Home 9 Latest Articles 9 ਕਾਰਪੋਰੇਟਸ,ਖੇਤੀ ਅਤੇ ਕਿਸਾਨ

ਇਕ ਅਮਰੀਕਨ NASA ਵਿਗਿਆਨੀ ਡਾ ਬੇਦਬਰਾਤਾ ਪੇਨ ਕਿੰਨੇ ਹੀ ਖੋਜੀ ਪੇਟੇਟਾਂ ਦਾ ਮਾਲਕ, ਕਿਵੇਂ ਅਮਰੀਕਾ ਤੇ ਭਾਰਤ ਦੇ ਛੋਟੇ ਕਿਸਾਨਾਂ ਦੀ ਮੰਦੀ ਹਾਲਤ ਨੂੰ ਦਸਤਾਵੇਜੀ ਫਿਲਮ ਵਿਚ ਪੂਰੇ ਜਗਤ ਅਗੇ ਰਖਣ ਦੇ ਰਸਤੇ ਤੁਰ ਪਿਆ,ਇਕ ਅਨੋਖੀ ਮਿਸਾਲ ਹੈ। ਸਾਡੇ ਖੇਤੀ ਮਾਹਿਰ ਸ੍ਰੀ ਦਵਿੰਦਰ ਸ਼ਰਮਾ ਦੇ ਰਾਹੀਂ ਓਹ ਕਿਰਤੀ ਕਿਸਾਨ ਫੋਰਮ ਦੇ ਸੰਪਰਕ ਵਿਚ ਆਇਆ। ਜਦ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦਾ ਘਮਾਸਾਨ ਚਲ ਰਿਹਾ ਸੀ ਤਾਂ ਓਹ ਉਚੇਚੇ ਤੌਰ ਤੇ ਦਿੱਲੀ ਪਹੁੰਚਿਆ।ਠੰਡ ਅਤੇ ਕੋਰੇ ਵਿਚ ਫੌਲਾਦ ਦੀ ਤਰਾਂ ਡਟੇ ਕਿਸਾਨ ਕਰਮੀਆਂ ਦੀਆਂ ਬਹਾਦਰੀ ਭਰੀਆਂ ਤਸਵੀਰਾਂ ਉਤਾਰਦਿਆਂ ਉਸਨੇ ਅਮਰੀਕਨ ਐਗਰੀਕਲਚਰ ਮੂਵਮੈਂਟ ਦੇ ਕਿਸਾਨਾਂ ਨਾਲ ਮੁਕਾਬਲਾ ਕਰਦਿਆਂ ਸਾਡੇ ਕਿਸਾਨ ਅੰਦੋਲਨ ਨੂੰ ਬੇ ਮਿਸਾਲ ਦਸਿਆ ।

ਕਿਵੇੰ ਕਾਰਪੋਰੇਟਾਂ ਦੇ ਦਬਾਅ ਥਲੇ ਅਮਰੀਕਨ ਪ੍ਰਧਾਨ ਰੋਨਾਲਡ ਰੀਗਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਲਾਲਚ ਦਿਤਾ ਸੀ ਕਿ ਖੇਤੀ ਲਈ ਨਵੇਂ ਯੁਗ ਦਾ ਅਰੰਭ ਹੋ ਰਿਹਾ ਹੈ। ਭਵਿਖ ਵਿਚ ਕਿਸਾਨ ਹੋਰ ਸਮਰਥ ਹੋਣਗੇ। ਵਡੀ ਪੂੰਜੀ ਨਿਵੇਸ਼ ਨਾਲ ਬਣਾਇਆ ਬੁਨਿਆਦੀ ਢਾਚਾਂ ਕਿਸਾਨਾਂ ਦੀ ਆਰਥਿਕ ਤੰਗੀ ਖਤਮ ਕਰੇਗਾ। ਡਾ ਬੇਦਬਰਾਤਾ ਨੇ ਅਮਰੀਕਾ ਦੇ ਖੇਤੀ ਸੂਬਿਆ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨਾਲ ਜਦ ਮੁਲਾਕਾਤ ਕੀਤੀ ਤਾਂ ਮਾਯੂਸ ਹੋਏ ਕਿਸਾਨਾਂ ਨੇ ਦਸਿਆ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਆਤਮ ਹਤਿਆਵਾਂ ਦੀ ਦਰ ਦੁਗਣੀ ਹੋ ਗਈ ਹੈ। ਮਿਡ ਵੈਸਟ
ਦੇ ਇਕ ਪਸ਼ੂ ਪਾਲਕ ਨੇ ਆਰਥਿਕ ਤੰਗੀ ਕਾਰਣ ਆਪਣੀ ਦੋਨਾਲੀ ਨਾਲ ਪਹਿਲਾਂ ਸਵਾ ਸੌ ਗਊਆਂ ਮਾਰੀਆਂ ਅਤੇ ਫੇਰ ਖੁਦ ਨੂੰ ਗੋਲੀ ਮਾਰੀ।ਹਜਾਰਾਂ ਸੂਰ ਪਾਲਕ ਕਿਸਾਨ ਚੰਗਾਂ ਨਿਰਵਾਹ ਕਰਦੇ ਕਾਰਪੋਰੇਟਾਂ ਦੇ ਦਾਖਲੇ ਕਾਰਣ ਆਪਣਾ ਕਾਰੋਬਾਰ ਖਤਮ ਕਰ ਬੈਠੇ। ਕੰਟਰੀ ਸਾਈਡ ਤੇ ਢਠੇ ਗਊ ਸ਼ੈਡ ,ਸੂਰਾਂ ਦੇ ਖੁਡੇ ਅਤੇ ਕਿਸਾਨਾਂ ਦੇ ਖਾਲੀ ਤਬੇਲੇ ਬਰਬਾਦ ਹੋਈ ਕਿਸਾਨੀ ਦੀ ਮੁੰਹ ਬੋਲਦੀ ਤਸਵੀਰ ਹਨ।

ਹਰਪਾਲ ਟਿਵਾਣਾ ਐਡੀਟੋਰੀਅਮ ਵਿਚ ਜਦ ਕਲ ਇਹ ਫਿਲਮ ਉਸਨੇ ਸਕਰੀਨ ਕੀਤੀ ਤਾਂ ਸੈਕੜੇ ਹਾਜ਼ਰ ਕਿਸਾਨਾਂ ਨੇ ਨੀਝ ਤੇ ਬਿਰਤੀ ਨਾਲ ਇਸਨੂੰ ਵੇਖਿਆ।ਸਵਾਲਾਂ ਦੇ ਜਵਾਬ ਦਿੰਦਿਆਂ ਉਸਨੇ ਸਾਨੂੰ ਖਬਰਦਾਰ ਕਰਦਿਆਂ ਕਿਹਾ ਕਿ ਜੇਕਰ ਕਾਰਪੋਰੇਟਾਂ ਦਾ ਦਖਲ ਇਥੋਂ ਦੀ ਖੇਤੀ ਵਿਚ ਹੋਇਆ ਤਾਂ ਇਸਦੇ ਸਿਟੇ ਅਮਰੀਕਨ ਤਜਰਬੇ ਤੋਂ ਵੀ ਭੈੜੇ ਹੋਣਗੇ ਕਿਓਂਕਿ ਸਾਡੀ ਅਧਿਓਂ ਵਧ ਵਸੋਂ ਖੇਤੀਬਾੜੀ ਤੇ ਨਿਰਭਰ ਕਰਦੀ ਹੈ।

ਫੋਰਮ ਦੇ ਮੁਖੀ ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਵਲੋਂ ਡਾ ਬੇਦਬਰਾਤਾ ਦੀ ਬਣਾਈ ਦਸਤਾਵੇਜੀ ਫਿਲਮ ਦੀ ਭਰਪੂਰ ਪ੍ਰਸੰਸਾ ਕੀਤੀ। ਖੁਦ ਡਾ ਬੇਦਬਰਾਤਾ ਪੇਨ ਵਲੋਂ ਫਿਲਮ ਵੇਖਣ ਤੋਂ ਬਾਅਦ ਹਾਜਰ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦਿੰਦਿਆ ਦਸਿਆ ਕਿ ਜਦ ਅਮਰੀਕਨ ਖੇਤੀ ਬਾੜੀ ਨੂੰ ਓਸ ਵਕਤ ਦੀ ਸਰਕਾਰ ਵਲੋਂ ਕਾਰਪੋਰੇਟਾਂ ਲਈ ਖੋਲਿਆ ਗਿਆ ਸੀ ,ਕਿਸਾਨਾਂ ਨੂੰ ਆਰਥਿਕ ਤਰਕੀ ਦੇ ਸਰਸਬਜਬਾਗ ਅਤੇ ਸੁਪਨੇ ਵਿਖਾਏ ਗਏ ਸਨ ਪਰ ਪਿਛਲੇ ਪਜਾਹ ਸਾਲਾਂ ਵਿਚ ਅਮਰੀਕਨ ਕਿਸਾਨਾਂ ਦੀ ਆਤਮ ਹਤਿਆਵਾਂ ਦੀ ਦਰ ਦੁਗਣੀ ਹੋਈ ਹੈ ਅਤੇ ਓਨਾਂ ਨੂੰ ਮਜਬੂਰਨ ਆਪਣੇ ਫਾਰਮ ਛਡ ਕੇ ਸ਼ਹਿਰਾਂ ਨੂੰ ਭਜਣਾ ਪਿਆ।ਓਨਾਂ ਭਾਰਤੀ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਰਪੋਰੇਟ ਪ੍ਰਭਾਵਿਤ ਖੇਤੀ ਛੋਟੇ ਕਿਸਾਨਾਂ ਦੀ ਬਰਬਾਦੀ ਦਾ ਮੁਖ ਕਾਰਣ ਬਣੇਗੀ।

