Home 9 Latest Articles 9 ਖੇਤੀਬਾੜੀ ਦਾ ਧੰਦਾ ਸਾਰੀ ਦੁਨੀਆਂ ਤੇ ਈ ਘਾਟੇ ਵਾਲਾ ਹੈ

ਖੇਤੀਬਾੜੀ ਦਾ ਧੰਦਾ ਸਾਰੀ ਦੁਨੀਆਂ ਤੇ ਈ ਘਾਟੇ ਵਾਲਾ ਹੈ। ਨਾਰਥ ਅਮਰੀਕਾ ਵਿਚ ਵੀ ਜੇਕਰ ਕਿਸੇ ਪਾਸੇ ਪੁਰਾਣੇ ਜੌਂਗੇ ਵਾਲਾ ਕੋਈ ਨਜ਼ਰ ਆਉਂਦੈ ਤਾਂ ਸਮਝੋ ਕਿ ਓਹ ਕਿਸਾਨ ਹੈ।

ਰੋਪੜ ਡੀ ਸੀ ਹੁੰਦਿਆ (2010-12)ਮੈਨੂੰ ਸਾਉਣੀ ਦੇ ਕਿਸਾਨ ਮੇਲੇ ਦੇ ਉਦਘਾਟਨ ਸਮਾਰੋਹ ਲਈ ਬੁਲਾਇਆ ਗਿਆ।  ਪਹੁੰਚਦਿਆਂ , ਮੈਂ ਦੇਖਿਆ ਕਿ ਜਿਸ ਜਗਾ ਇਹ ਮੇਲਾ ਲਗਿਆ ਸੀ ਉਸ ਪਾਰਕਿੰਗ ਵਿਚ ਸਾਧਾਰਣ ਜਹੀਆਂ ਕਾਰਾ ਜੀਪਾਂ ਅਤੇ ਬਹੁਤੇ ਦੋ ਪਈਆਂ ਵਾਹਨ ਸਨ। ਖੇਤੀ ਬਾੜੀ ਅਫਸਰ ਮਿਸਟਰ ਸੋਹਲ ਨੂੰ ਮੈਂ ਕਿਹਾ ਕਿ ਦੇਖੋ ਸਾਡੇ ਕਿਸਾਨਾਂ ਦੀ ਹਾਲਤ ਮੇਲੇ ਦੇ ਬਾਹਰੋਂ ਹੀ ਪਤਾ ਚਲ ਰਹੀ ਹੈ। ਓਹ ਗਲ ਨੂੰ ਹੋਰ ਚੰਗੀ ਤਰਾਂ ਸਮਝਣ ਲਈ ਮੇਰੇ ਚੇਹਰੇ ਵਲ ਵੇਖਣ ਲਗਾ। ਮੈ ਕਿਹਾਸੋਹਲ ਸਾਹਿਬ ਜੇ ਐਥੇ ਸਨਅਤਕਾਰਾਂ ਜਾਂ ਬਿਲਡਰਾਂ ਦਾ ਕੋਈ ਸਮਾਗਮ ਹੁੰਦਾ ਫਿਰ ਦੇਖਦੇ ਕਿਵੇਂ ਬੀ ਐਮ ਡਬਲਿਊ ਅਤੇ ਔਡੀ ਕਾਰਾਂ ਦਾ ਧੱਕਾ ਪੈਣਾ ਸੀ। 

