਿਚਦੀ ਅਗਸਤ ਮਹੀਨੇ ਤਲਵੰਡੀ ਸਾਬੋ ਜਾ ਵਿਸ਼ਰਾਮ ਕੀਤਾ। ਅਗਲੀ 1706 ਦੀ ਵਿਸਾਖੀ ਤੇ ਦਮਦਮਾ ਸਾਹਿਬ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਗੁਰੂ ਦੇ ਲੜ ਲਗੇ।ਪੂਰਾ ਮਾਲਵਾ ਦਸ਼ਮ ਪਿਤਾ ਦਾ ਸ਼ਰਧਾਲੂ ਸਿਖ ਬਣ ਗਿਆ।

ਜ਼ੁਲਮ ਖਿਲਾਫ ਲੜਣ ਅਤੇ ਕੁਰਬਾਨ ਹੋਣ ਦੀ ਜਿਹੜੀ ਸਪਿਰਟ ਦਸ਼ਮ ਪਿਤਾ ਨੇ ਪੰਜਾਬੀਆਂ ਵਿਚ ਭਰ ਦਿਤੀ ਉਸਦਾ ਜਲੌਅ ਹੁਣ ਵੀ ਸਿੰਘੂ, ਟਿਕਰੀ ਅਤੇ ਸੰਭੂ ਬਾਰਡਰ ਤੇ ਨਜ਼ਰ ਆ ਰਿਹਾ ਹੈ। ਮਾਨਵਤਾ ਦੇ ਦਰਦ ਦੀ ਚੀਸ ਨੂੰ ਖਤਮ ਕਰਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਸਾਡੀ ਵਿਰਾਸਤ ਦਾ ਹਿਸਾ ਹੈ। ਆਪਣੇ ਪੁੱਤਰਾਂ ਨੂੰ ਹੱਥੀਂ ਤੋਰਨ ਵਾਲੇ ਜਰਨੈਲ ਗੁਰੂ ਅਤੇ ਬਾਲ ਸ਼ਹੀਦਾਂ ਅਗੇ ਬੇਹੱਦ ਸ਼ਰਧਾ ਨਾਲ ਸੀਸ ਝੁਕਾਓਂਦੇ ਹਾਂ।