ਜਦ ਰਬ ਨੇ ਕੰਮਾਂ ਦੀ ਵੰਡ ਕਰਦਿਆਂ ਲੋਕਾਂ ਦਾ ਢਿੱਡ ਭਰਨ ਦਾ ਕਿੱਤਾ ਦੇਣਾ ਸੀ ਤਾ ਪਤਾ ਨੀ ਕਿਵੇਂ ਮੈਂ ਵਡਿਆਈ ਚ ਆ ਕੇ ਤੰਗਲੀ ਮੋਢੇ ਤੇ ਰਖ ਇਹ ਜਿੰਮੇਵਾਰੀ ਲੈ ਲਈ ਕਿ ਹੁਣ ਇਹ ਲਾਹਿਆਂ ਵੀ ਨੀ ਲਹਿੰਦੀ। ਗਰਮੀ-ਸਰਦੀ ਨੰਗੇ ਪੈਰ ,ਸੱਪਾਂ ਦੀਆਂ ਸਿਰੀਆਂ ਮਿਧਦਿਆਂ ਮੈਂ ਕਿਵੇਂ ਅਨਾਜ ਪੈਦਾ ਕਰਦਾਂ, ਇਹ ਤਾਂ ਰਬ ਈ ਜਾਣਦਾ। ਮੇਰੀ ਜੀਵਨ -ਗਾਥਾ ਸੁਣ ਕੇ ਤੁਹਾਨੂੰ ਰੋਣ ਆ ਜਾਊਗਾ ਪਰ ਤੁਸੀਂ ਮੇਰਾ ਏਸ ਕੰਮ ਤੋਂ ਖਹਿੜਾ ਫਿਰ ਵੀ ਨੀ ਛੁਡਾਉਣਾ ਕਿਓਂਕਿ ਇਹ ਮੁਨਾਫੇ ਵਾਲਾ ਕਿਤਾ ਨਹੀਂ ਹੈ ।

ਬਹੁਤਾ ਪਿਛੇ ਤਾ ਨਹੀਂ ਜਾਂਦਾ ,ਪਰ ਮੇਰੀ ਸਭ ਤੋ ਪਹਿਲਾਂ ਬਾਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਫੜੀ ਸੀ। ਖਾਲਸਾ ਰਾਜ ਕਾਇਮ ਕਰਕੇ ਭੋਇੰ ਤੇ ਖੇਤੀ ਕਰਨ ਦਾ ਹਕ ਦਿੱਤਾ।ਜਦ ਅੰਗਰੇਜ ਆਇਆ ਤਾਂ ਵਧੀ ਵਸੋਂ ਦਾ ਢਿੱਡ ਭਰਨ ਲਈ ਮੈਨੂੰ ਬੰਜਰ ਜ਼ਮੀਨਾਂ ਅਬਾਦ ਕਰਨ ਲਈ ਦੂਰ ਬਾਰ ਚ ਭੇਜ ਦਿਤਾ।ਅੰਗਰੇਜ਼ਾਂ ਨੂੰ ਦੇਸ਼ੋਂ ਬਾਹਰ ਕਢਣ ਲਈ “ਪਗੜੀ ਸੰਭਾਲ ਓ ਜਟਾ” ਦਾ ਇਹੋ ਜਿਹਾ ਨਾਹਰਾ ਦਿਤਾ ਕਿ ਮੈਂ ਫਾਂਸੀ ਚੜਨ ਵਾਲਿਆਂ ਚ ਵੀ ਮੈਂ ਮੂਹਰੇ ਹੋ ਖੜਾ। ਫਿਰਕੂ ਨੀਤੀਆਂ ਨੇ ਫਿਰ ਮੇਰਾ ਘਰ ਬਾਰ ਉਜਾੜ ਕੇ ਚੜਦੇ ਪੰਜਾਬ ਚ ਸੁਟ ਦਿਤਾ। ਬਾਹਰੋਂ ਅਨਾਜ ਖਰੀਦਣ ਲਈ ਜਿਹੜੇ ਹਾੜੇ ਕਢਦੇ ਸੀ ਓਨਾਂ ਦੀ ਤਰਸ ਯੋਗ ਹਾਲਤ ਵੇਖ ਮੈਂ ਹਰੀ ਕਰਾਂਤੀ ਲਿਆਉਣ ਚ ਦਿਨ ਰਾਤ ਲਾ ਦਿਤਾ। ਨਾ ਜੁਆਕਾਂ ਦੀ ਪੜਾਈ ਵਲ ਵੇਖਿਆ ਨਾ ਘਰਦਿਆਂ ਦੇ ਸੁਖ ਅਰਾਮ ਵਲ। ਜਦ ਕਦੀ ਧਰਮਯੁਧ ਮੋਰਚੇ ਵਾਲਿਆਂ ਹੋਕਾ ਦਿਤਾ,ਮੈਂ ਮੂਹਰੇ ਹੋ ਕੇ ਸੂਬੇ ਲਈ ਜੇਲਾਂ ਭਰਨ ਚ ਸ਼ਾਮਲ ਹੋ ਗਿਆ। ਅੱਤਵਾਦ ਨੇ ਮੇਰੇ ਨੌਜਵਾਨ ਮੁੰਡਿਆਂ ਨੂੰ ਖਾ ਲਿਆ।