ਸਮਾਰੋਹ ਇਕ ਪੁਰਾਣੇ ਜਿਹੇ ਮੈਰਿਜ ਪੈਲੇਸ ਦੇ ਹਾਲ ਵਿਚ ਸੀ ਸਟੇਜ ਤੇ ਚੜਦਿਆਂ ਹੀ ਮੈਂ ਫਤਹਿ ਬੁਲਾ ਕੇ ਕੁਰਸੀ ਤੇ ਬੈਠਦਿਆਂ ਨਜ਼ਰ ਮਾਰੀ ਤਾਂ ਮੈਨੂੰ ਇਕ ਹਜਾਰ ਵਾਲੇ ਇਕੱਠ ਵਿਚ ਇਕ ਵੀ ਔਰਤ ਨਜਰ ਨਹੀਂ ਆਈ ਨੌਜਵਾਨ  ਵੀ ਘਟ ਸਨ। ਜਿਹੜੇ ਸੀ , ਓਹ ਘਟ ਪੜੇ ਲਿਖੇ ਲਗਦੇ ਸਨ। ਕਿਸਾਨਾਂ ਦੇ ਚੇਹਰੇ ਤੇ ਕੋਈ ਰੌਣਕ ਜਾਂ ਖੁਸ਼ੀ ਨਹੀ ਸੀ। ਲਗਦਾ ਸੀ ਕਿ ਓਹ ਮਹਿਕਮੇਂ ਦੇ ਕਹੇ ਕਹਾਏ ਛਿਮਾਹੀ ਜਾਬਤਾ ਪੂਰਤੀ  ਲਈ ਪਹੰਚੇ ਹਨ। ਮੈਂ ਸੋਚ ਰਿਹਾ ਸੀ  ਕਿ ਕੀ ਕਿਸਾਨੀ ਦਾ ਕੰਮ ਕਰਨ ਵਾਲਿਆਂ ਆਪਣੀ ਚੋਣ ਨਾਲ ਇਸ ਕਿਤੇ ਨੂੰ ਅਪਣਾਇਆ ਹੈ ? ਮੇਰੇ ਅੰਦਰੋ ਜਵਾਬ ਆਇਆ , ਨਹੀ। ਬਹੁਤੇ ਕਿਸਾਨਾਂ ਦੇ ਮੁੰਡੇ ਇਸ ਕਰਕੇ ਹੀ ਕਿਸਾਨ ਹਨ ਕਿ ਓਨਾਂ ਦੇ ਬਾਪੂ ਖੇਤੀ ਕਰਦੇ ਸਨ। ਨਵੀਂ ਪੀੜੀ ਨੂੰ ਅਸੀਂ ਖੇਤੀ ਚੋਂ ਕਢ ਕੇ ਨਵੇਂ ਧੰਦਿਆਂ ਵਿਚ ਪਓਣ ਲਈ ਹੁਨਰਮੰਦ ਨਹੀ ਬਣਾ ਸਕੇ। ਲਿਹਾਜ਼ਾ ਸਾਡੀ ਖੇਤੀ ਘਾਟੇ ਦਾ ਕੰਮ ਬਣ ਗਈ ਇਸ ਮੇਲੇ ਨੂੰ ਸੰਬੋਧਨ ਕਰਦਿਆਂ ਮੈਂ ਕਿਹਾ ਕਿ ਮੈਨੂੰ ਆਪਣੀ ਕਿਤਾਬ ਦਾ ਸਿਰਲੇਖ ਇਸ ਮੇਲੇ ਚੋਂ ਮਿਲ ਗਿਆ ਹੈ,” ਹਰੀ ਕ੍ਰਾਂਤੀ ਦੀ ਉਪਜ ,ਉਦਾਸ ਚੇਹਰੇ ਵਾਸਤਿਵ ਵਿਚ ਕਿਸਾਨਾਂ ਦੇ ਚੇਹਰੇ ਅਸੀਂ ਹਮੇਸ਼ਾ ਉਦਾਸ ਹੀ ਵੇਖਦੇ ਹਾਂ।

ਦੋ ਵਰੇ ਪਹਿਲਾਂ ਪਟਿਆਲੇ ਦੇ ਪਿੰਡ ਮੰਜਾਲ ਖੁਰਦ ਦੇ ਕਿਸਾਨਾਂ ਦੇ ਛੋਟੇ ਜਿਹੇ ਇਕੱਠ ਵਿਚ ਖੂਬਸੂਰਤ ਅਤੇ ਰੌਣਕ ਵਾਲੇ ਚੇਹਰੇ ਦੇਖਣ ਨੂੰ ਮਿਲੇ। ਇਕ ਵਾਰੀ ਡੀ ਸੀ(ਪਟਿਆਲਾ) ਹੁੰਦਿਆਂ ਮੈ ਸਾਰੇ ਜਿਲਾ ਅਧਿਕਾਰੀਆਂ ਨੂੰ ਇਸ ਫਾਰਮ ਤੇ ਆਓਟ ਡੋਰ ਖੇਤੀ ਬਾੜੀ ਮੀਟਿੰਗ ਲਈ ਲਿਆਇਆ ਸੀ। ਇਹ ਮੀਟਿੰਗ ਅਸਲੀ ਖੇਤੀਬਾੜੀ ਦੀ ਮੀਟਿੰਗ ਹੋ ਨਿਬੜੀ। ਸਚ ਮੰਨੋ ਜਾਂ ਨਾ , ਅਸੀਂ ਵੇਖਿਆ ਕਿ ਗੁਰਪ੍ਰੀਤ ਸ਼ੇਰਗਿੱਲ ਦੇ ਫਾਰਮ ਤੇ ਗੁਲਾਬ ਤਿਆਰ ਕਰਕੇ ਤਾਜੇ ਹੋਰ ਫੁਲਾਂ ਨਾਲ ਸ਼ਹਿਰ ਭੇਜੇ ਜਾਂਦੇ ਹਨ ਜਿਹੜੇ ਅਗੋਂ ਖੂਬਸੂਰਤ ਵਿਆਹ ਸਮਾਗਮਾਂ ਅਤੇ ਜਨਮ ਦਿਨਾਂ ਦੀਆਂ ਰੌਣਕਾਂ ਦਾ ਸ਼ਿੰਗਾਰ ਬਣਦੇ ਹਨ। ਗੁਲਾਬ ਤੋਂ ਅਰਕ ਤਿਆਰ ਕਰਕੇ ਬਿਊਟੀਸ਼ਨਾ ਦੇ ਕਾਰੋਬਾਰ ਲਈ ਪੈਕ ਕਰਕੇ ਭੇਜਿਆ ਜਾਂਦਾ ਹੈ।ਹੁਣ ਤਾਂ ਗੁਲਾਬ ਰਸ ਤੋਂ ਰੂਹਅਫਜ਼ਾ ਬੰਦ ਬੋਤਲਾਂ ਚ ਮਾਰਕੀਟ ਕੀਤਾ ਜਾਂਦਾ ਹੈ।ਕੋਈ ਵੀਹ ਸਾਲ ਪਹਿਲਾਂ ਖੇਤੀ ਦੇ ਇਸ ਬਦਲਾਅ ਨੂੰ ਪੂਰੇ ਸ਼ੇਰਗਿੱਲ ਪਰਿਵਾਰ ਨੇ ਨਿੱਠ ਨਿੱਠ ਕੇ ਸਿਰੇ ਚਾੜਿਆ। ਪੂਰੇ ਇਲਾਕੇ ਵਿਚ ਖੇਤੀ ਦੀ ਇਸ ਵਿਭਿੰਨਤਾ ਦੀ ਚਰਚਾ ਹੋ ਰਹੀ ਹੈ। ਕਣਕਝੋਨੇ ਦੇ ਚੱਕਰਵਿਊ ਵਿਚੋਂ ਨਿਕਲਣ ਲਈ ਇਸ ਕਿਸਮ ਦਾ ਹੰਭਲਾ ਸਾਨੂੰ ਸਾਰਿਆਂ ਨੂੰ ਮਾਰਨਾ ਪਵੇਗਾ। ਕਿੰਨੇ ਹੀ ਕੰਮ ਨੇ ਜਿਹੜੇ ਸਾਡੇ ਲਈ ਰੋਜ਼ਾਨਾ ਕਮਾਈ ਦਾ ਸਾਧਨ ਬਣ ਸਕਦੇ ਹਨ। ਸ਼ੇਰਗਿੱਲ ਪਰਿਵਾਰ ਸਾਡੇ ਸਾਰਿਆਂ ਲਈ ਪ੍ਰੇਰਨਾ ਸ੍ਰੋਤ ਅਤੇ ਨਮੂਨਾ ਹੈ।

