1977 ਵਿਚ ਜਦ ਜਿੰਮੀ ਕਾਰਟਰ ਅਮਰੀਕਾ ਦਾ ਪ੍ਰਧਾਨ ਬਣਿਆ ਦੱਖਣੀ ਸੂਬਿਆਂ ਦੇ ਕਿਸਾਨ ਕਈ ਵਰਿਆਂ ਤੋਂ ਫਸਲਾਂ ਦੇ ਘਟ ਭਾਅ ਅਤੇ ਸਿਰ ਚੜੇ ਕਰਜਿਆਂ ਤੋਂ ਬਹੁਤ ਦੁਖੀ ਸਨ। ਘਟ ਆਮਦਨ ਅਤੇ ਬੈਂਕਾਂ ਦੀਆਂ ਕੁਰਕੀਆਂ ਤੋ ਅਕੇ ਹੋਏ – ਓਕਲਾਹਾਮਾ, ਕੋਲੋਰਾਡੋ,ਨਿਊ ਮੈਕਸੀਕੋ,ਟੈਕਸਾਸ ਅਤੇ ਕਾਨਸਾਸ ਸੂਬਿਆਂ ਦੇ ਕਿਸਾਨਾਂ ਫੈਸਲਾ ਕੀਤਾ ਕਿ ਖੇਤਾਂ ਚ ਕੁਸ਼ ਬੀਜਿਆ ਈ ਨਾ ਜਾਵੇ।ਓਸੇ ਸਾਲ ਫੈਡਰਲ ਸਰਕਾਰ ਵਲੋਂ ਫੂਡ ਐਂਡ ਐਗਰੀਕਲਚਰ ਐਕਟ1977 ਪਾਸ ਕਰਨ ਨਾਲ ਵੀ ਹਾਲਾਤ ਨਾ ਸੁਧਰੇ। ਹਾਲਾਂ ਜਿੰਮੀ ਕਾਰਟਰ ਜਾਰਜੀਆ ਸੂਬੇ ਦੇ ਕਿਸਾਨ ਪਰਿਵਾਰ ਚੋਂ ਸੀ ਪਰ ਖੇਤੀ ਉਪਜਾਂ ਦੇ ਡਿਗਦੇ ਭਾਅ ਅਤੇ ਕਰਜਿਆਂ ਕਾਰਨ ਕਿਸਾਨ ਅੰਦੋਲਨ ਹੋਰ ਵੀਹ ਸੂਬਿਆਂ ਚ ਫੈਲ ਗਿਆ।
ਉਪਜ ਦੀਆਂ ਕੀਮਤਾਂ ਨੂੰ ਸੌ ਪ੍ਰਤੀਸ਼ਤ ਲਾਗਤਾਂ ਅਤੇ ਮਹਿੰਗਾਈ ਨਾਲ ਜੋੜਣ ਲਈ ਕਿਸਾਨਾਂ ਨੇ ਸਤੰਬਰ ਮਹੀਨੇ ਦੋ ਹਜ਼ਾਰ ਟਰੈਕਟਰਾਂ ਤੇ ਚੜਕੇ ਖੇਤੀ ਬਾੜੀ ਮੰਤਰੀ ਨੂੰ ਘੇਰ ਲਿਆ।” Parity not Charity “ਉਨਾਂ ਦਾ ਨਾਅਰਾ ਸੀ। ਓਕਲਾਹਾਮਾ ਸਟੇਟ ਵਲੋਂ ਉਪਜ ਦੇ ਭਾਅ ਸੌ ਫੀ ਸਦੀ ਲਾਗਤਾਂ ਨਾਲ ਜੋੜਣ ਦਾ ਮਤਾ ਪਾਸ ਕਰਨ ਤੇ ਸਾਰੇ ਸੂਬਿਆਂ ਵਿਚ AAM ਅੰਦੋਲਨ ਫੈਲ ਗਿਆ।