Home 9 Latest Articles 9 ਫਗਣ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼
 
 ਬਾਰਹ -ਮਾਹਾ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਉਪਦੇਸ਼ ਦਿਤਾ ਗਿਆ ਹੈ—
 
  ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਗਟੇ ਆਇ।।
  ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਇ।।
  ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ।।
  ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ।।
 
 ਪੋਹ ਮਾਘ ਦੀ ਸੀਤ ਅਤੇ ਕੋਹਰੇ ਵਾਲੀ ਠੰਡ ਤੋਂ ਨਿਜ਼ਾਤ  ਲਈ ਫਗਣ ਮੁਕਤੀ ਦਾਤਾ ਬਣਦਾ ਹੈ।ਗੁਰਬਾਣੀ ਵਿਚ ਸੋਗੀ ਮਨੁੱਖੀ ਜਿੰਦੜੀ ਦਾ ਪ੍ਰਭੂ ਮਿਲਨ ਨਾਲ ਅਨੰਦ ਦੀ ਅਵਸਥਾ ਲਈ ਫਗਣ ਮਹੀਨੇ ਦੀ ਸ਼ੁਰੂਆਤ ਨੂੰ ਪ੍ਰਤੀਕਾਤਮਕ ਮੰਨਿਆ ਗਿਆ ਹੈ।
 
ਉੱਤਰੀ ਭਾਰਤ ਵਿਚ ਲੋਹੜੇ ਦੀ ਠੰਡ ਨਾਲ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਘਰੇਲੂ ਪਸ਼ੂ,ਜਾਨਵਰ ਅਤੇ ਪੰਛੀ ਫਗਣ ਦੀਆਂ ਨਿਘੀਆਂ ਸੂਰਜ ਦੀਆਂ ਕਿਰਨਾਂ ਨੂੰ ਬੇਸਬਰੀ ਨਾਲ ਉਡੀਕਦੇ ਹਨ। ਫਗਣ ਚੜਣ ਸਾਰ ਸਾਰੇ ਪਾਸੇ ਸਰੋਂ ਦੇ ਬਸੰਤੀ ਪੀਲੇ ਫੁਲ ਹਰੀਆਂ ਕਣਕਾਂ ਵਿਚ ਖੂਬਸੂਰਤ ਦ੍ਰਿਸ਼ ਬਣਾਉਂਦੇ ਹਨ। ਸ਼ਹਿਰੀ ਪਾਰਕਾਂ ਵਿਚ ਫੁਲਾਂ ਦੀਆਂ ਰੰਗ ਬਰੰਗੀਆਂ ਕਿਆਰੀਆਂ ਦਿਲਕਸ਼ ਲੈਂਡਸਕੇਪ ਸਿਰਜਦੀਆਂ ਹਨ। ਨਿੱਘੀ ਧੁੱਪ ਵਿਚ ਖੇਤ ਜਾਕੇ ਗੰਨੇ ਚੂਪਣ ਦਾ ਅਨੰਦ ਘਰ ਬੈਠਿਆਂ ਮਹਿਸੂਸ ਨਹੀਂ ਕੀਤਾ ਜਾ ਸਕਦਾ। ਪਿੰਡਾਂ ਵਿਚ ਗੁੜ ਬਨਾਓਣ ਲਈ ਘੁਲਾੜੀਆਂ ਤੇ ਵਾਰੀ ਲੈਣੀ ਮੁਸ਼ਕਲ ਹੋ ਜਾਂਦੀ ਹੈ। ਇਸ ਮਹੀਨੇ ਕਿਸਾਨ ਆਪਣੀ ਵਿਹਲ ਨਾਲ ਕਬੀਲਦਾਰੀ ਨਾਲ ਜੁੜੇ ਹੋਰ ਕੰਮ ਵਿਓਂਤਣੇ ਸ਼ੁਰੂ ਕਰ ਦਿੰਦਾ ਹੈ। ਅਗਲੇ ਚੇਤ ਮਹੀਨੇ ਤਕ ਜ਼ਿੰਦਗੀ ਦੇ ਹੋਰ ਧੰਦੇ ਨਿਪਟਾ ਕੇ ਚੜਦੇ  ਵਿਸਾਖ ਹਾੜੀ ਦੀ ਤਿਆਰੀ ਵਿਚ ਜੁਟ ਜਾਦਾ ਹੈ।
 