ਵੰਡ ਦਰ ਵੰਡ ਮੇਰੀ ਜਮੀਨ ਕਿਲੇ- ਦੋ -ਕਿਲਿਆਂ ਤਕ ਰਹਿ ਗੀ। ਹੁਣ ਹਰੀ ਕਰਾਂਤੀ ਵਾਲੇ ਵੀ ਪਲਾ ਨੀ ਫੜਾਓਂਦੇ। ਰਸਾਇਣਕ ਖਾਦਾਂ ਤੇ ਕੀਟ ਨਾਸ਼ਕਾਂ ਦੇ ਚੱਕਰਵਿਊ ਚ ਐਸਾ ਫਸਿਆ ਕਿ “ਆਮਦਨ ਅਠਿਆਨੀ,ਖਰਚ ਰੁਪਈਆ'” ਮੇਰੇ ਤੇ ਪੂਰੀ ਢੁਕਦੀ ਆ। ਆਹ ਗਾਉਣ ਵਾਲਿਆਂ ਨੇ ਜੇਬ ਚ ਛਡਿਆ ਈ ਕੁਸ਼ ਨੀ। ਜਿਹੜੇ ਦੋ ਰੁਪਈਏ ਬਚਦੇ ਨੇ ,ਖੀਸੇ ਚੋਂ ਕਢ ਮੈਂ ਮੱਥਾ ਟੇਕ ਆਓਨਾ।ਇਹ ਚਿੱਟੇ ਕਪੜੀਏ ਬਾਬਿਆਂ ਵੀ ਮੇਰਾ ਕੁਝ ਨੀ ਸੰਵਾਰਿਆ। ਮੇਰੇ ਨਿਆਣੇ ਪੜਾਈ ਚ ਪਛੜਗੇ ,ਹੁਣ ਕੋਈ ਨੌਕਰੀ ਨਾ ਮਿਲਣ ਕਰਕੇ ਵਿਦੇਸ਼ਾਂ ਵਲ ਨੂੰ ਮੁੰਹ ਕਰ ਲਿਆ। ਮੇਰੀ ਹਾਲਤ ਹੁਣ between Devil and sea ਵਾਲੀ ਐ।ਜਨਮ ਭੂਮੀ ਨਾਲੋਂ ਟੁਟਣਾ ਮੈਨੂੰ ਮੌਤ ਬਰਾਬਰ ਲਗ ਰਿਹੈ। ਕਿਸੇ ਨੇ ਮੇਰੀ ਇਸ ਮਾਯੂਸੀ ਤੇ ਤਬਸਰਾ ਵੀ ਨੀ ਕੀਤਾ।