ਜਿੰਮੀ ਕਾਰਟਰ ਖੁਦ ਕਿਸਾਨੀ ਦੀ ਕੁਝ ਮਦਤ ਕਰਨੀ ਚਾਹੁੰਦਾ ਸੀ ਪਰ ਕਾਂਗਰਸ ਦੇ ਸਹਿਯੋਗ ਨਾਂ ਦੇਣ ਕਰਕੇ ਐਨਾ ਰੋਸ ਫੈਲ ਗਿਆ ਕਿ ਫਰਵਰੀ 1979 ਵਿਚ ਕਿਸਾਨ ਹਜਾਰਾਂ ਟਰੈਕਟਰ ਲੈ ਕੇ ਰਾਜਧਾਨੀ ਵਾਸ਼ਿੰਗਟਨ ਪਹੁੰਚਣ ਲਈ ਸੜਕਾਂ ਤੇ ਚਲ ਪਏ। ਹਜਾਰਾਂ ਮੀਲ ਤਹਿ ਕਰਕੇ ਟਰੈਕਟਰ ਰਾਜਧਾਨੀ ਵਾਈਟ ਹਾਊਸ ਦੀ ਬਾਊਂਡਰੀ ਨਾਲ ਲਿਆ ਖੜੇ ਕੀਤੇ। ਗੁਸੇ ਦੇ ਭਰੇ ਕਿਸਾਨ ਕੈਪੀਟੌਲ ਹਿਲ (ਸੰਸਦ) ਵਿਚ ਖੇਤੀਬਾੜੀ ਵਾਰੇ ਆਪਣੀ ਰਾਇ ਦਰਜ਼ ਕਰਾਉਣੀ ਚਹੁੰਦੇ ਸੀ।
ਕੁਦਰਤ ਦਾ ਕੁਸ਼ ਐਸਾ ਭਾਣਾ ਵਰਤਿਆ ਕਿ ਰਾਜਧਾਨੀ ਸ਼ਹਿਰ ਵਿਚ ਕਿਆਸ ਤੋਂ ਵਧ,24 ਇੰਚ ਇਕੋ ਰਾਤ ਬਰਫ ਪੈ ਗਈ। ਸਾਰਾ ਸਿਸਟਮ ਜਾਮ ਹੋ ਗਿਆ। ਹਸਪਤਾਲ ਪ੍ਰਬੰਧ, ਖਾਣ–ਪੀਣ ਦੇ ਇੰਤਜਾਂਮ ਅਤੇ ਸੜਕਾਂ ਬਰਫ ਨਾਲ ਭਰ ਗਈਆਂ। ਸਿਸਟਮ ਨੂੰ ਚਲਦਾ ਰਖਣ ਲਈ ਪੁਲਿਸ ਵਲੋਂ ਡਕੇ ਗਏ ਕਿਸਾਨਾਂ ਨੂੰ ਬੇਨਤੀ ਕੀਤੀ ਗਈ। ਟਰੈਕਟਰਾਂ ਨਾਲ ਕਿਸਾਨਾਂ ਵਲੋਂ ਬੜੀ ਮਿਹਨਤ ਨਾਲ ਬਰਫ ਹਟਾ ਕੇ ਫਸੇ ਲੋਕਾਂ ਨੂੰ ਘਰੋ ਘਰ ਪਹੁੰਚਿਆ ਗਿਆ। ਬਿਮਾਰਾਂ ਨੂੰ ਹਸਪਤਾਲ ਅਤੇ ਡਾਕਟਰ ,ਨਰਸਾ ਨੂੰ ਟਰੈਕਟਰਾਂ ਤੇ ਬਿਠਾ ਡਿਊਟੀ ਤੇ ਛਡਿਆ ਗਿਆ। ਕਿਸਾਨਾਂ ਦੀਆਂ ਔਰਤਾਂ ਨੇ ਲੰਗਰ ਲਗਾ ਕੇ ਭੁੱਖਿਆਂ ਤਕ ਖਾਣਾ ਪਹੁੰਚਾਇਆ। ਵਾਸ਼ਿੰਗਟਨ ਡੀ ਸੀ ਦੇ ਵਸ਼ਿੰਦਿਆਂ ਮਹਿਸੂਸ ਕੀਤਾ ਕਿ ਅਜਿਹੀ ਬਿਪਤਾ ਵਿਚ ਕਿਸੇ ਰਬੀ ਸ਼ਕਤੀ ਨੇ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਭੇਜਿਆ ਹੈ। ਸਰਕਾਰ ਵਲੋਂ ਕਿਸਾਨਾਂ ਦੀਆਂ ਕੁਰਕੀਆਂ ਹਮੇਸ਼ਾਂ ਲਈ ਬੰਦ ਕਰਕੇ ਖੇਤੀ ਬਾੜੀ ਮਨਿਸਟਰੀ ਵਿਚ ਸਲਾਹ ਮਸ਼ਵਰਾ ਦੇਣ ਲਈ ਵੀ ਕਿਸਾਨ ਪ੍ਤੀਨਿਧਾਂ ਨੂੰ ਨਾਮਜਾਦ ਕੀਤਾ ਗਿਆ। ਇਸ ਟਰੈਕਟਰਕੇਡ ਵਿਚ ਸ਼ਾਮਲ ਇਕ ਟਰੈਕਟਰ ਨੂੰ ਮਿਊਜ਼ੀਅਮ ਵਿਚ ਸੰਭਾਲ ਕੇ ਕਿਸਾਨ ਅੰਦੋਲਨ ਨੂੰ ਅਮਰੀਕਨ ਇਤਿਹਾਸ ਦੇ ਸੁਨਹਿਰੀ ਪੰਨੇ ਵਜੋਂ ਦਰਜ ਕੀਤਾ ਗਿਆ ਹੈ।
ਕਿੰਨਾ ਕੁਸ਼ ਰਲਦਾ ਹੈ ਅਮਰੀਕਨ ਟਰੈਕਟਰਕੇਡ ਨਾਲ ਸਾਡੇ ਸਿੰਘੂ ਬਾਰਡਰ ਤੇ ਚਲਣ ਵਾਲੀ ਟਰੈਕਟਰ ਪਰੇਡ ਦਾ! ਇਹ ਪਰੇਡ ਵਿਸ਼ਵ ਦੀ ਸਭ ਤੋਂ ਵਡੀ ਕਿਸਾਨ ਟਰੈਕਟਰ ਪਰੇਡ ਵਜੋਂ ਦਰਜ ਹੋਵੇਗੀ। ਪਰ ਨਾਲ ਈ,ਜੇ ਅਸੀਂ ਸਿਰ ਖੁਰਕ ਕੇ ਸੋਚੀਏ ਕਿ ਪਿਛਲੇ ਦੋ ਮਹੀਨਿਆਂ ਵਿਚ ਕਿੰਨੀ ਪੂੰਜੀ ਮਾਨਵ ਸਰੋਤ ਅਤੇ ਮਸ਼ੀਨਰੀ ਦੇ ਰੂਪ ਵਿਚ ਵੇਸਟ ਹੋਈ ਹੋਵੇਗੀ ਤਾਂ ਇਹ ਰਾਸ਼ੀ ਖਰਬਾਂ ਵਿਚ ਚਲੀ ਜਾਵੇਗੀ। ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਪਿਛੇ ਛਡ ਅਸੀਂ ਕਿਸਾਨਾਂ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਦੀ ਬਜਾਏ ਆਪਣੀ ਕੋਝੀ ਰਾਜਨੀਤੀ ਵਿਚ ਫਸ ਗਏ ਹਾਂ।
ਸਤਾਵਾਨ ਧਿਰਾਂ (power corridors) ਨੂੰ ਰਬ ਜਲਦੀ ਸੁਮਤ ਬਖਸ਼ੇ ਅਤੇ ਕਿਸਾਨਾਂ ਦੇ ਦੁਖਾਂ ਦਾ ਸੀਘਰ ਨਿਵਾਰਨ ਹੋਵੇ।