ਫਗਣ ਮਹੀਨੇ ਦੀ ਆਮਦ ਠੰਡ ਦੇ ਖਾਤਮੇ ਦੀ ਨਿਸ਼ਾਨੀ ਹੈ। ਖੇਤ ਖਲਵਾੜ ਸੂਰਜ ਦੇ ਨਿਘ ਵਿਚ ਨਵੀ ਅੰਗੜਾਈ ਲੈਂਦੇ ਹਨ। ਕਣਕ ,ਸਰੋਂ ਅਤੇ ਹਾੜੀ ਦੀਆਂ ਹੋਰ ਫਸਲਾਂ ਤੇ ਨਿਤ ਨਵਾਂ ਪੂਰ ਆੳਂਦਾ ਹੈ। ਦੇਵਤਾ ਰੂਪ  ਕਿਸਾਨ ਫਸਲਾਂ ਵੇਖ ਕੇ ਖੁਸ਼ ਹੁੰਦਾ ਹੈ ਪਰ ਸਮੇਂ ਨੇ ਕਿਸਾਨ ਅਤੇ ਮਜ਼ਦੂਰ ਦਾ ਸਾਥ ਨਹੀਂ ਦਿਤਾ। ਅਜੇ ਵੀ ਮਾਲੀ ਹਾਲਤ ਸਭ ਤੋਂ ਵਧ ਇਸੇ ਵਰਗ ਦੀ ਮਾੜੀ ਹੈ। ਹਢ ਭੰਨਵੀਂ ਮਿਹਨਤ ਕਰਨ ਦੇ ਬਾਵਜ਼ੂਦ ਆਰਥਿਕ ਤੰਗੀਆਂ ਨੇ ਘੇਰ ਰਖਿਆ ਹੈ।ਪੂਰੇ ਉਤਰੀ ਭਾਰਤ ਦੇ ਕਿਸਾਨਾਂ ਵਿਚ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕਈ ਮਹੀਨਿਆਂ ਤੋਂ ਠੁਰ ਠੁਰ ਕਰਦੇ ਦਿੱਲੀ ਹਕੂਮਤ ਦੀਆਂ ਬਰੂਹਾਂ ਤੇ ਬੈਠਣ ਤੋਂ ਬਾਅਦ ਵੀ ਨਿਰਾਸ਼ਤਾ ਹੈ। ਚੋਣਾਂ ਦੀ ਤਿਕੜਮਬਾਜ਼ੀ ਅਤੇ ਮੁਦੇ ਰਹਿਤ ਗੰਧਲੀ ਸਿਆਸਤ ਵਿਚ ਕਿਰਤੀ ਕਿਸਾਨ ਮੁੜ ਹਾਸ਼ੀਏ ਤੇ ਧਕੇ ਮਹਿਸੂਸ ਕਰ ਰਹੇ ਹਨ।
 
ਦਹਾਕਿਆਂ ਤੋਂ ਕਿਰਤੀ/ਕਿਸਾਨਾਂ ਨੂੰ ਅਣਡਿੱਠ ਕਰਨ ਵਾਲਾ ਰਾਜ ਪ੍ਰਬੰਧ ਲੋਕ ਰੋਹ ਅਗੇ ਆਪਣੇ ਤਿਲਕਦੇ ਪੈਰ ਅੜਾਓਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਖਪ ਪੰਚਾਇਤਾਂ ਅਤੇ ਸਮਾਜ ਦੇ ਲਤਾੜੇ ਵਰਗਾਂ ਦੇ ਸੰਘਰਸ਼ ਵਿਚੋਂ ਕਿਸਾਨ-ਮਜਦੂਰ ਪਖੀ ਨਵੀਂ ਲੀਡਰਸ਼ਿਪ ਦਾ ਅਗਾਜ਼ ਹੋਣ ਦੀਆਂ ਸੰਭਾਵਨਾਵਾਂ ਨੂੰ ਹਾਲ ਦੀ ਘੜੀ ਕਾਰਪੋਰੇਟ ਅਤੇ ਸਿਆਸਤਦਾਨਾਂ ਦੇ ਜੁੰਗਲ ਨੇ ਗੋਦੀ ਮੀਡੀਆ ਦੀ ਮਦਦ ਨਾਲ ਠਲ ਲਿਆ ਲਗਦਾ ਹੈ। ਕੀ ਪੋਹ ਮਾਘ ਦਾ ਠਕਾ ਫਗਣ ਦੇ ਸੂਰਜ ਨੂੰ ਉਦੈ ਹੋਣ ਤੋਂ ਰੋਕ ਸਕਦਾ ਹੈ? ਕੀ ਸਰੋਂ ਦੇ ਖੇਤਾਂ ਨੂੰ ਬਸੰਤੀ ਰੰਗ ਵਿਚ ਖਿੜਣ ਤੋਂ ਕੋਈ ਜਾਬਰ ਹਕੂਮਤ ਰੋਕ ਸਕਦੀ ਹੈ? ਨਹੀਂ, ਕੋਈ ਨਿਰੁੰਕੁਸ਼ ਸਾਸ਼ਕ ਵੀ ਕਿਰਤੀਆਂ  ਦੇ  ਮੌਲਿਕ ਅਤੇ ਚੰਗਾ  ਜਿਓਣ ਦੇ ਹੱਕਾਂ ਨੂੰ  ਨਹੀਂ ਖੋਹ  ਸਕਦਾ।
 
ਮਿਹਨਤਕਸ਼ ਲੋਕਾਂ ਦੇ ਚੇਹਰੇ ਤੇ ਫਗਣ ਮਾਂਹ ਮੁਸਕਰਾਹਟ ਲਿਆਵੇ, ਇਹੀ ਸਾਡੀ ਸਾਰਿਆਂ ਦੀ ਦੁਆ ਹੈ।