ਸਾਡੇ ਖੇਤੀ ਮਾਹਿਰ ਦਵਿੰਦਰ ਸ਼ਰਮਾਂ ਨੂੰ ਕਿਸਾਨ ਅੰਦੋਲਨ ਅਤੇ ਖੇਤੀ ਮਸਲਿਆਂ ਤੇ ਕੀਤੀ ਜਾ ਰਹੀ ਵਿਸ਼ੇਸ ਖੋਜ ਲਈ ਸਨਮਾਨਿਤ ਕੀਤਾ ਗਿਆ। ਆਪਣੀ ਸੰਖੇਪ ਤਕਰੀਰ ਵਿਚ ਓਨਾ ਕਿਹਾ ਕਿ ਕਿਸਾਨਾਂ ਨੂੰ ਸਾਰੀਆਂ 23 ਫਸਲਾਂ ਦੀ ਐਮ ਐਸ ਪੀ ਲਾਗੂ ਕਰਾਓਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਓਨਾਂ ਕਿਹਾ ਕਿ ਕਾਰਪੋਰੇਟਾਂ ਤੋਂ ਖੇਤੀ ਬਚਾਓਣ ਨਾਲ ਕੇਵਲ ਕਿਸਾਨ ਹੀ ਨਹੀਂ ਬਚਣਗੇ ਸਗੋਂ ਸਧਾਰਣ ਉਪਭੋਗੀ ਵੀ ਸੁਰੱਖਿਅਤ ਰਹੇਗਾ। ਕਾਰਪੋਰੇਟਾਂ ਹਥ ਖੇਤੀ ਆਓਣ ਤੇ ਕਰੋੜਾਂ ਭਾਰਤੀ ਗਰੀਬ ਪਰਿਵਾਰ ਦਾ ਜਿਓਣਾ ਹੋਰ ਵੀ ਦੁਭਰ ਹੋ ਜਾਵੇਗਾ।

ਹਰ ਸਰਕਾਰ ਤੇ ਵਪਾਰਕ ਕੰਪਨੀਆਂ ਦਾ ਐਨਾ ਦਬ ਦਬਾ ਹੈ ਕਿ ਖੁਦ ਸਰਕਾਰਾਂ ਕਾਰਪੋਰੇਟਾਂ ਦੇ ਹਿੱਤ ਪੂਰਨ ਵਾਲੀਆਂ ਨੀਤੀਆਂ ਨੂੰ ਲੋਕ ਲਭਾਊ ਸ਼ਬਦਾਂ ਵਿਚ ਲਪੇਟ ਕੇ ਪਰੋਸਣ ਵਿਚ ਕਾਮਯਾਬ ਰਹਿੰਦੀਆਂ ਹਨ। ਸਧਾਰਣ ਆਦਮੀ ਦੀ ਗਲ ਛਡੋ ਇਹਦੀ ਸਮਝ ਤਾਂ ਪੜੇ ਲਿਖਿਆਂ ਦੀ ਮਤ ਤੋਂ ਪਰਾਂ ਦੀ ਲੰਘਦੀ ਐ।
ਪੰਜਾਬ ਦਾ ਕਿਸਾਨ ਆਪਣੀ ਧਰਤੀ ਨਾਲ ਅੰਤਾਂ ਦਾ ਮੋਹ ਕਰਦਾ ਹੈ। ਮਜਬੂਰਨ ਪ੍ਰਵਾਸ ਕਰ ਰਹੇ ਪਰਿਵਾਰ ਜਦ ਆਪਣੀ ਜਦੀ ਜਮੀਨ ਵੇਚਦੇ ਹਨ ਤਾਂ ਓਨਾਂ ਦੀ ਮਯੂਸੀ ਅਤੇ ਅਖਾਂ ਵਿਚ ਉਦਾਸੀ ਸਾਫ ਝਲਕਦੀ ਹੈ। ਸਹਿਕਾਰੀ ਢੰਗ ਨਾਲ ਖੇਤੀ ਨੂੰ ਥੋੜੀ ਮੁਨਾਫੇ ਵਾਲੀ ਬਣਾ ਕੇ ਪੰਜਾਬੀਆਂ ਦੇ ਉਜਾੜੇ ਨੂੰ ਠੱਲ੍ਹਣ ਦੀ ਲੋੜ ਐ।