ਹਰ ਸਾਲ ਕੋਈ ਦਸ ਤੋਂ ਬਾਰਾਂ ਹਜਾਰ ,ਮੇਰੇ ਸਾਥੀ ਆਪਣੇ ਹਾਲਾਤਾਂ ਤੋਂ ਅੱਕੇ ਆਤਮ -ਹਤਿਆ ਕਰ ਜਾਂਦੇ ਨੇ।ਅੱਗੜ-ਪਿੱਛੜ ਅਸੀਂ ਸਾਰੇ ਓਸੇ ਰਸਤੇ ਤੇ ਚਲ ਰਹੇ ਹਾਂ।ਮੀਡੀਆ ਵੀ ਸਾਡੀ ਸਾਰ ਤਾਂ ਲਵੇ ਜੇ ਇਹਨੂੰ ਮੁੰਬਈ ਫਿਲਮ ਵਾਲਿਆਂ ਤੋਂ ਵਿਹਲ ਮਿਲੇ। ਔਖਾ ਸੌਖਾ ਹਰ ਛਿਮਾਹੀ ਜੋ ਫਸਲ ਮੈਂ ਆੜਤੀਆਂ ਦੇ ‘ ਸੁੱਟ ‘ ਜਾਂਦਾ ਸੀ ,ਵਿਕ ਜਾਂਦੀ ਸੀ। ਪਰ ਆਹ ਨਵੇਂ ਕਨੂੰਨ ਤਾਂ ,ਕਹਿੰਦੇ,ਦਾਣਾ ਮੰਡੀਆਂ ਦਾ ਖਾਤਮਾ ਹੀ  ਕਰ ਦੇਣਗੇ। ਭਾਵੇਂ ਤਹਾਨੂੰ ਮੈਂ ਜਿਉਂਦਾ ਲਗਦਾਂ,ਪਰ ਆਖਰੀ ਸਾਹਾਂ ਤੇ ਹਾਂ। ਕੰਨ ਖੋਲ ਕੇ ਸੁਣ ਲਓ ,ਖੇਤਾਂ ਚ ਅਨਾਜ ਪੈਦਾ ਕਰਨ ਦਾ ਕੰਮ ਕਿਸੇ ਤੋ ਨੀਂ ਹੋਣਾ–ਫਿਰ ਜਦ ਭੁੱਖੇ ਮਰੋਂਗੇ ਤਾ ਜਟ ਯਾਦ ਆਊਗਾ । ਰਬ ਤੁਹਾਡੀ ਭਲੀ ਕਰੇ।

ਮੈਂ ਤੇ ਮੇਰੇ ਲਖਾਂ ਸਾਥੀ ਦਿੱਲੀ ਦੀਆਂ ਬਰੂਹਾਂ ਤੇ ਹਥ ਜੋੜ ਕੇ ਆਪਣੇ ਦੁੱਖਾਂ ਦੀ ਦਾਸਤਾਨ ਸੁਨਾਓਣ ਲਈ ਬੈਠੇ ਆਂ। ਇਹ ਨਵੀਂ ਦਿੱਲੀ ਸਾਡੀਆਂ ਜਮੀਨਾਂ ਗ੍ਰਹਿਣ ਕਰਕੇ ਹੀ ਬਣੀ ਹੈ।ਰਾਜਧਾਨੀ ਚ ਵਸਦੇ ਵੀ ਸਾਡਾ ਉਗਾਇਆ ਕਣਕ -ਚੌਲ ਖਾਂਦੇ ਨੇ।ਰਬ ਦਾ ਵਾਸਤਾ ,ਸਾਡੀ ਅਰਜੋਈ ਸੁਣੋ ਅਤੇ ਕਿਸਾਨਾਂ -ਕਿਰਤੀਆਂ ਦੀ ਫਤਹਿ ਦਾ ਜੈਕਾਰਾ ਬੁਲਾਓ।

 
By : G.K. Singh