ਖੇਤੀ ਕਨੂੰਨਾਂ ਦੇ ਪਾਸ ਹੋਣ ਤੋਂ ਬਾਅਦ ਇਨਾਂ ਦੇ ਭਵਿੱਖੀ ਮਾੜੇ ਅਸਰਾਂ ਨੂੰ ਭਾਂਪਦਿਆਂ ਕਿਸਾਨੀ ਵਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੇਵਲ ਅਨਾਜ ਪੈਦਾ ਕਰਨ ਵਾਲਾ ਹੀ ਨਹੀਂ,ਖਾਣ ਵਾਲਾ ਸਧਾਰਨ ਆਦਮੀ ਵੀ ਖੇਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਦੇ ਮਾਰੂ ਅਸਰ ਤੋਂ ਨਹੀਂ ਬਚ ਪਾਵੇਗਾ। ਕਿਰਤੀ ,ਕਿਸਾਨ ਅਤੇ ਮਧ ਵਰਗ ਤੋਂ ਥਲੇ ਸਾਰੇ ਸ਼ਹਿਰੀ ਲੋਕ ਕਾਰਪੋਰੇਟ ਉਤਪਾਦਾਂ ਦੀ ਮਹਿੰਗੀ ਲਫਾਫੇਬਾਜੀ ਚ ਫਸ ਜਾਣਗੇ। ਹੁਣ ਮਿਲਣ ਵਾਲਾ ਚੋਂਦਾ ਦੁਧ, ਖੇਤ ਦੀਆਂ ਤਾਜ਼ੀਆਂ ਸਬਜੀਆਂ, ਫੁਟਪਾਥ ਵਾਲੀ ਗਰਮ ਮੂੰਗਫਲੀ ਅਤੇ ਤਾਜ਼ੀਆਂ ਭੁੰਨੀਆਂ ਜਾ ਰਹੀਆਂ ਮਕੀ ਦੀਆਂ ਛਲੀਆਂ ਇਓਂ ਨਹੀਂ ਮਿਲਣਗੀਆਂ। ਖਾਣ ਵਾਲੀਆਂ ਇੰਨਾਂ ਵਸਤਾਂ ਲਈ ਚੌਗਣੇਂ ਮੁਲ ਤਾਰਨੇ ਪੈਣਗੇ।ਆਓ ਸਾਰੇ ਰਲ ਕੇ ਕਿਰਤੀ /ਕਿਸਾਨ ਦੀ ਬਾਂਹ ਫੜੀਏ   ਅਤੇ ਮੁੜ  ਕਿਸਾਨੀ ਦਾ ਗੌਰਵ ਅਤੇ ਖੁਸ਼ਹਾਲੀ ਬਹਾਲ ਕਰਨ ਚ ਯੋਗਦਾਨ ਪਾਈਏ।